ਸਰਕਾਰਾਂ, ਸਾਹਿਤਕਾਰਾਂ, ਕਲਾਕਾਰਾਂ ਤੇ ਲੇਖਕਾਂ ਨੇ ਮਿਲ ਕੇ ਵਿਸਾਰਿਆ, ਪੰਜਾਬ ਦਾ ਮਹਾਨ ਵਿਰਾਸਤੀ ਨਾਇਕ, ਸੂਫ਼ੀ ਕਿੱਸਾਕਾਰ ; ਸੱਯਦ ਵਾਰਿਸ ਸ਼ਾਹ : ਬੀਰ ਦਵਿੰਦਰ ਸਿੰਘ
ਬਾਬੂਸ਼ਾਹੀ ਨੈੱਟਵਰਕ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) 23 ਫਰਵਰੀ 2022-ਇਹ ਇੱਕ ਖੇਦਜਨਕ ਸੱਚ ਹੈ ਕਿ ਸਮੇਂ ਦੀਆਂ ਸਰਕਾਰਾਂ, ਪੰਜਾਬ ਦੇ ਭਾਸ਼ਾ ਵਿਭਾਗ, ਪੰਜਾਬ ਦੀਆਂ ਯੂਨੀਵਰਸਿਟੀਆਂ, ਸਾਹਿਤਕਾਰਾਂ, ਕਲਾਕਾਰਾਂ, ਲੇਖਕਾਂ ਤੇ ਪੰਜਾਬ ਆਰਟਸ ਕੌਂਸਲ ਦੇ ਅਹੁਦੇਦਾਰਾਂ ਨੇ ਮਿਲ ਕੇ ਵਿਸਾਰਿਆ ਪੰਜਾਬ ਦਾ ਮਹਾਨ ਵਿਰਾਸਤੀ ਨਾਇਕ, ਸੂਫ਼ੀ ਕਿੱਸਾਕਾਰ, ਹੀਰ-ਵਾਰਿਸ ਦਾ ਕਰਤਾ ; ਸੱਯਦ ਵਾਰਿਸ ਸ਼ਾਹ।
ਪੰਜਾਬ ਦੀਆਂ ਪੁਰਾਤਨ ਤੇ ਅਮਰ ਲੋਕ-ਗਾਥਾਵਾਂ ਦੇ ਮਹਾਨ ਨਾਇਕ, ਸੱਯਦ ਵਾਰਿਸ ਸ਼ਾਹ ਦਾ ਜਨਮ ਅੱਜ ਤੋਂ 300 ਵਰ੍ਹੇ ਪਹਿਲਾਂ, ਨਾਮਵਰ ਸੱਯਦ ਖਾਨਦਾਨ ਵਿੱਚ, ਪਿੰਡ ਜੰਡਿਆਲਾ ਸ਼ੇਰਖਾਨ (ਸ਼ੇਖੂਪੁਰਾ) ਜੋ ਹੁਣ ਪਾਕਿਸਤਾਨ ਵਿੱਚ ਹੈ, 23 ਜਨਵਰੀ 1722 ਨੂੰ ਹੋਇਆ ਸੀ। ਵਾਰਿਸ ਨੇ ਹਾਲੇ ਜਵਾਨੀ ਦੀ ਦਹਿਲੀਜ਼ ਤੇ ਪੈਰ ਹੀ ਧਰਿਆ ਹੀ ਸੀ ਕਿ ਉਸਦੇ ਮਾਤਾ ਪਿਤਾ ਗੁਜ਼ਰ ਗਏ। ਵਾਰਿਸ ਦੇ ਪਿਤਾ ਦਾ ਨਾਮ ਗ਼ੁਲਸ਼ੇਰ ਸ਼ਾਹ ਅਤੇ ਮਾਤਾ ਦਾ ਨਾਮ ਕਮਾਲ ਬਾਨੋ ਸੀ।ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਵਾਰਿਸ ਸ਼ਾਹ ਨੇ ਅੰਤਾਂ ਦੀ ਉਦਾਸੀ ਦੇ ਆਲਮ ਵਿੱਚ ਆਪਣਾ ਪਿੰਡ ਤੇ ਘਰ ਬਾਰ ਛੱਡ ਦਿੱਤਾ ਤੇ ਕਿਸੇ ਨਿਪੁੰਨ ਰੁਹਾਨੀ ਰਾਹਬਰੀ ਦੀ ਤਲਾਸ਼ ਵਿੱਚ ਦਰ-ਬ-ਦਰ ਭਟਕਦਾ ਰਿਹਾ। ਅੰਤ ਉਸਨੇ ਕਸੂਰ ਦੇ ਹਾਫ਼ਿਜ਼ ਗ਼ੁਲਾਮ ਮੁਰਤਜ਼ਾ ਨੂੰ ਆਪਣਾ ਉਸਤਾਦ ਧਾਰਨ ਕਰ ਲਿਆ ਤੇ ਉਸੇ ਪਾਸੋਂ ਹਰ ਕਿਸਮ ਦੀ ਤਾਲੀਮ ਹਾਸਲ ਕੀਤੀ।
