ਅਵਤਾਰ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਹਿ “ਪਾਣੀ ‘ਤੇ ਮੂਰਤ” ਬਾਰੇ ਬਰਨਾਲਾ ਵਿਖੇ ਵਿਚਾਰ ਗੋਸ਼ਟੀ
ਬਰਨਾਲਾਃ 15 ਸਤੰਬਰ 2024 - ਗ਼ਜ਼ਲ ਮੰਚ ਬਰਨਾਲਾ ਵੱਲੋਂ ਗ਼ਜ਼ਲਕਾਰ ਅਵਤਾਰ ਸਿੰਘ ਮਾਨ ਦੇ ਗ਼ਜ਼ਲ ਸੰਗ੍ਰਹਿ 'ਪਾਣੀ 'ਤੇ ਮੂਰਤ 'ਉੱਪਰ ਗੋਸ਼ਟੀ ਕਰਵਾਈ ਗਈ ਜਿਸ 'ਤੇ ਡਾਕਟਰ ਰਾਮਪਾਲ ਸ਼ਾਹਪੁਰੀ ਨੇ ਖੋਜ ਪੱਤਰ ਪੜ੍ਹਦਿਆਂ ਕਿਹਾ ਕਿ ਮਾਨ ਆਪਣੀ ਪੁਸਤਕ ਵਿਚ ਸਮਾਜ ਪ੍ਰਤੀ ਉਸਾਰੂ ਨਜ਼ਰੀਏ ਦਾ ਵੀ ਪ੍ਰਗਟਾਵਾ ਕਰਦਾ ਹੈ ਅਤੇ ਅਜੋਕੇ ਮਨੁੱਖੀ ਮਾਪਦੰਡਾਂ ਅਤੇ ਨਵੀਨ ਪ੍ਰਵਿਰਤੀਆਂ ਦੀ ਗੱਲ ਕਰਦਾ ਹੈ। ਉਨ੍ਹਾਂ ਨੇ ਆਪਣੀ ਆਲੋਚਨਾਤਮਿਕ ਦ੍ਰਿਸ਼ਟੀ ਵਿਸ਼ੇ ਪੱਖ 'ਤੇ ਕੇਂਦ੍ਰਿਤ ਰੱਖੀ।
ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਮਾਨ ਦੀਆਂ ਗ਼ਜ਼ਲਾਂ ਦੇ ਤਕਨੀਕੀ ਪੱਖ ਦੀ ਵਿਆਖਿਆ ਕਰਦਿਆਂ ਮਾਨ ਨੂੰ ਬਹਿਰ ਵਜ਼ਨ ਦਾ ਗਿਆਤਾ ਸ਼ਾਇਰ ਕਿਹਾ।
ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਮਾਨ ਚੇਤਨ ਸ਼ਾਇਰ ਹੈ ਅਤੇ ਆਲ਼ੇ ਦੁਆਲ਼ੇ ਦੇ ਬਹੁ ਪਰਤੀ ਜੀਵਨ ਨੂੰ ਸਮਝਦਾ ਵੀ ਹੈ।
ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਮਾਨ ਅਣਦਿਸਦੇ ਸਮਾਜ ਨੂੰ ਚਿਤਰਦਾ ਹੈ।
ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਮਾਨ ਦੀ ਸ਼ਾਇਰੀ ਗਾਉਣ ਅਤੇ ਯਾਦ ਰਹਿਣ ਦੇ ਸਮਰੱਥ ਹੈ। ਮੰਚ ਦੇ ਜਨਰਲ ਸਕੱਤਰ ਗੁਰਪਾਲ ਸਿੰਘ ਬਿਲਾਵਲ ਨੇ ਕਿਹਾ ਕਿ ਮਾਨ ਦੀਆਂ ਗ਼ਜ਼ਲਾਂ ਵਿਚ ਵਿਸ਼ਿਆਂ ਦੀ ਬਹੁਲਤਾ ਹੈ।
