ਨਵਦੀਪ ਸਿੰਘ ਗਿੱਲ
ਭਰਾਵਾਂ ਵਰਗੇ ਦੋਸਤ ਨਿਧੜਕ, ਨਿਡਰ ਤੇ ਬੇਬਾਕ ਪੱਤਰਕਾਰ ਯਾਦਵਿੰਦਰ ਕਰਫਿਊ (ਧਨੌਲੇ ਵਾਲਿਆਂ ਲਈ ਕਲਫੂ) ਦੀ ਅੱਜ ਪਲੇਠੀ ਪੁਸਤਕ ‘ਕਿਹੜਾ ਪੰਜਾਬ’ ਦੀ ਘੁੰਡ ਚੁਕਾਈ ਲਈ ਮੁਬਾਰਕਾਂ। ਆਵਦੇ ਪਿੰਡਾਂ ਵਾਲਾ ਹੁਣ ਕਰਕੇ ਉਸ ਦਾ ਹੇਜ ਵੀ ਆਉਂਦਾ ਤੇ ਮਾਣ ਵੀ। ਬਰਨਾਲੇ ਦੇ ਅਦਬੀ ਸੰਸਾਰ ਦੀ ਮਹਿਕ ਨੇ ਉਸ ਨੂੰ ਵੀ ਮੋਹਿਆ ਹੈ।ਉਸ ਦੀ ਸਾਹਿਤਕ ਉਡਾਰੀ ਲਈ ਮੁਬਾਰਕਾਂ ਦਿੰਦਾ ਹੋਇਆਂ ਉਸ ਨੂੰ ਅਦਬੀ ਅੰਬਰ ਵਿੱਚ ਉਚੀਆਂ ਉਡਾਰੀਆਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਆਮ ਤੌਰ ਉਤੇ ਪੱਤਰਕਾਰ ਪਿੰਡ/ਕਸਬਾ/ਸ਼ਹਿਰ ਤੋਂ ਸ਼ੁਰੂ ਕਰ ਕੇ ਫੇਰ ਜਿਲਾ/ਸਟੇਟ ਹੈੱਡ ਕੁਆਟਰ ਤੱਕ ਪੁੱਜਦੇ ਹਨ। ਕੌਮੀ ਰਾਜਧਾਨੀ ਵਿੱਚ ਤਾਂ ਕੋਈ ਵਿਰਲਾ ਟਾਂਵਾ ਹੀ ਪੁੱਜਦਾ ਪਰ ਯਾਦਵਿੰਦਰ ਨੇ ਪੁੱਠਾ ਗੇੜਾ ਫੇਰਿਆ। ਦਿੱਲੀ ਤੋਂ ਸਿੱਧਾ ਪੱਤਰਕਾਰੀ ਸ਼ੁਰੂ ਕਰਨ ਵਾਲੇ ਕਰਫਿਊ ਨੇ ਹਾਲੇ ਤੱਕ ਪਿੰਡ ਨਾਲ ਲਗਾਅ ਨਹੀਂ ਛੱਡਿਆ।ਅੱਜ ਕਿਤਾਬ ਰਿਲੀਜ਼ ਵਿੱਚ ਰੁੱਝੇ ਹੋਣ ਦੇ ਬਾਵਜੂਦ ਕੱਲ੍ਹ ਸ਼ਾਮੀਂ ਉਸ ਨੇ ਧਨੌਲੇ ਦੇ ਪੱਕਾ ਮੈਦਾਨ ਵਿੱਚ ਹੁੰਦੇ ਖੇਡ ਟੂਰਨਾਮੈਂਟ ਵਿੱਚ ਹਾਜ਼ਰੀ ਲਗਾ ਦਿੱਤੀ।
ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਦੀਆਂ ਗੱਲ ਉਹ ਟੀਵੀ ਚੈਨਲਾਂ ਰਾਹੀਂ ਲੋਕਾਂ ਸਾਹਮਣੇ ਰੱਖਦਾ ਹੈ।ਧਰਾਤਲ ਨਾਲ ਜੁੜਿਆਂ ਹੋਣ ਕਰ ਕੇ ਉਸ ਦੇ ਪ੍ਰਸੰਸਕਾਂ,ਚਹੇਤਿਆਂ,ਪਾਠਕਾਂ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈ। ਉਸ ਦਾ ਤੇਜ਼ ਤਰਾਰ ਸਟਾਈਲ ਹੀ ਉਸ ਦੀ ਪਛਾਣ ਹੈ ਤੇ ਟੀਆਰਪੀ ਵੀ।ਉਸ ਦੇ ਤਾਬੜਤੋੜ ਸਵਾਲਾਂ ਦਾ ਸਾਹਮਣਾ ਕਰਨਾ ਜਣੇ ਖਣੇ ਦੇ ਵੱਸ ਦਾ ਕੰਮ ਨਹੀਂ। ਉਹ ਕਦਰਾਂ ਕੀਮਤਾਂ ਵਾਲੀ ਪੱਤਰਕਾਰੀ ਦਾ ਹਸਤਾਖਰ ਹੈ ਜਿਸ ਨੇ ਇਸ ਮਿਸ਼ਨ ਵਾਲੇ ਕਿੱਤੇ ਨੂੰ ਆਪਣੀਆਂ ਸੱਚੀਆਂ-ਸੁੱਚੀਆਂ ਰਿਪੋਰਟਾਂ ਰਾਹੀਂ ਹੋਰ ਵੀ ਅਮੀਰੀ ਬਖ਼ਸ਼ੀ ਹੈ।
ਯਾਦਵਿੰਦਰ ਨੂੰ ਲੋਕਾਈ ਦਾ ਦਰਦ ਆਪਣਾ ਬਣਾਉਣਾ ਆਉਂਦਾਂ। ਜੋ ਕੁੱਝ ਗਲਤ ਵਾਪਰ ਰਿਹਾ ਉਸ ਤੋਂ ਜਰਿਆ ਨਹੀਂ ਜਾਂਦਾ। ਸੰਵੇਦਨਾ ਦੇ ਨਾਲ ਉਸ ਵਿੱਚ ਵਿਚਾਰਾਂ ਦੀ ਸਪੱਸ਼ਟਤਾ ਵੀ ਹੈ ਅਤੇ ਵਿਚਾਰਧਾਰਾ ਪੱਖੋਂ ਉਹ ਪੂਰੀ ਤਰ੍ਹਾਂ ਪ੍ਰਪੱਕ ਹੈ।ਇਹ ਬਰਨਾਲੇ ਦੀ ਸਾਹਿਤਕ ਤੇ ਸੰਘਰਸ਼ੀ ਧਰਤੀ ਦੇ ਪੁੱਤ ਹੋਣ ਕਰ ਕੇ ਵੀ ਹੈ। ਦਿੱਲੀ ਵਿੱਚ ਜੇਐਨਯੂ ਵਿਚਲੇ ਮਾਹੌਲ ਸਦਕਾ ਵੀ ਹੈ। ਪੱਤਰਕਾਰੀ ਨੂੰ ਕਾਹਲੀ ਵਿੱਚ ਲਿਖਿਆ ਸਾਹਿਤ ਕਿਹਾ ਜਾਂਦਾ ਪਰ ਯਾਦਵਿੰਦਰ ਨੇ ਇਕ ਕਦਮ ਅੱਗੇ ਵਧਦਿਆਂ ਆਪਣੀ ਪੱਤਰਕਾਰੀ ਦੇ ਤਜ਼ਰਬੇ ਨੂੰ ਸ਼ਬਦਾਂ ਰਾਹੀਂ ਸਾਂਭਦਿਆਂ ਪਾਠਕਾਂ ਅੱਗੇ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ ਜਿਹੜਾ ਸਵਾਗਤਯੋਗ ਹੈ ਅਤੇ ਇਸ ਲਈ ਉਹ ਵਧਾਈ ਦਾ ਪਾਤਰ ਹੈ।
