ਸਵ. ਲੋਕ ਗਾਇਕ ਕਰਤਾਰ ਰਮਲਾ ਦੀ ਜ਼ਿੰਦਗੀ ਦੇ ਸਫ਼ਰ ਤੇ ਅਧਾਰਿਤ ਕਿਤਾਬ 'ਗੀਤਾਂ ਦੀ ਖੁਸ਼ਬੋ' ਰਿਲੀਜ਼
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 20 ਮਾਰਚ 2022 - ਫ਼ਰੀਦਕੋਟ ਦੇ ਦੇਸ਼-ਵਿਦੇਸ਼ 'ਚ ਪੰਜਾਬੀ ਸੰਗੀਤ 'ਚ ਆਪਣੀ ਨਿਵੇਕਲੀ ਥਾਂ ਬਣਾਉਣ ਵਾਲੇ ਸਵਰਗੀ ਗਾਇਕ ਕਰਤਾਰ ਰਮਲਾ ਦੇ ਸੰਘਰਸ਼ਮਈ ਜੀਵਨ ਦੇ ਸਫ਼ਰ ਨੂੰ ਬਿਆਨ ਕਰਦੀ ਪੁਸਤਕ 'ਗੀਤਾਂ ਦੀ ਖੁਸ਼ਬੋ' ਨੂੰ ਲੋਕ ਗਾਇਕ ਕਰਤਾਰ ਰਮਲਾ ਦੀ ਬਰਸੀ ਮੌਕੇ ਸ਼ਾਹਬਾਜ ਨਗਰ ਫ਼ਰੀਦਕੋਟ ਵਿਖੇ ਉਨ੍ਹਾਂ ਦੀ ਰਿਹਾਇਸ਼ ਤੇ ਕੀਤੇ ਗਏ ਸਾਦਾ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ । ਇਸ ਪੁਸਤਕ 'ਚ ਦੋਗਾਣਾ ਗਾਇਕੀ ਦੇ ਥੰਮ੍ਹ ਮੰਨੇ ਜਾਂਦੇ 'ਕਰਤਾਰ ਰਮਲਾ' ਦੀ ਗਾਇਕੀ ਦੇ ਸਾਢੇ ਪੰਜ ਦਹਾਕਿਆਂ ਦਾ ਸਫਰ ਬਿਆਨ ਕੀਤਾ ਗਿਆ ਹੈ ।
ਇਹ ਜਾਣਕਾਰੀ ਦਿੰਦਿਆਂ ਕਿਤਾਬ ਦੇ ਲੇਖਕ ਪ੍ਰਸਿੱਧ ਗੀਤਕਾਰ ਸੇਖੋਂ ਜੰਡਵਾਲਾ ਨੇ ਦੱਸਿਆ ਕਿ ਕਰਤਾਰ ਰਮਲਾ ਦੀਆਂ ਯਾਦਾਂ ਤੇ ਵੱਡਮੁੱਲੇ ਵਿਚਾਰ ਸਮੁੱਚੇ ਪੰਜਾਬ ਅਤੇ ਵਿਦੇਸ਼ਾਂ 'ਚ ਵਸਦੇ ਉਸਦੇ ਚਾਹੁਣ ਵਾਲਿਆਂ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਤੋਂ ਇਕੱਠੇ ਕਰਕੇ , ਇਸ ਕਿਤਾਬ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਕਿਹਾ ਇਸ ਕਿਤਾਬ ਦੇ ਕਾਰਜ 'ਚ ਮੇਰੇ ਰਾਹ ਦਸੇਰੇ ਅਤੇ ਸਹਿਯੋਗੀ ਸੱਜਣ 'ਰਾਜਿੰਦਰ ਤੱਖਰ ਹਿੱਸੋਵਾਲ', ਇੰਦਰਜੀਤ ਗਿੱਲ ਰੂੰਮੀ, ਚਰਨਜੀਤ ਬਰਾੜ ਡਗਰੂ, ਕੇਵਲ ਸਿੰਘ ਮੱਲ੍ਹੀ, ਜੱਸ ਸੋਹਲ( ਲੱਡੂ ਗੋਗੋਆਣੀ), ਮਨਜਿੰਦਰ ਪੰਨੂ, ਗੁਰਮੀਤ ਗਿੱਲ ਮੰਡ ਵਾਲਾ, ਹਰਜੋਤ ਸੰਧੂ ਸਾਹਨੇਵਾਲ ਅਤੇ ਜਸਵਿੰਦਰ ਸਿੰਘ ਖੋਸਾ ਹੋਰਾਂ ਨੇ ਬਹੁਤ ਹੌਂਸਲਾ ਅਫ਼ਜਾਈ ਕੀਤੀ ਹੈ ।
ਸਵਰਗੀ ਲੋਕ ਗਾਇਕ ਕਰਤਾਰ ਰਮਲਾ ਦੀ ਦੂਸਰੀ ਬਰਸੀ 'ਤੇ ਪੁਸਤਕ ਰਿਲੀਜ਼ ਕਰਨ ਸਮੇਂ ਗਾਇਕਾ ਨਵਜੋਤ ਰਾਣੀ,ਗਾਇਕਾ ਊਸ਼ਾ ਕਿਰਨ, ਗਾਇਕਾ ਜੈਸਮੀਨ ਅਖਤਰ, ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ, ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਦੋਗਾਣਾ ਜੋੜੀ ਮਨਮੋਹਨ ਸਿੱਧੂ ਤੇ ਸੁਖਵੀਰ ਸੰਧੂ, ਹੈਪੀ ਰੰਦੇਵ, ਗੀਤਕਾਰ ਪ੍ਰੀਤ ਕਾਲਝਰਾਣੀ, ਵੀਡੀਓ ਨਿਰਦੇਸ਼ਕ ਵਿੱਕੀ ਬਾਲੀਵੁੱਡ, ਵੀਰੂ ਰੋਮਾਣਾ, ਰਾਮਜੀਤ ਮੌਜੀ, ਬੀ.ਐਸ.ਪ੍ਰਵਾਨਾ, ਦਿਲਬਾਗ ਹੁੰਦਲ, ਧਨਵੰਤ ਸੇਖੋਂ ਤੇ 'ਕਰਤਾਰ ਰਮਲਾ ਮੈਮੋਰੀਅਲ ਸੋਸਾਇਟੀ ਦੇ ਅਹੁਦੇਦਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।