ਮੰਚ ਦੇ ਪ੍ਰਧਾਨ ਜਗਜੀਤ ਗੁਰਮ ਨੇ ਕਿਹਾ ਕਿ ਮਾਨ ਬਦਲੇ ਹੋਏ ਦੌਰ ਦੇ ਕਾਰਨ ਸਮਝ ਕੇ ਕਾਵਿ ਕਠਾਲੀ ਵਿਚ ਢਾਲ਼ ਕੇ ਗ਼ਜ਼ਲ ਸਿਰਜਣਾ ਕਰਨ ਦੇ ਸਮਰੱਥ ਹੈ। ਪੜ੍ਹੇ ਗਏ ਪੇਪਰ ਨਾਲ ਸਾਰਿਆਂ ਬੁਲਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ। ਪੁਸਤਕ ਬਾਰੇ ਡਾਕਟਰ ਹਰਭਗਵਾਨ ਅਤੇ ਲਛਮਣ ਦਾਸ ਮੁਸਾਫ਼ਿਰ ਨੇ ਵੀ ਵਿਚਾਰ ਪੇਸ਼ ਕੀਤੇ। ਗੋਸ਼ਟੀ ਦੇ ਪ੍ਰਧਾਨ ਗ਼ਜ਼ਲਗੋ ਅਜੀਤਪਾਲ ਜਟਾਣਾ ਅਤੇ ਮੁੱਖ ਮਹਿਮਾਨ ਗ਼ਜ਼ਲਕਾਰ ਕੁਲਵਿੰਦਰ ਬੱਛੋਆਣਾ ਨੇ ਕਿਹਾ ਕਿ ਅਵਤਾਰ ਸਿੰਘ ਮਾਨ ਨੇ ਢਾਈ ਦਹਾਕਿਆਂ ਵਿਚ ਲਿਖੀਆਂ ਗ਼ਜ਼ਲਾਂ ਪੁਸਤਕ ਵਿਚ ਸ਼ਾਮਿਲ ਕਰਕੇ ਪ੍ਰੌੜ ਸ਼ਾਇਰ ਹੋਣ ਦਾ ਪ੍ਰਮਾਣ ਦਿੱਤਾ ਹੈ। ਅਵਤਾਰ ਸਿੰਘ ਮਾਨ ਨੇ ਗ਼ਜ਼ਲ ਪ੍ਰਤੀ ਆਪਣੇ ਅਪਣਾਏ ਨਜ਼ਰੀਏ ਬਾਰੇ ਚਾਨਣਾ ਪਾਇਆ।
ਪੰਜਾਬੀ ਕਵੀ ਚਰਨਜੀਤ ਸਮਾਲਸਰ ਦੀ ਪ੍ਰਧਾਨਗੀ ਵਿਚ ਹੋਏ ਕਵੀ ਦਰਬਾਰ ਵਿਚ ਸਾਇਰ ਹਰ ਮਨ, ਜਗਤਾਰ ਪੱਖੋ, ਗੁਰਮੀਤ ਗੈਰੀ, ਧਾਮੀ ਗਿਂਲ, ਹਰਜੀਤ ਕਾਤਿਲ, ਪਾਲ ਸਿੰਘ ਲਹਿਰੀ, ਰਾਜਿੰਦਰ ਸੌਂਕੀ, ਸੁਖਵਿੰਦਰ ਸਨੇਹ, ਰਾਮ ਸਰੂਪ ਸਰਮਾ, ਰਘੁਬੀਰ ਸਿੰਘ ਕੱਟੂ, ਪਰਮ ਸਹਿਜੜਾ, ਰਾਜਿੰਦਰ ਸੌਂਕੀ ,ਸੁਰਜੀਤ ਸਿੰਘ ਦਿਹੜ, ਅੰਜਨਾ ਕੁਮਾਰੀ, ਮਨਦੀਪ ਕੌਰ ਭਦੌੜ, ਚਰਨ ਸਿੰਘ ਭਦੌੜ, ਕਰਮਿੰਦਰ ਸਿੰਘ ਰੀਟ ਅਤੇ ਦਰਸ਼ਨ ਸਿੰਘ ਸ਼ੌਂਕੀ ਨੇ ਆਪਣੀਆਂ ਗ਼ਜ਼ਲਾਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਸਟੇਜ ਦਾ ਫ਼ਰਜ਼ ਗੁਰਪਾਲ ਸਿੰਘ ਬਿਲਾਵਲ ਨੇ ਨਿਭਾਇਆ। ਧੰਨਵਾਦ ਜਗਜੀਤ ਗੁਰਮ ਨੇ ਕੀਤਾ ।