ਸੱਯਦ ਵਾਰਿਸ਼ ਸ਼ਾਹ ਨੇ, ਚਿਸ਼ਤੀ ਪੱਧਤੀ ਦੀ ਤਜਵੀਜ਼ ਅਨੁਸਾਰ, ਹੀਰ-ਰਾਂਝੇ ਦੇ ਇਸ਼ਕ ਤੇ ਮਬਨੀ, , ਸ਼ਾਹਕਾਰੀ ਕਿੱਸਾ-ਕਾਵ, ਹੀਰ-ਵਾਰਿਸ ਦੇ ਸਿਰਲੇਖ ਹੇਠ ਕਲਮਬੰਦ ਕੀਤਾ, ਜੋ ਏਨਾ ਮਕਬੂਲ ਹੋਇਆ ਕਿ ਲੋਕਾਂ ਦੀ ਜ਼ੁਬਾਨ ਤੇ ਮੁਹਾਵਰਾ ਬਣਕੇ ਉੱਕਰਿਆ ਗਿਆ ਅਤੇ ਅੱਜ ਵੀ ਲਗਪਗ 250 ਸਾਲ ਬੀਤ ਜਾਣ ਤੋਂ ਬਾਅਦ ਵੀ ਉਸਦੀ ਮਕਬੂਲੀਅਤ ਅਤੇ ਸੱਜਰਾਪਣ ਜਿਉਂ ਦਾ ਤਿਉਂ ਹੈ।
ਪਰ ਇਹ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੇ ਇਸ ਮਹਾਨ ਨਾਇਕ, ਸੂਫ਼ੀ ਕਿੱਸਾਕਾਰ ਦਾ 300ਵਾਂ ਯਾਦਗਾਰੀ ਜਨਮ ਦਿਹਾੜਾ, ਸਮੇਂ ਦੀ ਸਰਕਾਰ, ਸਾਹਿਤਕਾਰਾਂ ਤੇ ਕਲਮਗੀਰਾਂ ਦੀ ਕਿਸੇ ਵੀ ਵੱਡੀ ਅੰਜੁਮਨ ਦੀ ਤਵੱਜੋ ਦਾ ਮਰਕਜ਼ ਕਿਉਂ ਨਹੀਂ ਬਣ ਸਕਿਆ ? ਪੰਜਾਬ ਦੇ ਲੇਖਕਾਂ ਦੀ ਸਭ ਤੋਂ ਪੁਰਾਣੀ ਤੇ ਵੱਡ ਅਕਾਰੀ, ਪੰਜਾਬੀ ਸਾਹਿਤ ਅਕੈਡਮੀ, ਜਿਸਦਾ ਸਦਰ ਮੁਕਾਮ ਲੁਧਿਆਣਾਂ ਵਿੱਚ ਹੈ, ਨੇ ਵੀ ਸੱਯਦ ਵਾਰਿਸ ਸ਼ਾਹ ਨੂੰ ਉਸ ਦੇ ਯਾਦਗਾਰੀ ਜਨਮ ਦਿਹਾੜੇ ਤੇ ਚੇਤੇ ਕਰਨਾ ਮੁਨਾਸਿਬ ਨਹੀਂ ਸਮਝਿਆ । ਪੰਜਾਬ ਦੀ ਸਰਕਾਰੀ ਆਰਟਸ ਕੌਂਸਲ ਜਿਸ ਦੇ ਸਾਹਿਬ-ਏ-ਸਦਰ ਜਨਾਬ ਸੁਰਜੀਤ ਪਾਤਰ ਜੀ ਹਨ ਤੇ ਉਹ ਖੁਦ ਵੀ ਵੱਡੇ ਸ਼ਾਇਰ ਹੋਣ ਦੀ ਹੈਸੀਅਤ ਵਿੱਚ ‘ਵਾਰਿਸਾਂ ਦੇ ਵਾਰਿਸ’ ਹਨ, ਉਨ੍ਹਾਂ ਨੇ ਵੀ ਇਸ ਪਾਸੇ ਨਾ ਤਾਂ ਸਰਕਾਰ ਦੀ ਤਵੱਜੋ ਨੁੰ ਆਕਰਸ਼ਿਤ ਕੀਤਾ ਅਤੇ ਨਾ ਹੀ ਪੰਜਾਬ ਆਰਟਸ ਕਂੌਸਲ ਵੱਲੋਂ, ਇਸ ਸੂਫ਼ੀ ਕਿੱਸਾਕਾਰ ਦਾ, 300ਵਾਂ ਯਾਦਗਾਰੀ ਜਨਮ ਦਿਹਾੜਾ ਸ਼ਾਨਾਂਮੱਤੇ ਢੰਗ ਨਾਲ ਮਨਾਉਂਣ ਲਈ ਕੋਈ ਉਪਰਾਲਾ ਕੀਤਾ ਹੈ। ਹੁਣ ਜੇ ਅਜਿਹੇ ਯਾਦਗਾਰੀ ਮਰਹਲੇ , ਯਾਦ ਕਰਨ ਸਮੇਂ, ਸਰਕਾਰਾਂ ਅਤੇ ਸਰਕਾਰ ਦੀਆਂ ਯੂਨੀਵਰਸਿਟੀਆਂ, ਕਲਾ ਕੌਸਲਾਂ ਤੇ ਸਰਕਾਰ ਦਾ ਭਾਸ਼ਾ ਵਿਭਾਗ, ਸਾਰੇ ਹੀ ਗਫ਼ਲਤਾਂ ਦੀ ਗੂੜ੍ਹੀ ਨੀਂਦ ਵਿੱਚ ਗਵਾਚੇ ਹੋਣ ਤਾਂ ਫੇਰ ਪੰਜਾਬ ਦੇ ਭਾਸ਼ਾਈ ਸੱਭਿਆਚਾਰ, ਭਾਸ਼ਾਈ ਵਿਕਾਸ, ਪੰਜਾਬ ਦੀਆਂ ਕੋਮਲ ਕਲਾਵਾਂ, ਲੋਕ-ਗਾਥਾਵਾਂ ਤੇ ਲੋਕ ਕਲਾ-ਕ੍ਰਿਤੀਆਂ ਦੀ ਪਾਸਬਾਨੀ ਕੌਣ ਕਰੇਗਾ ? ਆਖਿਰ ਪੰਜਾਬ ਦੇ ਕਲਾਤਮਕ ਵਿਰਸੇ ਨਾਲ ਸਬੰਧਤ, ਸੂਖ਼ਮ ਸਰੋਕਾਰਾਂ ਨੁੰ ਕੌਣ ਮੁਖਤਿਬ ਹੋਵੇਗਾ ?
ਵਾਰਸਿ ਸ਼ਾਹ ਦੇ 300ਵੇਂ ਯਾਦਗਾਰੀ ਜਨਮ ਦਿਹਾੜੇ ਨੂੰ ਵਿਸਾਰਨ ਵਿੱਚ ਲਹਿੰਦੇ ਪੰਜਾਬ (ਪਾਕਿਸਤਾਨ) ਵਾਲਿਆਂ ਨੇ ਵੀ ਕੋਈ ਘੱਟ ਗਫ਼ਲਤ ਨਹੀਂ ਵਿਖਾਈ। ਹੀਰ-ਵਾਰਿਸ ਦਾ ਸ਼ਾਹਕਾਰੀ ਕਿੱਸਾ ਪੰਜਾਬੀਆਂ ਦੀ ਸਾਂਝੀ ਵਿਰਾਸਤ ਹੈ, ਇਹ ਪੰਜਾਬ ਦੀਆਂ ਪੁਰਾਤਨ ਲੋਕ-ਗਾਥਾਵਾਂ ਦੀ ‘ਸਤਰੰਗੀ ਕਹਿਕਸ਼ਾਂ’ ਦਰਮਿਆਨ, ਇੱਕ ਜਲਵਾ-ਅਫ਼ਰੋਜ਼ ਸ਼ਾਹਕਾਰ ਹੈ, ਜਿਸ ਨੂੰ ਮੁਲਕਾਂ ਦੀਆਂ ਸਰਹੱਦੀ ਲਕੀਰਾਂ ਵਿੱਚ ਤਕਸੀਮ ਨਹੀਂ ਕੀਤਾ ਜਾ ਸਕਦਾ। ਚੰਗਾ ਹੋਵੇਗਾ ਜੇ ਦੋਹਵੇਂ ਪੰਜਾਬ ਆਪਣੀ ਇਸ ਬਜ਼ਾਹਰਾ ਗ਼ਲਤੀ ਨੂੰ ਹਾਲੇ ਵੀ ਸੁਧਾਰ ਲੈਣ ਅਤੇ ਵਾਰਿਸ ਸ਼ਾਹ ਹੋਰਾਂ ਨੂੰ ਯਾਦ ਕਰਨ ਲਈ, ਸਾਲ 2022 ਦੇ ਰਹਿੰਦਿਆਂ, ਕੋਈ ਚੰਗੇ ਯਾਦਗਾਰੀ ਸਮਾਗਮ ਉਲੀਕ ਲੈਣ ਤਾਂ ਕਿ ਪੰਜਾਬ ਦੀ ਮਕਬੂਲ ਲੋਕ-ਗਾਥਾ, ‘ਹੀਰ-ਵਾਰਿਸ ਸ਼ਾਹ’ ਨੂੰ ਪੰਜਾਬੀਆਂ ਵੱਲੋਂ ਬਣਦਾ ਤੇ ਢੁਕਵਾਂ ਸਜਦਾ ਕੀਤਾ ਜਾ ਸਕੇ।
ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ
ਸੰਪਰਕ : 9814033362