ਜ਼ਿੰਦਗੀ ਭਰਪੂਰ ਕਿਤਾਬ “ਵਾਹ ਜ਼ਿੰਦਗੀ !”
ਖੰਨਾ , 30 ਜੂਨ 2023 : ਜ਼ਿੰਦਗੀ ਦੇ ਤਜ਼ਰਬਿਆਂ ‘ਚੋਂ ਜਿਹੜੀਆਂ ਗੱਲਾਂ ਸਿੱਖੀਆਂ-ਸਿਖਾਈਆਂ ਜਾਂਦੀਆਂ ਹਨ ਉਨ੍ਹਾਂ ਦਾ ਅਸਰ ਸਦੀਵੀਂ ਹੁੰਦਾ ਹੈ। ਜੇਕਰ ਕੋਈ ਗੱਲ ਨਿੱਜੀ ਤਜ਼ਰਬਿਆਂ, ਕਹਾਣੀਆਂ, ਉਦਾਹਰਣਾਂ ਅਤੇ ਸਵਾਦਲੀਆਂ ਬਾਤਾਂ ਰਾਹੀਂ ਦੱਸੀ/ਸੁਣਾਈ/ਸਿਖਾਈ ਜਾਵੇ ਤਾਂ ਇਹ ਸਮਝ ਵੀ ਸੌਖੀ ਪੈ ਜਾਂਦੀ ਹੈ ਅਤੇ ਇਸ ਦਾ ਪ੍ਰਭਾਵ ਵੀ ਅਸਰਦਾਰ ਹੁੰਦਾ ਹੈ।
ਨਰਿੰਦਰ ਪਾਲ ਸਿੰਘ ਜਗਦਿਓ ਦੀ ਨਵੀਂ ਕਿਤਾਬ “ਵਾਹ ਜ਼ਿੰਦਗੀ !” ਅਜਿਹੀਆਂ ਹੀ ਗੱਲਾਂ, ਘਟਨਾਵਾਂ ਅਤੇ ਯਾਦਾਂ ਦਾ ਇਕ ਸੰਗ੍ਰਿਹ ਹੈ ਜੋ ਹਰ ਉਮਰ ਵਰਗ ਦੇ ਪਾਠਕ ਨੂੰ ਧਿਆਨ ਵਿਚ ਰੱਖ ਕੇ ਲਿਖੀ ਗਈ ਹੈ। ਇਸ ਕਿਤਾਬ ਵਿਚ 50 ਲੇਖ ਸ਼ਾਮਲ ਹਨ ਜੋ ਜ਼ਿੰਦਗੀ ਦੇ ਵੱਖ-ਵੱਖ ਰੰਗਾਂ, ਸੰਘਰਸ਼ਾਂ, ਪ੍ਰਾਪਤੀਆਂ ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਵਿਲੱਖਣ ਤੇ ਰੌਚਕ ਸ਼ੈਲੀ ਵਿਚ ਪੇਸ਼ ਕਰਦੇ ਹਨ।
ਲੇਖਕ ਦਾ ਕਹਿਣਾ ਹੈ ਕਿ ਕਈ ਵਾਰ ਜ਼ਿੰਦਗੀ ਦੀਆਂ ਮੁਸ਼ਕਿਲਾਂ ਰਾਹਾਂ ਨੂੰ ਪਾਰ ਕਰਨ ਲਈ ਸਾਨੂੰ ਛੋਟੇ ਜਿਹੇ ਸਹਾਰੇ, ਹੌਂਸਲੇ ਜਾਂ ਫਿਰ ਹਿੰਮਤ ਭਰੇ ਦੋ ਸ਼ਬਦਾਂ ਦੀ ਲੋੜ ਹੁੰਦੀ ਹੈ ਅਤੇ ਪਾਠਕਾਂ ਨੂੰ ਇਹ ਸਾਰਾ ਕੁਝ “ਵਾਹ ਜ਼ਿੰਦਗੀ !” ਦੇ ਪੰਨਿਆਂ ‘ਚੋਂ ਮਿਲ ਜਾਵੇਗਾ। ਕਿਤਾਬ ਪਾਠਕਾਂ ਨੂੰ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ।
