ਰਾਜਿੰਦਰ ਕੌਰ ਦਾ ਕਾਵਿ ਸੰਗ੍ਰਹਿ 'ਚਿੱਤ ਪੱਤਰੀ' ਹੋਇਆ ਲੋਕ-ਅਰਪਣ
ਰਵੀ ਜੱਖੂ
ਚੰਡੀਗੜ੍ਹ, 10 ਸਤੰਬਰ 2023 - ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਪ੍ਰੀਸ਼ਦ ਸੈਕਟਰ 16 ਚੰਡੀਗੜ੍ਹ ਵਿਖੇ ਪ੍ਰਸਿੱਧ ਕੱਵਿਤਰੀ ਰਾਜਿੰਦਰ ਕੌਰ ਦਾ ਤਾਜ਼ਾਤਰੀਨ ਕਾਵਿ ਸੰਗ੍ਰਹਿ ਦਾ ਲੋਕ-ਅਰਪਣ ਹੋਇਆ। ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਲੇਖਕ, ਪੱਤਰਕਾਰ ਤੇ ਬੁੱਧੀਜੀਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਸਮਾਰੋਹ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਸ਼ਬਦ ਨਾਲ ਹੋਈ। ਪਿਛਲੇ ਕੁਝ ਦਿਨਾਂ ਦੌਰਾਨ ਵਿੱਛੜੀਆਂ ਸਾਹਿਤ, ਕਲਾ ਤੇ ਸਭਿਆਚਾਰ ਖੇਤਰ ਨਾਲ ਸਬੰਧਿਤ ਸ਼ਖ਼ਸੀਅਤਾਂ ਸ਼ਿਵ ਨਾਥ, ਦੇਸ ਰਾਜ ਕਾਲੀ, ਸੇਵੀ ਰਾਇਤ, ਰਮੇਸ਼ ਕੁੰਤਲ ਮੇਘ, ਦੇਵ ਕੋਹਲੀ, ਹਰਜਿੰਦਰ ਸਿੰਘ ਬੱਲ, ਡਾ. ਨਵਜੀਵਨ ਖੋਸਲਾ ਤੇ ਇਤਿਹਾਸਕਾਰ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕੰਹਿਦਿਆਂ ਰਾਜਿੰਦਰ ਕੌਰ ਨੂੰ ਛੋਟੀਆਂ ਕਵਿਤਾਵਾਂ ਦੀ ਵੱਡੀ ਸ਼ਾਇਰਾ ਦੱਸਿਆ ਤੇ ਆਖਿਆ ਕਿ ਉਨ੍ਹਾਂ ਦੀ ਕਵਿਤਾ ਅੱਖਰਾਂ ਤੇ ਸ਼ਬਦਾਂ ਦੇ ਮਿਲਾਪ ਨੂੰ ਬਾਖੂਬੀ ਪ੍ਰਗਟ ਕਰਦੀ ਹੈ।
ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਵਿਤਾ ਮੀਂਹ ਦੀਆਂ ਕਣੀਆਂ ਵਰਗੀ ਹੁੰਦੀ ਹੈ ਅਤੇ ਰਾਜਿੰਦਰ ਕੌਰ ਦੀ ਕਲਮ ਵਿੱਚ ਉਹ ਤਾਕਤ ਹੈ ਜਿਸ ਨਾਲ ਕਵਿਤਾ ਰੂਪੀ ਇਹ ਕਣੀਆਂ ਸ਼ਬਦਾਂ 'ਚ ਘੁਲਮਿਲ ਕੇ ਸਾਰਥਕ ਤੇ ਮਿਆਰੀ ਹੋ ਜਾਦੀਆਂ ਹਨ।
ਮਨਜੀਤ ਕੌਰ ਮੀਤ ਨੇ ਆਪਣੇ ਮਿੱਠੇ ਕਾਵਿਕ ਸ਼ਬਦਾਂ ਵਿੱਚ ਰਾਜਿੰਦਰ ਕੌਰ ਦੀ ਸ਼ਖ਼ਸੀਅਤ ਨਾਲ ਆਪਣਾ ਦਿਲੀ ਪਿਆਰ ਦਰਸਾਇਆ।
ਲੇਖਕ ਨਿਰੰਜਨ ਸਿੰਘ ਸੈਲਾਨੀ ਦਾ ਸੁਨੇਹਾ ਪੜ੍ਹਦਿਆਂ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਚੰਗੀ ਕਵਿਤਾ ਤੁਹਾਡੇ ਹਿਰਦੇ ਤੱਕ ਅਸਰ ਕਰਨ ਦੇ ਕਾਬਿਲ ਹੁੰਦੀ ਹੈ।
