ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੇ ‘ਪਰਿਮਾਰਜਿਤ ਇਕਿਗਾਈ’ ਨਾਮੀ ਪੁਸਤਕ ਕੀਤੀ ਰਿਲੀਜ਼
ਪ੍ਰਮੋਦ ਭਾਰਤੀ
ਚੰਡੀਗੜ੍ਹ 08ਨਵੰਬਰ,2022 - ਅੱਜ ਰਾਜਪਾਲ ਭਵਨ ਪੰਜਾਬ ਵਿਖੇ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ, ਬਨਵਾਰੀ ਲਾਲ ਪੁਰੋਹਿਤ ਨੇ ‘ਪਰਿਮਾਰਜਿਤ ਇਕਿਗਾਈ’ ਨਾਮੀ ਪੁਸਤਕ ਰਿਲੀਜ਼ ਕੀਤੀ।
ਕਿਤਾਬ ਵਿਮੋਚਨ ਮੌਕੇ, ਬਨਵਾਰੀ ਲਾਲ ਪੁਰੋਹਿਤ (ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ) ਨੇ ਕਿਹਾ, "ਪਰਿਮਾਰਜਿਤ ਇਕਿਗਾਈ ਕਿਤਾਬ ਜਾਪਾਨੀ ਇਕਿਗਾਈ ਅਤੇ ਭਾਰਤੀ ਪੁਰਾਤਨ ਪ੍ਰੰਪਰਿਕ ਤਥਾਂ ਦਾ ਅਜਿਹਾ ਮੇਲ ਹੈ ਜੋ ਅਰਥਪੂਰਣ, ਅਨੰਦਮਈ, ਸਿਹਤਮੰਦ ਅਤੇ ਲੰਬੀ ਜ਼ਿੰਦਗੀ ਜੀਉਣ ਦੇ ਰਸਤੇ ਵੱਲ ਲੈ ਜਾਂਦੇ ਹਨ"।
ਲੇਖਕ ਅਸ਼ਵਨੀ ਜੋਸ਼ੀ ਨੇ ਦੱਸਿਆ ਕਿ ਪਰਿਮਾਰਜਿਤ ਦਾ ਅਰਥ ਹੈ 'ਸੁਧਾਰ' ਅਤੇ ਜਾਪਾਨੀ ਸ਼ਬਦ 'ਇਕਿਗਾਈ' ਵਿੱਚ 'ਇਕਿ' ਦਾ ਅਰਥ ਹੈ ਜੀਵਨ, ਅਤੇ 'ਗਾਈ' ਦਾ ਅਰਥ ਹੈ ਉਮੀਦ ਅਤੇ ਉਮੀਦਾਂ ਦੀ ਪ੍ਰਾਪਤੀ। ਤੁਹਾਡੇ ਜੀਵਨ ਦਾ ਉਦੇਸ਼ ਲੱਭਣਾ, ਅਰਥਾਤ ਇਕਿਗਾਈ, ਤੁਹਾਡੀ ਜ਼ਿੰਦਗੀ ਵਿੱਚ ਖਾਲੀਪਣ ਨੂੰ ਦੂਰ ਕਰਦੀ ਹੈ। 'ਇਕਿਗਾਈ' ਨੂੰ ਜਾਣਨਾ, ਕਿਸੇ ਪੇਸ਼ੇ ਅਤੇ ਮਿਸ਼ਨ ਤੋਂ ਵੀ ਅੱਗੇ ਜੀਵਨ ਜਿਉਣ ਦੇ ਸਹੀ ਉਦੇਸ਼ ਤੋਂ ਜਾਣੂ ਕਰਵਾਉਂਦਾ ਹੈ।"
ਲਗਭਗ 160 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਲੇਖਕ ਅਸ਼ਵਨੀ ਜੋਸ਼ੀ, ਇੱਕ ਮਰਚੇਂਟ ਮੈਰੀਨ ਇੰਜੀਨੀਅਰ ਹੈ, ਜਿਸ ਨੇ ਇੱਕ ਵਿਲੱਖਣ ਗ੍ਰਾਫਿਕਲ ਤਰੀਕੇ ਨਾਲ ਲਿਖਿਆ ਹੈ ਜੋ ਪਾਠਕਾਂ ਨੂੰ ਉਹਨਾਂ ਦੀ 'ਇਕਿਗਾਈ' ਨੂੰ ਆਸਾਨੀ ਨਾਲ ਖੋਜਣ ਵਿੱਚ ਮਦਦ ਕਰੇਗਾ, ਜੋ ਕਿ ਪਹਿਲਾਂ ਇੱਕ ਗੁੰਝਲਦਾਰ ਕੰਮ ਸੀ।
184 ਪੰਨੇ ਦੀ ਪੁਸਤਕ ਪਰਿਮਾਰਜਿਤ ਇਕਿਗਾਈ ਵਿੱਚ ਬਹੁਤ ਸਾਰੇ ਖੋਜ-ਅਧਾਰਿਤ, ਸ਼ਕਤੀਸ਼ਾਲੀ ਅਤੇ ਸਾਬਤ ਹੋਏ ਭਾਰਤੀ ਅਤੇ ਜਾਪਾਨੀ ਜੀਵਨਸ਼ੈਲੀ ਦੇ ਸਿਧਾਂਤ ਹਨ ਜੋ ਤੁਹਾਡੀ ਆਪਣੀ ਇਕਿਗਾਈ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਇਸ ਪੁਸਤਕ ਵਿੱਚ ਵਿਸ਼ਵ ਪ੍ਰਸਿੱਧ ਸ਼ਿੰਕਾਨਸੇਨ ਸਿਧਾਂਤ ਰਾਹੀਂ ਲੇਖਕ ਇਹ ਵੀ ਦੱਸਦਾ ਹੈ ਕਿ ਜਦੋਂ ਕੋਈ ਵਿਅਕਤੀ ਜਾਂ ਦੇਸ਼ ਤਰੱਕੀ ਵਿੱਚ ਵੱਡੀ ਛਲਾਂਗ ਲਗਾਉਣ ਦੀ ਇੱਛਾ ਰੱਖਦਾ ਹੋਵੇ ਤਾਂ ਉਸ ਨੂੰ ਕਿਸੇ ਵੀ ਚੱਲ ਰਹੇ ਪੁਰਾਣੇ ਸਿਸਟਮ ਵਿੱਚ ਪੂਰੀ ਤਬਦੀਲੀ ਦੀ ਹਿੰਮਤ ਕਿਉਂ ਕਰਨੀ ਚਾਹੀਦੀ ਹੈ।
ਪੁਸਤਕ 'ਪਰਿਮਾਰਜਿਤ ਇਕਿਗਾਈ' ਜੀਵਨ ਦੇ ਹਰ ਖੇਤਰ ਦੇ ਲੋਕਾਂ, ਖਾਸ ਕਰਕੇ ਵਿਦਿਆਰਥੀਆਂ ਨੂੰ ਕਿੱਤਾ, ਪੇਸ਼ੇ, ਜਨੂੰਨ ਅਤੇ ਵਿਸ਼ੇਸ਼ ਉਦੇਸ਼ (ਵੋਕੇਸ਼ਨ, ਪ੍ਰੋਫੈਸ਼ਨ, ਪੈਸ਼ਨ, ਮਿਸ਼ਨ) ਦੇ ਸਹੀ ਅਨੁਪਾਤ ਦੀ ਚੋਣ ਕਰਨ ਵਿੱਚ ਮਦਦ ਕਰੇਗੀ, ਜਿਸ ਦੇ ਨਤੀਜੇ ਵਜੋਂ 'ਜੀਉਣ ਦਾ ਅਸਲ ਮਕਸਦ' ਉਜਾਗਰ ਹੋਵੇਗਾ। ਜੋ ਕਿਸੇ ਵੀ ਮਨੁੱਖ ਨੂੰ ਖੁਸ਼ਹਾਲ, ਅਨੰਦਮਈ, ਸੰਤੁਸ਼ਟ, ਸਿਹਤਮੰਦ ਅਤੇ ਲੰਬੀ ਉਮਰ ਪ੍ਰਦਾਨ ਕਰਦਾ ਹੈ।
‘ਪਰਿਮਾਰਜਿਤ ਇਕਿਗਾਈ’ ਵਿਚ ਲੇਖਕ ਨੇ ਸੰਸਾਰ ਦੇ ਪੰਜ ਨੀਲੇ ਖੇਤਰਾਂ ਨੂੰ ਜਿੱਥੇ ਜ਼ਿਆਦਾਤਰ ਲੋਕ ਲੰਮੀ ਉਮਰ, 100 ਸਾਲ ਦੇ ਨੇੜੇ-ਤੇੜੇ ਜਿਊਂਦੇ ਹਨ, ਬਾਰੇ ਲਿਖਿਆ ਹੈ ਕਿ ਉਹ ਲੋਕ ਕਿਵੇਂ ਸਰਗਰਮ ਜਿੰਦਗੀ ਜਿਉਂਦੇ ਕਦੇ ਵੀ ਰਿਟਾਇਰ ਨਹੀਂ ਹੁੰਦੇ। ਉਹ ਕਿਵੇਂ ਜਿਊਣ ਦੇ ਅਸਲੀ ਮਕਸਦ ਨੂੰ ਜਾਣ ਕੇ ਖੁਸ਼ਹਾਲ ਲੰਬੀ ਉਮਰ ਭੋਗਦੇ ਹਨ।
ਇਸ ਕਿਤਾਬ ਰਾਹੀਂ ਜੋਸ਼ੀ ਨੇ ਬਲੂ ਜ਼ੋਨ (ਜਾਪਾਨ, ਇਟਲੀ, ਕੈਲੀਫੋਰਨੀਆ, ਕੋਸਟਾ-ਰੀਕੋ ਅਤੇ ਗ੍ਰੀਸ ਵਿੱਚ) ਜਿੱਥੇ ਤਣਾਅ ਮੁਕਤ ਲੰਬੀ ਉਮਰ ਹੁੰਦੀ ਹੈ, ਲਈ ਸਹਾਈ ਮੁੱਖ ਤਥਾਂ ਦਾ ਵਰਣਨ ਵੀ ਕੀਤਾ ਹੈ।
ਸੰਖੇਪ ਵਿੱਚ, ਇਸ ਬ੍ਰਹਿਮੰਡ ਵਿੱਚ ਸਾਡੇ ਰਹਿਣ ਦੇ ਅਸਲ ਉਦੇਸ਼ ਦੀ ਖੋਜ ਹੀ ਇਕਿਗਾਈ ਦੀ ਖੋਜ ਹੈ, ਜੋ ਸਾਨੂੰ ਖੁਸ਼ਹਾਲ ਲੰਬੀ ਉਮਰ ਵੀ ਪ੍ਰਦਾਨ ਕਰਦੀ ਹੈ।
ਮਹਾਰਾਸ਼ਟਰ ਤੋਂ ਡਾ ਕੰਚਨ ਥਾਪਰ ਵਿਗ ਪੁਸਤਕ ਦੀ ਸਹਿ-ਲੇਖਕ ਹੈ। ਹੁਣ ਇਹ ਕਿਤਾਬ ਐਮਾਜ਼ੋਨ ਅਤੇ ਸ਼ਰੌਫ ਪਬਲਿਸ਼ਰ ਮੁੰਬਈ ਤੋਂ ਵੀ ਉਪਲੱਬਧ ਹੈ।