ਇਹ ਕਿਤਾਬ ਉਦਾਹਰਣਾਂ, ਨਿੱਜੀ ਤਜਰਬਿਆਂ ਅਤੇ ਛੋਟੀਆਂ-ਛੋਟੀਆਂ ਕਹਾਣੀਆਂ ਨਾਲ ਗੱਲ ਨੂੰ ਅੱਗੇ ਤੋਰਦੀ ਹੈ ਜਿਸ ਨਾਲ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰਨਗੇ।
"ਵਾਹ ਜ਼ਿੰਦਗੀ !" ਵਿਚ ਜੀਵਨ ਦੀਆਂ ਛੋਟੀਆਂ, ਸਧਾਰਣ ਤੇ ਆਮ ਗੱਲਾਂ, ਘਟਨਾਵਾਂ, ਸਮ੍ਰਿਤੀਆਂ ਅਤੇ ਯਾਦਾਂ ਨੂੰ ਰੌਚਕ ਲੇਖਣ ਸ਼ੈਲੀ ਨਾਲ ਪੇਸ਼ ਕੀਤਾ ਗਿਆ ਹੈ। ਛੋਟੇ-ਛੋਟੇ ਵਾਕ ਅਤੇ ਆਮ ਸ਼ਬਦਾਵਲੀ ਪਾਠਕਾਂ ਨੂੰ ਆਪਣੇ ਨਾਲ ਤੋਰੀ ਰੱਖਦੇ ਹਨ।
ਨਰਿੰਦਰ ਪਾਲ ਸਿੰਘ ਜਗਦਿਓ ਅਨੁਸਾਰ ਇਹ ਕਿਤਾਬ ਪਾਠਕਾਂ ਦੀ ਜ਼ਿੰਦਗੀ ਵਿਚ ਸਾਕਾਰਾਤਮਕ ਬਦਲਾਅ ਲਿਆਉਣ ਦੀ ਤਾਕਤ ਰੱਖਦੀ ਹੈ। ਇਸ ਤੋਂ ਇਲਾਵਾ ਕਿਤਾਬ ਵਿਚਲੀਆਂ ਬਹੁਤ ਸਾਰੀਆਂ ਗੱਲਾਂ, ਘਟਨਾਵਾਂ ਅਤੇ ਕਿੱਸੇ ਪਾਠਕ ਵਾਰ-ਵਾਰ ਪੜ੍ਹਨ ਲਈ ਮਜਬੂਰ ਹੋਣਗੇ।
ਖੰਨਾ ਨਿਵਾਸੀ ਨਰਿੰਦਰ ਪਾਲ ਸਿੰਘ ਜਗਦਿਓ ਪੰਜਾਬ ਸਰਕਾਰ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ਉੱਤੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਹਨ। ਪੰਜਾਬੀ ਅਖ਼ਬਾਰਾਂ ਵਿਚ ਮਿਡਲ ਲੇਖਕ ਵਜੋਂ ਉਨ੍ਹਾਂ ਦੀ ਪਹਿਲਾਂ ਹੀ ਚੰਗੀ ਪਛਾਣ ਹੈ। ਇਸ ਕਿਤਾਬ ਨੂੰ ਮੋਹਾਲੀ ਦੇ ਯੂਨੀਸਟਾਰ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਅਮਰੀਕਾ-ਕੈਨੇਡਾ ਵਿੱਚ ਇਹ ਕਿਤਾਬ ਐਮਾਜ਼ੋਨ ਉੱਤੇ ਉਪਲੱਬਧ ਹੈ। ਜਲਦ ਹੀ ਆਸਟ੍ਰੇਲੀਆ ਵਿਚ ਵੀ ਇਹ ਕਿਤਾਬ ਆਨਲਾਈਨ ਉਪਲੱਬਧ ਹੋਵੇਗੀ।