ਸੁਰਜੀਤ ਕੌਰ ਬੈਂਸ ਨੇ ਜਜ਼ਬਾਤੀ ਰੌਂਅ ਵਿੱਚ ਕਿਹਾ ਕਿ ਕਵਿਤਾ ਸਾਡੇ ਮਨ ਦੇ ਵਲਵਲਿਆਂ ਚੋਂ ਨਿਕਲੇ ਗਹਿਰ ਗੰਭੀਰ ਵਿਚਾਰਾਂ ਦਾ ਪ੍ਰਗਟਾਵਾ ਹੀ ਹੁੰਦੀ ਹੈ।
ਸਿਮਰਜੀਤ ਕੌਰ ਗਰੇਵਾਲ ਨੇ ਆਪਣੀ ਬਹੁਤ ਵਧੀਆ ਆਵਾਜ਼ ਵਿੱਚ 'ਚਿੱਤ ਪੱਤਰੀ' ਕਿਤਾਬ ਵਿਚੋਂ ਇੱਕ ਖੂਬਸੂਰਤ ਰਚਨਾ ਸੁਣਾਈ।
ਜਗਤਾਰ ਸਿੰਘ ਜੋਗ, ਦਰਸ਼ਨ ਤਿਊਣਾ ਤੇ ਧਿਆਨ ਸਿੰਘ ਕਾਹਲੋਂ ਨੇ ਵੀ ਇਸ ਕਿਤਾਬ ਚੋਂ ਕਵਿਤਾਵਾਂ ਸੁਣਾ ਕੇ ਤਾਰੀਫ਼ ਹਾਸਿਲ ਕੀਤੀ।
ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਨੇ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਸ਼ੈਲੀ ਵਿੱਚ ਰਾਜਿੰਦਰ ਕੌਰ ਦੇ ਲਿਖੇ ਟੱਪੇ ਸੁਣਾ ਕੇ ਮਹਿਫ਼ਲ ਨੂੰ ਹੋਰ ਹੀ ਰੰਗ ਦੇ ਦਿੱਤਾ।
ਜਗਦੀਪ ਕੌਰ ਨੂਰਾਨੀ ਨੇ ਕਿਹਾ ਦਿਲ ਤੇ ਅਸਰ ਕਰਨ ਵਾਲੀ ਹੀ ਅਸਲ ਕਵਿਤਾ ਹੁੰਦੀ ਹੈ।
ਡਾ. ਰਾਜਵੰਤੀ ਮਾਨ ਨੇ ਕਿਹਾ ਕਿ ਰਾਜਿੰਦਰ ਕੌਰ ਦੀ ਕਵਿਤਾ ਅਵਸਥਾ ਤੋਂ ਪਰੇ ਦੀ ਗੱਲ ਕਰਦੀ ਹੈ।
ਪਰਮਜੀਤ ਕੌਰ ਪਰਮ ਨੇ ਕਿਹਾ ਕਿ ਚੰਗੀ ਕਵਿਤਾ ਤੁਹਾਡੀ ਰਹਿਨੁਮਾਈ ਕਰਦਿਆਂ ਠੇਡੇ ਲੱਗਣ ਤੋਂ ਵੀ ਬਚਾਂਉਦੀ ਹੈ।
'ਚਿੱਤ ਪੱਤਰੀ' ਪੁਸਤਕ ਦਾ ਖੂਬਸੂਰਤ ਕਵਰ ਰਾਜਿੰਦਰ ਕੌਰ ਦੇ ਸਪੁੱਤਰ ਲੈ: ਕਰਨਲ ਮਨਿੰਦਰ ਦੀਪ ਸਿੰਘ ਨੇ ਡਿਜ਼ਾਈਨ ਕੀਤਾ ਹੈ ਜਿਸ ਵਿੱਚ ਉਹਨਾਂ ਬ੍ਰਹਿਮੰਡ ਤੋਂ ਸ਼ਬਦ ਤੱਕ ਦੇ ਸਫ਼ਰ ਨੂੰ ਦਰਸਾਇਆ ਹੈ।
ਇਸ ਮੌਕੇ ਲੇਖਿਕਾ ਦੀਆਂ ਧੀਆਂ ਨਵਨੀਤ ਕੌਰ, ਕੋਮਲ ਸੈਣੀ ਪਾਠਕ ਅਤੇ ਜੁਆਈ ਜਸਵਿੰਦਰ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਜਿਸ ਘਰ ਵਿੱਚ ਸਾਹਿਤ ਦੀ ਗੁੜ੍ਹਤੀ ਮਿਲੇ ਉਥੇ ਚੰਗੇ ਨਾਗਰਿਕ ਬਨਣ ਦੀ ਸੰਭਾਵਨਾ ਜ਼ਰੂਰ ਰੰਹਿਦੀ ਹੈ।
ਸ਼੍ਰੋਮਣੀ ਸਾਹਿਤਕਾਰਾ ਮਨਜੀਤ ਇੰਦਰਾ ਨੇ ਰਾਜਿੰਦਰ ਕੌਰ ਦੀ ਸ਼ਖ਼ਸੀਅਤ ਤੇ ਕਵਿਤਾ ਨਾਲ ਆਪਣੀ ਸਾਂਝ ਦੇ ਹਵਾਲੇ ਨਾਲ ਕਿਹਾ ਕਿ ਜਿਹੜੇ ਸ਼ਬਦ ਅੰਦਰੋਂ ਨਿਕਲਦੇ ਹਨ ਉਹ ਹੀ ਸੱਚ ਦਾ ਪ੍ਰਗਟਾਵਾ ਕਰਦੇ ਹਨ।
ਸ਼੍ਰੋਮਣੀ ਸਾਹਿਤਕਾਰ ਡਾ. ਮਨਮੋਹਨ ਸਿੰਘ ਦਾਂਊਂ ਨੇ ਕਿਤਾਬ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਮਿਆਰੀ ਕਵਿਤਾ ਇਕ ਪ੍ਰਕਿਰਿਆ ਚੋਂ ਗੁਜ਼ਰਦੀ ਹੈ ਜਿਹੜੀ ਦਿਲ ਦੇ ਰਸਤਿਓਂ ਲੰਘਦੀ ਕਾਗ਼ਜ਼ ਤੇ ਆ ਉਤਰਦੀ ਹੈ।
ਸ਼ਾਹਕਾਰ ਰਚਨਾਵਾਂ ਦੀ ਦੁਨੀਆਂ ਦੇ ਵੱਡੇ ਹਸਤਾਖਰ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਆਤਮ ਕਥਾ ਹੀ ਕਵਿਤਾ ਰੂਪ ਵਿਚ ਜਨਮ ਲੈਂਦੀ ਹੈ।
ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਆਪਣੇ ਸੰਬੋਧਨ ਵਿਚ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਰਾਜਿੰਦਰ ਕੌਰ ਦਾ ਸਾਹਿਤਕ ਸਫ਼ਰ ਕਿਸੇ ਵੀ ਲੇਖਕ ਦਾ ਪ੍ਰੇਰਨਾ ਸਰੋਤ ਬਨਣ ਦੇ ਸਮਰੱਥ ਹੈ।
ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਲੇਖਿਕਾ ਕਦੇ ਵੀ ਨਿਰਾਸ਼ਾਵਾਦੀ ਨਹੀਂ ਹੁੰਦੀ ਤੇ ਹਰਦਮ ਇਕ ਨਵੇਂ ਵਿਚਾਰ ਨਾਲ ਕਾਵਿ ਸਿਰਜਣਾ ਕਰਦੀ ਜ਼ਿੰਦਗੀ ਨੂੰ ਸਾਰਥਿਕ ਨਜ਼ਰੀਏ ਨਾਲ ਵੇਖਦੀ ਹੈ। ਰਾਜਿੰਦਰ ਕੌਰ ਦੀਆਂ ਕਿਤਾਬਾਂ ਨੇ ਪੰਜਾਬੀ ਸਾਹਿਤ ਜਗਤ ਨੂੰ ਹੋਰ ਅਮੀਰ ਕੀਤਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸ਼ਿੰਦਰਪਾਲ ਸਿੰਘ ਨੇ ਕਈ ਕਵੀਆਂ ਦੀਆਂ ਕਵਿਤਾਵਾਂ ਦੇ ਹਵਾਲੇ ਦੇ ਕੇ ਰਾਜਿੰਦਰ ਕੌਰ ਦੀ ਕਵਿਤਾ ਦੇ ਮਿਆਰ ਦੇ ਸਿਖਰ ਦੀ ਗੱਲ ਕੀਤੀ ਤੇ ਕਿਹਾ ਕਿ ਉਹ ਦਿਨ ਵੀ ਆਏਗਾ ਜਦੋਂ ਲੇਖਿਕਾ ਦੀਆਂ ਕਵਿਤਾਵਾਂ ਦੇ ਹਵਾਲੇ ਦਿੱਤੇ ਜਾਇਆ ਕਰਨਗੇ।
ਸਪਤਰਿਸ਼ੀ ਪਬਲੀਕੇਸ਼ਨ ਵੱਲੋਂ ਡਾ. ਬਲਦੇਵ ਸਿੰਘ ਨੇ ਕਿਤਾਬ ਚੋਂ ਸਤਰਾਂ ਦਾ ਉਲੇਖ ਦੇ ਕੇ ਲੇਖਿਕਾ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।
