ਜੀ ਐਸ ਪੰਨੂ
ਪਟਿਆਲਾ, 15 ਫਰਵਰੀ 2020 - ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਡਾ. ਸਰਬਜਿੰਦਰ ਵੱਲੋਂ ਸੰਪਾਦਿਤ ਪੁਸਤਕ 'ਪ੍ਰਭ ਨਾਨਕ ਨਾਨਕ ਨਾਨਕ ਮਈ' ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਰਿਲੀਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਨੀ 'ਪੰਜਾਬੀ ਬੋਲੀ ਅਤੇ ਸਭਿਆਚਾਰ ਉਤਸਵ' ਨਾਮੀ ਪੰਜਾਬ ਸਰਕਾਰ ਦੇ ਪ੍ਰੋਗਰਾਮ ਵਿਚ ਮੁਖ ਮਹਿਮਾਨ ਵਜੋਂ ਪਹੁੰਚੇ ਹੋੋੋਏ ਸਨ। ਚੰਨੀ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।
ਡਾ. ਘੁੰਮਣ ਨੇ ਕਿਹਾ ਕਿ 'ਪ੍ਰਭ ਨਾਨਕ ਨਾਨਕ ਨਾਨਕ ਮਈ' ਨਾਮੀਂ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਬਹੁਤ ਹੀ ਵਿਲੱਖਣ ਕਦਮ ਵਜੋਂ ਪਰਕਾਸ਼ਿਤ ਕੀਤੀ ਗਈ ਹੈ। ਇਸ ਪੁਸਤਕ ਦੀ ਪ੍ਰਕਾਸ਼ਨ ਪਿਛੇ ਭਾਵਨਾ ਇਹ ਸੀ ਕਿ ਇਸ ਵਿਸ਼ੇਸ਼ ਮੌਕੇ ਤੇ ਇਕ ਅਜਿਹੀ ਪੁਸਤਕ ਦਾ ਪ੍ਰਕਾਸ਼ਨ ਹੋਣਾ ਜਰੂਰੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਕੁੱਲ ਜੀਵਨ, ਉਨ੍ਹਾਂ ਦੇ ਸਮਕਾਲ, ਸਿੱਖ ਧਰਮ ਦੇ ਸਿਧਾਂਤ, ਗੁਰੂ ਜੀ ਦੇ ਇਤਿਹਾਸ ਨੂੰ ਨਿਵੇਕਲੇ ਢੰਗ ਨਾਲ ਰੂਪਮਾਨ ਕਰਨ ਵਾਲੀ ਪੁਸਤਕ ਹੋ ਨਿੱਬੜੇ।
ਡਾ. ਸਰਬਜਿੰਦਰ ਸਿੰਘ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਵਜੋਂ ਕਾਰਜਸ਼ੀਲ ਹਨ ਤੇ ਅੰਤਰਰਾਸ਼ਟਰੀ ਪੱਧਰ ਦੇ ਸਿੱਖ ਚਿੰਤਕ ਵਜੋਂ ਇਕ ਹਸਤਾਖਰ ਦੇ ਤੌਰ ਤੇ ਜਾਣੇ ਜਾਂਦੇ ਹਨ, ਨੇ ਦੱਸਿਆ ਕਿ ਪਿਛਲੇ ਪੰਜਾਹ ਸਾਲਾਂ ਤੋਂ ਲੈ ਕੇ ਸੌ ਸਾਲ ਪਹਿਲਾਂ ਚੋਣਵੇਂ ਤੌਰ ਤੇ ਗੁਰੂ ਨਾਨਕ ਦੇਵ ਜੀ ਬਾਰੇ ਲਿਖੇ ਸਾਹਿਤ ਨੂੰ ਇਕੱਤਰ ਕੀਤਾ ਗਿਆ ਹੈ ਜਿਸ ਵਿਚ ਪ੍ਰਮੁੱਖ ਚਿੰਤਕਾਂ ਵਜੋਂ ਭਾਈ ਵੀਰ ਸਿੰਘ, ਪ੍ਰਿੰ. ਤੇਜਾ ਸਿੰਘ, ਪ੍ਰਿੰ. ਸੀਤਾ ਰਾਮ ਕੋਹਲੀ, ਜੈ ਰਾਮ ਮਿਸ਼ਰ, ਡਾ. ਐੱਸ. ਰਾਧਾ ਕ੍ਰਿਸ਼ਨਨ, ਡਾ. ਬੁੱਧ ਪ੍ਰਕਾਸ਼, ਪ੍ਰੋ. ਸਾਹਿਬ ਸਿੰਘ ਆਦਿ ਨੂੰ ਵਿਸ਼ੇਸ਼ ਤੌਰ ਤੇ ਸ਼ਾਮਿਲ ਕੀਤਾ। ਇਸ ਵਿਚ ਹੀ ਮੁਸਲਮਾਨ ਤੋਂ ਸਿੱਖ ਬਣੇ ਸਈਅਦ ਪ੍ਰਿਥੀਪਾਲ ਸਿੰਘ ਦੀ ਬਹੁਤ ਹੀ ਅਦੁਭਤ ਅਤੇ ਨਿਵੇਕਲੀ ਯਾਤਰਾ ਤੇ ਗੁਰੂ ਨਾਨਕ ਦੇਵ ਜੀ ਦੀ ਮੱਕੇ ਦੀ ਯਾਤਰਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।