ਮੋਗਾ 10 ਮਾਰਚ 2019 - (ਗਿਆਨ ਸਿੰਘ) ਅਦਾਰਾ 'ਕਲਾਕਾਰ' ਅਤੇ 'ਕੌਮਾਂਤਰੀ ਕਲਾਕਾਰ ਸੰਗਮ' ਵਲੋਂ ਪੰਜਾਬੀ ਹਾਸ-ਵਿਅੰਗ ਅਕਾਦਮੀ ਪੰਜਾਬ ਦੇ ਸਹਿਯੋਗ ਨਾਲ ਐਸ.ਡੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ 'ਚੌਥਾ ਕਰਨਲ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ ਸਨਮਾਨ ਸਮਾਗਮ'ਆਯੋਜਿਤ ਕੀਤਾ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਡਾ.ਸੁਰਜੀਤ ਪਾਤਰ, ਚੇਅਰਮੈਂਨ, ਪੰਜਾਬ ਕਲਾ ਪ੍ਰੀਸ਼ਦ,ਚੰਡੀਗੜ੍ਹ ਸਨ ਤੇ ਪ੍ਰਧਾਨਗੀ ਪ੍ਰੋ.ਰਵਿੰਦਰ ਭੱਠਲ,ਪ੍ਰਧਾਨ,ਪੰਜਾਬੀ ਸਾਹਿਤ ਅਕਾਦਮੀ,ਲੁਧਿਆਣਾ ਨੇ ਕੀਤੀ,ਪ੍ਰਧਾਨਗੀ ਮੰਡਲ ਵਿਚ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਪਰਮਜੀਤ ਮਾਨ ਚੇਅਰਮੈਂਨ, ਡਾ.ਜੋਗਿੰਦਰ ਸਿੰਘ ਨਿਰਾਲਾ ਪ੍ਰਧਾਨ ਅਤੇ ਡਾ.ਸੁਰਜੀਤ ਬਰਾੜ ਮੀਤ ਪ੍ਰਧਾਨ,ਕੌਮਾਂਤਰੀ ਕਲਾਕਾਰ ਸੰਗਮ,ਕੰਵਰਜੀਤ ਭੱਠਲ ਕਨਵੀਨਰ,ਭੱਠਲ ਪੁਰਸਕਾਰ ਬੋਰਡ ਅਤੇ ਸੰਪਾਦਕ 'ਕਲਾਕਾਰ'ਸਾਮਲ ਹੋਏ।
ਇਸ ਮੌਕੇ ਕਰਨਲ ਨਰਾਇਨ ਸਿੰਘ ਭੱਠਲ ਯਾਦਗਾਰੀ ਸਾਹਿਤਕ ਐਵਾਰਡ ਨਾਲ ਚਾਰ ਸ਼ਕਸੀਅਤਾਂ ਉਘੇ ਸ਼ਾਇਰ ਜੋਗਿੰਦਰ ਸਿੰਘ ਪਾਂਧੀ (ਜੰਮੂ ਕਸ਼ਮੀਰ), ਕਹਾਣੀਕਾਰ ਮੁਖਤਾਰ ਗਿੱਲ, ਸਰਬਾਂਗੀ ਲੇਖਕ ਕੇ.ਐਲ.ਗਰਗ ਅਤੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਨੂੰ 21-21 ਹਜਾਰ ਰੁਪੈ ਨਕਦ,ਦੋਸ਼ਾਲਾ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਕਲਾਕਾਰ ਸਾਹਿਤਕ' ਦਾ 124 ਵਾਂ ਅੰਕ ਅਤੇ ਪਰਮਜੀਤ ਮਾਨ ਦਾ ਕਹਾਣੀ ਸੰਗ੍ਰਿਹ ਰਲੀਜ ਕੀਤਾ ਗਿਆ।
'
ਸਨਮਾਨਿਤ ਸਾਹਿਤਕਾਰਾਂ ਨੇ ਜੋਗਿੰਦਰ ਸਿੰਘ ਪਾਂਧੀ, ਮੁਖਤਾਰ ਗਿੱਲ, ਕੇ.ਐਲ.ਗਰਗ ਅਤੇ ਸਤਿੰਦਰ ਸਿੰਘ ਨੰਦਾ ਨੇ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਕਲਮ ਨੂੰ ਹੋਰ ਤਾਕਤ ਮਿਲੇਗੀ ਤੇ ਨਵੇਂ ਲੇਖਕਾਂ ਦੀ ਲਿਖਣ ਰੁਚੀ ਵਧੇਗੀ।ਉਨ੍ਹਾਂ ਕਿਹਾ ਕਿ ਲੇਖਕ ਇਨਾਮਾਂ ਲਈ ਨਹੀਂ ਲਿਖਦਾ ਸਗੋਂ ਸਮਾਜਿਕ ਹਾਲਾਤਾਂ ਨੂੰ ਵੇਖਦਿਆ ਆਵਾਜ਼ ਨੂੰ ਕਲਮਬੰਦ ਕਰਦਾ ਹੈ।ਉਨ੍ਹਾ ਕਿਹਾ ਕਿ ਸਰਕਾਰੀ ਤੌਰ ਤੇ ਸਨਮਾਨ ਵਿਚ ਪੱਖਪਾਤ ਕੀਤਾ ਜਾਂਦਾ ਹੈ ਜਦ ਕਿ ਅਜਿਹੇ ਅਦਾਰਿਆਂ ਵਲੋਂ ਸ਼ੁਰੂ ਕੀਤੇ ਐਵਾਰਡ ਸਹੀ ਲੋਕਾਂ ਨੂੰ ਮਿਲਦੇ ਹਨ ਜਿਸ ਨਾਲ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ।
ਡਾ. ਸੁਰਜੀਤ ਪਾਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਬਦ ਮਹਾਨ ਹੈ ਸਾਡੀ ਬੋਲਬਾਣੀ ਦਾ ਪ੍ਰਭਾਵ ਸਮਾਜ ਤੇ ਪੈਂਦਾ ਹੈ।ਉਨ੍ਹਾਂ ਕਿਹਾ ਸਕਸ਼ੀਅਤ ਦਾ ਵਿਕਾਸ ਘਰ ਤੋਂ ਆਰੰਭ ਹੁੰਦਾ ਹੈ,ਬੱਚਿਆਂ ਸਾਹਮਣੇ ਉਸਾਰੂ ਸੋਚ ਵਾਲੀ ਗਲਬਾਤ ਕਰਨੀ ਚਾਹੀਦੀ ਹੈ।ਉਨ੍ਹਾ ਕਿਹਾ ਗੁਰਬਾਣੀ ਵਿਚ ਵੀ ਸ਼ਬਦ ਦੀ ਮਹਾਨਤਾ ਨੂੰ ਬਿਆਨਿਆ ਗਿਆ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸ਼ਬਦ ਰਾਂਹੀ ਬਹ੍ਰਿਮੰਡ ਦੀ ਆਰਤੀ 'ਗਗਨ ਮੇਂ ਥਾਲ' ਦੇ ਰੂਪ ਵਿਚ ਉਚਾਰਨ ਕਰਨਾ ਸ਼ਬਦ ਦੀ ਕਰਾਮਾਤ ਸੀ।ਉਨ੍ਹਾਂ ਕਿਹਾਕਿ ਪੱਥਰ ਪਾਣੀ ਤੇ ਲੀਕ ਨਹੀਂ ਪਾ ਸਕਦਾ ਸਗੋਂ ਪਾਣੀ ਪੱਥਰਾਂ ਨੂੰ ਖੋਰ ਦਿੰਦਾ ਹੈ, ਇਸੇ ਤਰਾਂ੍ਹ ਸਾਹਿਤਕਾਰ ਵੀ ਆਪਣੀਆਂ ਰਚਨਾਵਾਂ ਰਾਂਹੀ ਸਮਾਜ ਵਿਚ ਮਨੁੱਖਤਾ ਨੂੰ ਇਨਸਾਨੀਅਤ, ਮੁਹੱਬਤ, ਭਾਈਚਾਰੇ ਦਾ ਪਾਠ ਪੜਾ ਕੇ ਨਫਰਤ ਦੂਰ ਕਰਨ ਦੀ ਕੋਸ਼ਿਸ ਕਰਦੇ ਹਨ ਜਦੋਂ ਕਿ ਸਿਆਸਤਦਾਨਾਂ ਦੀ ਬੋਲਬਾਣੀ ਵਿਚ ਕੁੜੱਤਣ ਵੇਖਣ ਨੂੰ ਮਿਲਦੀ ਹੈ।ਉਨ੍ਹਾਂ ਸਾਹਿਤਕਾਰਾਂ ਦੇ ਸਨਮਾਨ ਵਿਚ ਸਮਾਗਮ ਕਰਨ ਲਈ ਅਦਾਰੇ ਨੂੰ ਅਤੇ ਇਨਾਮ ਜੇਤੂਆਂ ਨੂੰ ਵਧਾਈ ਦਿੱਤੀ।ਪ੍ਰੋ.ਰਵਿੰਦਰ ਭੱਠਲ, ਬਲਦੇਵ ਸਿੰਘ ਸੜਕਨਾਮਾ, ਪਰਮਜੀਤ ਮਾਨ, ਡਾ.ਜੋਗਿੰਦਰ ਸਿੰਘ ਨਿਰਾਲਾ ਅਤੇ ਡਾ.ਸੁਰਜੀਤ ਬਰਾੜ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਕੰਵਰਜੀਤ ਭੱਠਲ ਨੇ ਕਿਹਾ ਕਿ 2015 ਤੋਂ ਸੁਰੂ ਕੀਤੇ ਕਰਨਲ ਭੱਠਲ ਕਲਾਕਾਰ ਸਾਹਿਤਕ ਪੁਰਸਕਾਰ ਸਨਮਾਨ ਪਿਛਲੇ ਤਿੰਨ ਸਾਲਾਂ ਵਿਚ ਪਟਿਆਲਾ ਤੇ ਚੰਡੀਗੜ੍ਹ ਵਿਖੇ ਸ਼ਾਇਰ ਜਸਵੰਤ ਜ਼ਫ਼ਰ,ਡਾ.ਗੁਰਮਿੰਦਰ ਸਿੱਧੂ ਅਤੇ ਧਰਮ ਕੰਮੇਆਣਾ ,ਕਹਾਣੀਕਾਰ ਅਤਰਜੀਤ,ਮੁਖਤਿਆਰ ਸਿੰਘ ਅਤੇ ਪ੍ਰੇਮ ਗੋਰਖੀ, ਪੱਤਰਕਾਰ ਚਰਨਜੀਤ ਭੁਲਰ,ਬਲਬੀਰ ਪਰਵਾਨਾ ਤੇ ਸੁਰਿੰਦਰ ਸਿੰਘ ਤੇਜ ਅਤੇ ਆਲੋਚਕ ਦਾ ਪੁਰਸਕਾਰ ਡਾ.ਸੁਰਜੀਤ ਬਰਾੜ, ਬ੍ਰਹਮਜਗਦੀਸ ਅਤੇ ਡਾ.ਸੁਖਦੇਵ ਸਿੰਘ ਨੂੰ ਦਿੱਤਾ ਗਿਆ।ਇਸ ਵਾਰ ਚੌਥਾ ਸਮਾਗਮ ਮੋਗਾ ਵਿਖੇ ਕੀਤਾ ਗਿਆ।ਉਨ੍ਹਾਂ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਐਵਾਰਡ ਆਪਣੇ ਦਾਦਾ ਜੀ ਦੀ ਯਾਦ ਵਿਚ ਸਾਹਿਤਕਾਰਾਂ ਦਾ ਹੌਸਲਾ ਵਧਾਉਣ ਲਈ ਸੁਰੂ ਕੀਤਾ ਹੈ।
ਇਸ ਮੌਕੇ ਤੇ ਹੋਏ ਕਵੀ ਦਰਬਾਰ ਵਿਚ ਜੋਗਿੰਦਰ ਸਿੰਘ ਪਾਂਧੀ, ਰਾਮ ਸਰੂਪ ਸ਼ਰਮਾ,ਵਰਿੰਦਰ ਕੌੜਾ,ਡਾ. ਸੁਰਿੰਦਰ ਭੱਠਲ,ਚਰਨੀ ਬੇਦਿਲ,ਡਾ.ਸੁਰਜੀਤ ਖੁਰਮਾ, ਤੇਜਿੰਦਰ ਚੰਡੋਕ, ਡਾ.ਸੁਰਜੀਤ ਬਰਾੜ,ਅਮਰ ਸੂਫੀ,ਵਰਿੰਦਰ ਕੌੜਾ,ਗੁਰਦੇਵ ਦਰਦੀ,ਅਮਰਜੀਤ ਜੀਰਾ,ਚਰਨਜੀਤ ਸਮਾਲਸਰ ਆਦਿ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ।ਇਸ ਮੌਕੇ ਡਾ. ਹਰਨੇਕ ਸਿੰਘ ਢੋਟ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ,ਸੁਰਜੀਤ ਸਿੰਘ ਕਾਉਂਕੇ, ਸੀ.ਮਾਰਕੰਡਾ,ਹਰਨੇਕ ਸਿੰਘ ਰੋਡੇ,ਗੁਰਮੀਤ ਕੜਿਆਲਵੀ,ਸ੍ਰੀਮਤੀ ਬੇਅੰਤ ਕੌਰ ਗਿੱਲ,ਜੰਗੀਰ ਖੋਖਰ,ਗਿਆਨ ਸਿੰਘ ਸਾਬਕਾ ਡੀ ਪੀ ਆਰ ਓ,ਅਮਰ ਘੋਲੀਆ ਆਦਿ ਸਾਮਲ ਸਨ । ਮੰਚ ਦਾ ਸੰਚਾਲਨ ਮੈਡਮ ਤਰਸਪਾਲ ਕੌਰ ਨੇ ਬਾਖੂਬੀ ਨਿਭਾਇਆ।ਅਜ ਦਾ ਇਹ ਸਮਾਗਮ ਬਹੁਤ ਹੀ ਪ੍ਰਭਾਵਸਾਲੀ ਰਿਹਾ ਜੋ ਨਵੇਂ ਲੇਖਿਕਾਂ ਨੂੰ ਸਾਹਿਤ ਪ੍ਰੇਰਿਤ ਕਰੇਗਾ।