ਮੰਗਾ ਬਾਸੀ ਦੀ ਕਾਵਿ-ਪੁਸਤਕ “ਮਾਂ ਕਹਿਤੀ ਥੀ” ਦਾ ਲੋਕ ਅਰਪਣ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 24 ਦਸੰਬਰ 2021- ਮੰਗਾ ਬਾਸੀ ਦੀ ਹਿੰਦੀ ਵਿਚ ਅਨੁਵਾਦ ਕੀਤੀ ਗਈ ਪੁਸਤਕ “ਮਾਂ ਕਹਿਤੀ ਥੀ” ਗੁਲਾਟੀ ਪਬਲਿਸ਼ਰਜ਼ ਲਿਮਟਿਡ, ਸਰੀ ਅਤੇ ਵੈਨਕੂਵਰ ਵਿਚਾਰ ਮੰਚ ਵੱਲੋਂ ਰਿਲੀਜ਼ ਕੀਤੀ ਗਈ। ਮੰਗਾ ਬਾਸੀ ਦੇ ਖੂਬਸੂਰਤ ਪੰਜਾਬੀ ਕਾਵਿ-ਸੰਗ੍ਰਹਿ “ਮਾਂ ਕਹਿੰਦੀ ਸੀ” ਦਾ ਹਿੰਦੀ ਅਨੁਵਾਦ ਡਾ. ਗੁਰਜੀਤ ਕੌਰ (ਦਿੱਲੀ) ਦੁਆਰਾ ਕੀਤਾ ਗਿਆ ਹੈ। ਕੋਵਿਡ-19 ਦੀਆਂ ਨਵੀਆਂ ਪਾਬੰਦੀਆਂ ਲਾਗੂ ਹੋ ਜਾਣ ਕਾਰਨ ਇਕ ਸੰਖੇਪ ਸਮਾਗਮ ਵਿਚ ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਲੇਖਕ ਮੰਗਾ ਬਾਸੀ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਸਤੀਸ਼ ਗੁਲਾਟੀ ਅਤੇ ਹਰਦਮ ਸਿੰਘ ਮਾਨ ਨੇ ਅਦਾ ਕੀਤੀ। ਪੁਸਤਕ ਦੇ ਹਿੰਦੀ ਵਿਚ ਹੋਏ ਅਨੁਵਾਦ ਨੂੰ ਮੰਗਾ ਬਾਸੀ ਦੀ ਵਿਸ਼ੇਸ਼ ਪ੍ਰਾਪਤੀ ਦਸਦਿਆਂ ਸਭਨਾਂ ਲੇਖਕਾਂ ਨੇ ਮੁਬਾਰਕਬਾਦ ਦਿੱਤੀ।
ਵਰਨਣਯੋਗ ਹੈ ਕਿ ਮੰਗਾ ਬਾਸੀ ਦੀ ਇਹ ਰਚਨਾ ਮੂਲਵਾਸ ਤੇ ਪਰਵਾਸ ਦਾ ਦਰਦ ਹੰਢਾਉਂਦੇ ਹਰ ਮਾਨਵ ਦੀ ਕਹਾਣੀ ਹੈ ਜਿਸ ਵਿਚ ਮੰਗਾ ਬਾਸੀ ਨੇ ਪਰਵਾਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦੀ ਵਾਰਤਾ ਨੂੰ ਆਪਣੀ ਕਵਿਤਾ ਵਿਚ ਬਹੁਤ ਹੀ ਕਲਾਮਈ ਢੰਗ ਨਾਲ ਪੇਸ਼ ਕੀਤਾ ਹੈ। ਇਸ ਵਿਚ ਮੋਹ-ਮਮਤਾ ਦੀ ਲੰਬੀ ਦਾਸਤਾਨ ਹੈ, ਮਾਂ ਦੇ ਸੁੱਖ ਸੁਨੇਹੇ,ਪੀੜਾਂ ਅਤੇ ਨਸੀਹਤਾਂ ਹਨ। ਇਸ ਵਿਚ ਹੱਡਬੀਤੀਆਂ, ਜੱਗਬੀਤੀਆਂ ਦੇ ਕਿੱਸੇ, ਰਿਸ਼ਤਿਆਂ ਦੀ ਦਲਦਲ, ਹੇਰਵੇ, ਪਿੰਡਾਂ ਦਾ ਇਤਿਹਾਸ, ਸਮਾਜਿਕ ਤੇ ਰਾਜਨੀਤਕ ਚੌਗਿਰਦਾ, ਕੈਨੇਡਾ ਦੇ ਮੂਲਵਾਸੀਆਂ, ਪੁਰਖਿਆਂ ਦੀਆਂ ਦੁਸ਼ਵਾਰੀਆਂ, ਨਸਲੀ ਵਿਤਕਰੇ ਦੀ ਦਾਸਤਾਨ ਬਾਖੂਬੀ ਪੇਸ਼ਕਾਰੀ ਕੀਤੀ ਗਈ ਹੈ।
ਮੰਗਾ ਬਾਸੀ ਨੇ ਇਸ ਉਦਮ ਲਈ ਗੁਲਾਟੀ ਪਬਲਿਸ਼ਰਜ਼ ਸਰੀ ਦੇ ਸਤੀਸ਼ ਗੁਲਾਟੀ ਅਤੇ ਵੈਨਕੂਵਰ ਵਿਚਾਰ ਮੰਚ ਦੇ ਸਭਨਾਂ ਮੈਂਬਰਾਂ ਦਾ ਧੰਨਵਾਦ ਕੀਤਾ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com