ਪੰਜਾਬ ਦੇ ਪਾਣੀਆਂ,ਧਰਤੀ,ਜਵਾਨੀ ਤੋਂ ਲੈ ਕੇ ਕਲਾ-ਸੱਭਿਆਚਾਰ ਦੇ ਫਿਕਰ ਨੇ ਹੀ ਉਸ ਨੂੰ ਇਸ ਕਿਤਾਬ ਲਿਖਣ ਲਈ ਪ੍ਰੇਰਿਆ। ਦਾਰਾ-ਦੁੱਲਾ ਵੇਲੇ ਦੇ ਪੰਜਾਬ ਦੀ ਕਲਪਨਾ ਕਰਦਾ ਹੈ ਉਹ। ਉਸ ਨੂੰ ਪਰਵਾਸ ਦੇ ਨਾਲ-ਨਾਲ ਨਸ਼ਿਆਂ ਦੇ ਰੁਝਾਨ ਉਤੇ ਚਿੰਤਾ ਇਸ ਕਰਕੇ ਵੀ ਹੈ ਕਿਉਂਕਿ ਉਸ ਨੇ ਆਪਣਾ ਪਰਮ ਮਿੱਤਰ ਪ੍ਰਿਥੀ ਜੋ ਖੋਹ ਲਿਆ ਸੀ।
ਯਾਦਵਿੰਦਰ ਦੀ ਇਹ ਪੁਸਤਕ ਸਾਨੂੰ ਚੰਗੇ ਪੰਜਾਬ ਦੀ ਸਿਰਜਣਾ ਲਈ ਪ੍ਰੇਰਨਾ ਦਿੰਦੀ ਹੈ। ਅਸੀਂ ਮਹਿਜ਼ ਪਾਠਕ ਹੀ ਨਾ ਬਣੀਏ ਸਗੋਂ ਇਸ ਪੁਸਤਕ ਨੂੰ ਆਪਣੇ ਲਈ ਵੰਗਾਰ ਸਮਝੀਏ ਤੇ ਯਾਦਵਿੰਦਰ ਦੇ ‘ਕਿਹੜਾ ਪੰਜਾਬ’ ਦੇ ਸਵਾਲ ਦਾ ਜਵਾਬ ‘ਪੰਜਾਬ ਜਿਉਂਦਾ ਗੁਰੂਆਂ ਦੇ ਨਾਂ ‘ਤੇ’ ਜਾਂ ‘ਐ ਪੰਜਾਬ ਕਰਾਂ ਕੀ ਸਿਫ਼ਤ ਤੇਰੀ’ ਵਰਗਾ ਸਿਰਜ ਕੇ ਦਈਏ।
ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਅੱਜ ਪੁਸਤਕ ਰਿਲੀਜ਼ ਸਮਾਰੋਹ ਵਿੱਚ ਆਪਣੇ ਮਹਿਬੂਬ ਸੰਪਾਦਕ ਸਿੱਧੂ ਦਮਦਮੀ ਨਾਲ ਮਿਲ ਕੇ ਆਨੰਦ ਆਇਆ। ਡਾ ਸੁਰਜੀਤ ਪਾਤਰ, ਜਸਪਾਲ ਸਿੰਘ ਸਿੱਧੂ, ਅੰਬਰਦੀਪ ਵਰਗੀਆਂ ਕਈ ਰੂਹਾਂ ਦੇ ਦਰਸ਼ਨ ਹੋਏ।ਬਾਕੀ ਕਿਹਦਾ ਕਿਹਦਾ ਨਾਂ ਲਈਏ ਸਾਰਾ ਪਿੰਡ ਹੀ ਮਿੱਤਰਾਂ ਦਾ ਸੀ।