ਚੰਡੀਗੜ੍ਹ 17 ਜੂਨ 2018: ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਸੈਕਟਰ 16 ਕਲਾ ਭਵਨ ਦੇ ਵਿਹੜੇ ਰਚਾਏ ਗਏ ਸਾਹਿਤਕ ਸਮਾਗਮ ਦੌਰਾਨ ਨਾਮਵਰ ਕਵਿੱਤਰੀ ਮਨਜੀਤ ਇੰਦਰਾ ਦੀ ਕਾਵਿ ਪੁਸਤਕ 'ਤਾਂਡਵ' ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਡਾ. ਦੀਪਕ ਮਨਮੋਹਨ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਡਾ. ਮਨਮੋਹਨ ਅਤੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਹੁਰਾਂ ਦਾ ਪੰਜਾਬੀ ਲੇਖਕ ਸਭਾ ਵੱਲੋਂ ਸਭ ਤੋਂ ਪਹਿਲਾਂ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਤੇ ਫਿਰ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਸਭਨਾਂ ਨੂੰ ਜੀ ਆਇਆ ਆਖਦਿਆਂ ਸਮੁੱਚੇ ਪ੍ਰਧਾਨਗੀ ਮੰਡਲ ਨਾਲ ਮਨਜੀਤ ਇੰਦਰਾ ਦੀ ਕਿਤਾਬ 'ਤਾਂਡਵ' ਰਿਲੀਜ਼ ਕੀਤੀ। ਇਸ ਸਬੰਧੀ ਗੱਲ ਕਰਦਿਆਂ ਡਾ. ਸੁਰਜੀਤ ਪਾਤਰ ਹੁਰਾਂ ਨੇ ਆਖਿਆ ਕਿ ਕਵਿਤਾ 'ਚ ਤਾਂਡਵ ਨਹੀਂ ਹੈ, ਤਾਂਡਵ ਦੀ ਤਾਂਘ ਹੈ। ਕਿਉਂਕਿ ਅੱਜ ਅਜਿਹੇ ਤਾਂਡਵ ਦੀ ਜ਼ਰੂਰਤ ਹੈ। ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਕਵੀ ਦੀ ਰਚਨਾ ਵਿਚ ਜਿੱਥੇ ਉਸਦਾ ਚਾਨਣ ਸ਼ਾਮਲ ਹੁੰਦਾ ਹੈ, ਉਥੇ ਨਾਲ-ਨਾਲ ਉਸਦਾ ਹਨ੍ਹੇਰਾ ਵੀ ਸ਼ਾਮਲ ਹੁੰਦਾ ਹੈ। ਉਨ੍ਹਾਂ ਮਨਜੀਤ ਇੰਦਰਾ ਦੇ ਕਾਵਿ ਸੰਗ੍ਰਹਿ 'ਤਾਂਡਵ' ਨੂੰ ਸਮਾਜਿਕ, ਰਾਜਨੀਤਿਕ ਤੇ ਲੋਕਾਂ ਦਾ ਚਿਹਰਾ ਦੱਸਿਆ ਤੇ ਨਾਲ ਹੀ ਉਨ੍ਹਾਂ ਤੌਖਲਾ ਵੀ ਜ਼ਾਹਿਰ ਕੀਤਾ ਕਿ ਅੱਜ ਕਵੀ ਜ਼ਿਆਦਾ ਬੋਲਦਾ ਹੈ ਤੇ ਕਵਿਤਾ ਚੁੱਪ ਰਹਿ ਜਾਂਦੀ ਹੈ।
ਇਸੇ ਤਰ੍ਹਾਂ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੰਚੇ ਡਾ. ਦੀਪਕ ਮਨਮੋਹਨ ਸਿੰਘ ਨੇ 'ਤਾਂਡਵ' ਦੇ ਰਿਲੀਜ਼ ਸਮਾਗਮ 'ਤੇ ਮਨਜੀਤ ਇੰਦਰਾ ਨੂੰ ਵਧਾਈਆਂ ਦਿੰਦਿਆਂ ਆਖਿਆ ਕਿ ਮਨਜੀਤ ਇੰਦਰਾ ਵੀ ਬਦਲ ਗਈ ਹੈ ਤੇ ਇਸ ਦੀ ਲੇਖਣੀ ਵੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਲੇਖਕਾ ਦੀ ਹਿੰਮਤ ਨੂੰ ਦਾਦ ਤੇ ਇਹ ਅੱਜ ਸਾਡੇ ਲਈ ਇੱਜਤ ਦੀ ਪਾਤਰ ਬਣ ਗਈ ਹੈ। ਇਸੇ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਮਨਮੋਹਨ ਨੇ ਆਖਿਆ ਕਿ ਲੇਖਕ ਦਾ ਕਾਰਜ ਲੇਖਣੀ ਲਿਖਣਾ ਹੈ, ਉਹ ਕਾਮਯਾਬ ਹੋਇਆ ਹੈ ਜਾਂ ਨਹੀਂ ਇਸ ਦਾ ਫੈਸਲਾ ਪਾਠਕਾਂ ਨੇ ