ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਅਤੇ ਵਿਚਾਰ ਗੋਸ਼ਟੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ10 ਜੂਨ 2023 - ਅੱਜ ਬੀਬੀ ਅਮਰ ਕੌਰ ਯਾਦਗਾਰੀ ਭਵਨ ਖੱਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ ਅਤੇ ' ' ਜੁਰਮ ਕੀ ਹੈ' ਪੁਸਤਕ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ।ਲਾਈਬਰੇਰੀ ਦਾ ਉਦਘਾਟਨ ਕਰਨ ਉਪਰੰਤ ਪ੍ਰੋਫੈਸਰ ਸੁਰਜੀਤ ਜੱਜ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਉਸਾਰੂ ਸਾਹਿਤ ਅਤੇ ਇਸਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦੀ ਲੋੜ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਜਾ ਰਹੀ ਹੈ ਤਾਂ ਕਿ ਸਮਾਜ ਵਿੱਚ ਹਾਂ ਪੱਖੀ ਵਿਚਾਰਾਂ ਦਾ ਪ੍ਰਵਾਹ ਅੱਗੇ ਵੱਧ ਸਕੇ।ਉਹਨਾਂ ਨੇ ਬੀਬੀ ਅਮਰ ਕੌਰ ਯਾਦਗਾਰੀ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਚੰਗਾ ਉੱਦਮ ਹੈ।
ਪ੍ਰੋਗਰਾਮ ਦੇ ਅਗਲੇ ਸੈਸ਼ਨ ਵਿੱਚ ਪੰਜਾਬੀ ਸਾਹਿਤ ਸਭਾ ਖੱਟਕੜ ਕਲਾਂ(ਬੰਗਾ) ਵੱਲੋਂ ਬੀ.ਅਨੁਰਾਧਾ ਦੀ 'ਜੁਰਮ ਕੀ ਹੈ' ਪੁਸਤਕ ਉੱਤੇ ਗੋਸ਼ਟੀ ਕਰਵਾਈ ਗਈ।ਇਸ ਪੁਸਤਕ ਦਾ ਪੰਜਾਬੀ ਅਨੁਵਾਦ ਲੇਖਕ ਬੂਟਾ ਸਿੰਘ ਮਹਿਮੂਦ ਪੁਰ ਨੇ ਕੀਤਾ ਹੈ। ਗੋਸ਼ਟੀ ਦੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਸੁਰਜੀਤ ਜੱਜ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਅਤੇ ਬੀਬੀ ਗੁਰਬਖਸ਼ ਕੌਰ ਸੰਘਾ ਨੇ ਕੀਤੀ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਪ੍ਰੋਫੈਸਰ ਸੁਰਜੀਤ ਜੱਜ ਨੇ ਕਿਹਾ ਕਿ ਇਹ ਪੁਸਤਕ ਜੇਹਲਾਂ ਅੰਦਰ ਕੈਦ ਕੱਟ ਰਹੇ ਖਾਸਕਰ ਔਰਤਾਂ ਦੇ ਦੁੱਖਾਂ ਦਰਦਾਂ ,ਜੇਹਲਾਂ ਅੰਦਰ ਔਰਤ ਕੈਦੀਆਂ ਦੇ ਬੇਕਸੂਰ ਬੱਚਿਆਂ ਦੇ ਵਿਕਾਸ ਦੀਆਂ ਲੋੜਾਂ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ।ਪੁਸਤਕ ਸਪੱਸ਼ਟ ਕਰਦੀ ਹੈ ਕਿ ਕਿਸ ਤਰ੍ਹਾਂ ਔਰਤ ਕੈਦੀਆਂ ਦੀ ਜਿੰਦਗੀ ਅਨੰਤ ਉਡੀਕ ਵਿੱਚ ਬੀਤ ਰਹੀ ਹੈ।
ਪੁਸਤਕ ਦੇ ਅਨੁਵਾਦਕ ਬੂਟਾ ਸਿੰਘ ਨੇ ਕਿਹਾ ਕਿ ਇਸ ਪੁਸਤਕ ਦੀਆਂ 17 ਕਹਾਣੀਆਂ ਹਨ ਜਿਹਨਾਂ ਨੂੰ ਪੜ੍ਹਕੇ ਪਤਾ ਲੱਗਦਾ ਹੈ ਕਿ ਆਦਿਵਾਸੀ ਔਰਤਾਂ ਨੂੰ ਕਿਸ ਤਰ੍ਹਾਂ ਇਸ ਰਾਜਸੀ -ਆਰਥਿਕ-ਸਮਾਜਿਕ ਢਾਂਚੇ ਨੇ ਜੇਹਲ ਦੀ ਚਾਰ ਦੀਵਾਰੀ ਅੰਦਰ ਪਹੁੰਚਾਇਆ।ਇਹ ਕਹਾਣੀਆਂ ਇਹਨਾਂ ਔਰਤਾਂ ਦੇ ਦਰਦ ਦੀਆਂ ਪਰਤਾਂ- ਦਰ -ਪਰਤਾਂ ਖੋਹਲਦੀਆਂ ਹਨ।ਜੇਹਲਾਂ ਦੇ ਨਾਕਸ ਅਤੇ ਭ੍ਰਿਸ਼ਟ ਪ੍ਰਬੰਧਾਂ ਨੂੰ ਸਾਹਮਣੇ ਲਿਆਉਂਦੀਆਂ ਹਨ।ਹੈਰਾਨੀ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਆਪਣੀਆਂ ਮਾਵਾਂ ਨਾਲ ਜੇਹਲਾਂ ਵਿੱਚ ਬੰਦ ਬੇਕਸੂਰ ਬੱਚਿਆਂ ਦੇ ਭਵਿੱਖ ਬਾਰੇ ਸਰਕਾਰਾਂ ਕੁੱਝ ਵੀ ਨਹੀਂ ਸੋਚ ਰਹੀਆਂ।ਸਰਕਾਰਾਂ ਨੇ ਇਸ ਬਹੁਤ ਹੀ ਅਹਿਮ ਪੱਖ ਨੂੰ ਅੱਖੋਂ ਪਰੋਖੇ ਕਰ ਰੱਖਿਆ ਹੈ।ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਮੋਹਣ ਬੀਕਾ ਅਤੇ ਹਰਬੰਸ ਹੀਉਂ ਨੇ ਵੀ ਵਿਚਾਰ ਪੇਸ਼ ਕੀਤੇ।
ਇਸ ਮੌਕੇ ਕੁਲਵਿੰਦਰ ਕੁੱਲਾ,ਸ਼ਿੰਗਾਰਾ ਲੰਗੇਰੀ, ਤਰਸੇਮ ਸਾਕੀ,ਧਰਮਿੰਦਰ ਮਸਾਣੀ, ਜਸਵੰਤ ਖੱਟਕੜ, ਜਸਬੀਰ ਦੀਪ, ਦੀਪ ਕਲੇਰ, ਮੁਨੀਸ਼ ਚੰਦਿਆਣਵੀ,ਤਲਵਿੰਦਰ ਸ਼ੇਰਗਿੱਲ ਅਤੇ ਗੁਰਦੀਪ ਸੈਣੀ ਨੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਕਹਾਣੀਕਾਰ ਅਜਮੇਰ ਸਿੱਧੂ, ਪ੍ਰੋ.ਇਕਬਾਲ ਸਿੰਘ ਚੀਮਾ, ਹਰੀ ਰਾਮ ਰਸੂਲਪੁਰੀ,ਪਵਨਦੀਪ ਸਿੱਧੂ, ਨਰਿੰਦਰਜੀਤ ਕੌਰ ਖੱਟਕੜ,ਰੁਪਿੰਦਰ ਕੌਰ ਦੁਰਗਾ ਪੁਰ,ਰਣਜੀਤ ਕੌਰ ਮਹਿਮੂਦ ਪੁਰ,ਸੁਨੀਤਾ ਸ਼ਰਮਾ,ਐਡਵੋਕੇਟ ਪਰਮਜੀਤ ਚਾਹਲ,ਮਨਦੀਪ ਗੋਸਲ,ਸਰਬਜੀਤ ਮੰਗੂਵਾਲ ,ਗੁਰਜੀਤ ਦੁਸਾਂਝ, ਦਲਜੀਤ ਸੁੱਜੋਂ, ਰੂਬੀ ਰਾਏਪੁਰੀ ਅਤੇ ਗੁਰਲੀਨ ਕੌਰ ਵੀ ਮੌਜੂਦ ਸਨ।