ਆਪਣੇ ਧੰਨਵਾਦੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਚੰਗਾ ਸਾਹਿਤ ਲਗਾਤਾਰ ਲਿਖਿਆ ਜਾਣਾ ਚਾਹੀਦਾ ਹੈ ਤੇ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਕਿਤਾਬ ਪੜ੍ਹਨ ਦੀ ਪਿਰਤ ਆਂਉਦੀਆਂ ਪੀੜ੍ਹੀਆਂ ਤੱਕ ਬਰਕਰਾਰ ਰਵ੍ਹੇ।
ਭਰਵੇਂ ਸਮਾਗਮ ਵਿੱਚ ਮੌਜੂਦ ਅਦਬੀ ਸ਼ਖ਼ਸੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਡਾ. ਦਵਿੰਦਰ ਸਿੰਘ ਬੋਹਾ, ਦੀਪਕ ਸ਼ਰਮਾ ਚਨਾਰਥਲ, ਮਨਜੀਤ ਸਿੰਘ ਖਹਿਰਾ, ਵਰਿੰਦਰ ਸਿੰਘ ਚੱਠਾ, ਗੁਰਪ੍ਰੀਤ ਕੌਰ ਖਹਿਰਾ, ਨਵਨੀਤ ਸਿੱਧੂ, ਜਸਵਿੰਦਰ ਸਿੰਘ, ਗਗਨਦੀਪ ਸਿੰਘ, ਸਵਰਨ ਕੌਰ, ਪ੍ਰਵੇਸ਼, ਪਰਮਿੰਦਰ ਸਿੰਘ ਮਦਾਨ, ਰਾਜਬੀਰ ਕੌਰ, ਕੇ. ਕੇ. ਸ਼ਰਮਾ, ਸਰਬਜੀਤ, ਹਰਮਿੰਦਰ ਸਿੰਘ ਕਾਲੜਾ, ਪਾਲ ਅਜਨਬੀ, ਕੋਮਲ ਸੈਣੀ ਪਾਠਕ, ਸੁਨੀਤਾ ਅਬਰੋਲ, ਅਰੁਨ ਅਬਰੋਲ, ਦਲਜੀਤ ਕੌਰ ਦਾਂਊਂ, ਜੀ. ਐਸ ਸਾਥੀ, ਜਸਬੀਰ ਕੌਰ, ਸੁਰਿੰਦਰ ਕੌਰ, ਸੁਰਿੰਦਰ ਕੁਮਾਰ, ਬਲਜਿੰਦਰ ਉੱਪਲ, ਸੁਨੀਤਾ ਉੱਪਲ, ਸੱਚਪ੍ਰੀਤ ਖੀਵਾ, ਸ਼ਾਇਰ ਭੱਟੀ, ਮਲਕੀਅਤ ਬਸਰਾ, ਹਰਭਜਨ ਕੌਰ ਢਿੱਲੋਂ, ਬਹਾਦਰ ਸਿੰਘ ਗੋਸਲ, ਹਰਪ੍ਰੀਤ ਸਿੰਘ ਚੰਨੂੰ, ਰਾਮ ਕ੍ਰਿਸ਼ਨ ਸੋਨੀ, ਅਦਬ ਮਾਨ, ਨੀਲਮ ਗੋਇਲ, ਜਸਵੰਤ ਸਿੰਘ, ਕਮਲਜੀਤ ਸਿੰਘ ਬਨਵੈਤ, ਪ੍ਰੋ: ਦਿਲਬਾਗ ਸਿੰਘ, ਪਰਮਜੀਤ ਮਾਨ ਬਰਨਾਲਾ, ਜਿਓਤੀ ਵਰਮਾ, ਭੁਪਿੰਦਰ ਸਿੰਘ, ਵਿਨੋਦ ਕੁਮਾਰ, ਵਿਜੇ ਕਪੂਰ, ਪਰਮਿੰਦਰ ਸਿੰਘ ਗਿੱਲ, ਨਵਨੀਤ ਕੌਰ ਮਠਾੜੂ, ਜੇ. ਐਲ ਕਨੌਜੀਆ, ਰਾਜੇਸ਼ ਬੇਨੀਵਾਲ, ਬਾਬੂ ਰਾਮ ਦੀਵਾਨਾ, ਸੰਗੀਤਾ ਸ਼ਰਮਾ ਕੁੰਦਰਾ, ਵਰਿੰਦਰ ਜੀਤ ਸ਼ਰਮਾ, ਮਧੂ ਬਖਸ਼ੀ, ਪ੍ਰਿੰ: ਗੁਰਦੇਵ ਕੌਰ ਪਾਲ, ਤੇਜਿੰਦਰ ਸਿੰਘ, ਡਾ. ਸੁਰਿੰਦਰ ਗਿੱਲ, ਸੰਜੀਵਨ ਸਿੰਘ, ਅਜਾਇਬ ਸਿੰਘ ਔਜਲਾ, ਅਜੇ ਵਰਮਾ ਤੇ ਹੋਰਨਾਂ ਨੇ ਹਾਜ਼ਰੀ ਲੁਆਈ।