ਪਰਵਾਸੀ ਸਾਹਿੱਤ ਕੇਂਦਰ ਲੁਧਿਆਣਾ ਵੱਲੋਂ ਕੋਰੋਨਾ ਕਾਲ ਤੋਂ ਬਾਅਦ ਪਲੇਠੇ ਸਮਾਗਮ ਵਿਚ 6 ਸਾਹਿਤਕਾਰਾਂ ਦਾ ਸਨਮਾਨ
ਪ੍ਰਧਾਨਗੀ ਡਾ. ਸ ਪ ਸਿੰਘ ਨੇ ਕੀਤੀ।
ਲੁਧਿਆਣਾ, 14 ਅਪ੍ਰੈਲ, 2022: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਲੇਖਕ ਮਿਲਣੀ ਤੇ ਪਰਵਾਸ ਮੈਗਜ਼ੀਨ ਦਾ ਆਸਟਰੇਲੀਆ ਵਿਸ਼ੇਸ਼ ਅੰਕ ਲੋਕ ਅਰਪਣ ਸਮਾਗਮ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਤੇ ਪ੍ਰਧਾਨ ਕਾਲਜ ਪ੍ਰਬੰਧਕ ਕਮੇਟੀ
ਨੇ ਕੀਤੀ। ਪ੍ਰੋ. ਗੁਰਭਜਨ ਸਿੰਘ ਗਿੱਲ ਪ੍ਰਧਾਨ ਲੋਕ ਵਿਰਾਸਤ ਅਕੈਡਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਰਵਾਸੀ ਪੰਜਾਬੀ ਲੇਖਕ ਪਰਮਿੰਦਰ ਸੋਢੀ (ਜਾਪਾਨ), ਗ ਸ ਨਕਸ਼ਦੀਪ ਪੰਜਕੋਹਾ (ਅਮਰੀਕਾ), ਹਰਦਿਆਲ ਸਿੰਘ ਚੀਮਾ (ਅਮਰੀਕਾ) ਨੀਲੂ (ਜਰਮਨੀ), ਸੁਰਿੰਦਰ ਗੀਤ (ਕੈਨੇਡਾ), ਪ੍ਰੀਤ ਗਿੱਲ (ਕੈਨੇਡਾ) ਨੇ ਵੀ ਉਚੇਚੇ ਤੌਰ ’ਤੇ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।
ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਦੀਆਂ ਆਨਲਾਈਨ ਸਰਗਰਮੀਆਂ ਤੋਂ ਬਾਅਦ ਇਹ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਇਹ ਪਹਿਲਾਂ ਰੂ ਬ ਰੂ ਸਮਾਗਮ ਹੈ। ਪਰਵਾਸ ਦੇ ਆਸਟ੍ਰੇਲੀਆ ਵਿਸ਼ੇਸ਼ ਅੰਕ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਅੰਕ ਵਿਚ ਆਸਟ੍ਰੇਲੀਆ ਵਿਚ ਸਰਗਰਮ ਵੱਖ ਵੱਖ ਸਾਹਿਤ ਸਭਾਵਾਂ ਦੀ ਸਥਾਪਤੀ ਉਨ੍ਹਾਂ ਦੀਆਂ ਸਰਗਰਮੀਆਂ ਤੋਂ ਇਲਾਵਾ ਇਸ ਵੇਲੇ ਆਸਟ੍ਰੇਲੀਆ ਵਿਚ ਸੱਤਰ ਦੇ ਕਰੀਬ ਪੰਜਾਬੀ ਸਾਹਿਤ ਸਿਰਜਣਾ ਕਰ ਰਹੇ ਪਰਵਾਸੀ ਲੇਖਕਾਂ ਦਾ ਵੇਰਵਾ ਮੌਜੂਦ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਆਪਣਾ ਵਿਸ਼ੇਸ਼ ਭਾਸ਼ਣ ਦਿੰਦੇ ਹੋਏ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਅੱਜ ਵਿਸ਼ਵ ਭਰ ਵਿੱਚ ਆਪਣੀ ਨਿਵੇਕਲੀ ਪਛਾਣ ਕਾਇਮ ਕਰ ਚੁੱਕਾ ਹੈ ਅਤੇ ਇਸ ਹੀ ਪਛਾਣ ਸਦਕਾ ਅੱਜ ਵੱਖ ਵੱਖ ਮੁਲਕਾਂ ਦੇ ਪਰਵਾਸੀ ਲੇਖਕ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਅੱਜ ਸਾਡੇ ਦਰਮਿਆਨ ਹਾਜ਼ਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਭਰ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਕੰਮ ਕਰ ਰਹੀਆਂ ਸਾਹਿਤ ਸਭਾਵਾਂ ਨੂੰ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਲਗਾਤਾਰ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।
ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਸਰੋਤਿਆਂ ਨਾਲ ਇਸ ਮੌਕੇ ਸਾਂਝੀਆਂ ਕੀਤੀਆਂ। ਇਸ ਉਪਰੰਤ ਪਰਵਾਸੀ ਪੰਜਾਬੀ ਲੇਖਕਾਂ ਨੇ ਆਪੋ ਆਪਣੇ ਮੁਲਕਾਂ ਵਿਚ ਪੰਜਾਬੀ ਸਾਹਿਤ ਦੀ ਸਥਿਤੀ ਬਾਰੇ ਚਰਚਾ ਕੀਤੀ ਆਪੋ ਆਪਣਾ ਸਾਹਿਤਕ ਸਫ਼ਰ ਅਤੇ ਆਪਣੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਪਰਵਾਸ ਮੈਗਜ਼ੀਨ ਦੇ 17ਵੇਂ ਅੰਕ ਦੇ ਸਮੇਤ ਉਹ 13 ਅੰਕ ਵੀ ਲੋਕ ਅਰਪਿਤ ਕੀਤੇ ਗਏ ਜਿਹੜੇ ਕਰੋਨਾ ਕਾਲ ਦੌਰਾਨ ਈ-ਕਾਪੀ ਦੇ ਰੂਪ ਵਿਚ ਪਾਠਕਾਂ ਤੱਕ ਪਹੁੰਚੇ ਸਨ। ਸਿਆਟਲ ਤੋਂ ਆਏ ਗੀਤਕਾਰ ਹਰਦਿਆਲ ਸਿੰਘ ਚੀਮਾ ਦੀ ਪੁਸਤਕ ਸਿੱਖ ਵਿਰਾਸਤ ਬਾਲ ਬੋਧ ਵੀ ਲੋਕ ਅਰਪਿਤ ਕੀਤੀ ਗਈ।
ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਇਸ ਸਮੇਂ ਪਰਵਾਸੀ ਲੇਖਕਾਂ ਨੂੰ ਪੰਜਾਬ ਦੇ ਸਿਰੜ, ਸੁਹਜ ਤੇ ਸਿਦਕ ਦਾ ਚਿੰਨ੍ਹ ਫੁਲਕਾਰੀ ਤੇ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਗ ਸ ਨਕਸ਼ਦੀਪ ਪੰਜਕੋਹਾ ਨੇ ਕਿਹਾ ਕਿ ਉਹ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਵਿਰਾਸਤ, ਇਤਿਹਾਸ ਤੇ ਖੋਜ ਸਬੰਧੀ ਕੰਮ ਕਰਨ ਵਾਲੇ ਪਰਵਾਸੀ ਲੇਖਕਾਂ ਨੂੰ ਆਪਣੇ ਪਰਿਵਾਰ ਵੱਲੋਂ ਹਰ ਸਾਲ ਇਕਵੰਜਾ ਹਜ਼ਾਰ ਰੁਪਏ ਦਾ ਪੁਰਸਕਾਰ ਦਿਆ ਕਰਨਗੇ ਜਿਸ ਦਾ ਫ਼ੈਸਲਾ ਇਹ ਕੇਂਦਰ ਕਰੇਗਾ।
ਪ੍ਰੋਗਰਾਮ ਦੇ ਅਖੀਰ ਤੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਸਭ ਦਾ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ. ਜੀ. ਐਨ. ਆਈ. ਐਮ. ਟੀ. ਲੁਧਿਆਣਾ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਹਿੰਦੀ ਵਿਭਾਗ ਦੇ ਪ੍ਰੋ. ਦਲੀਪ ਸਿੰਘ, ਅੰਗਰੇਜ਼ੀ ਵਿਭਾਗ ਦੇ ਡਾ. ਮਨਦੀਪ ਕੌਰ ਰੰਧਾਵਾ,ਪਰਵਾਸ ਦੇ ਸਹਾਇਕ ਸੰਪਾਦਕ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਵੱਲੋਂ ਕੀਤਾ ਗਿਆ।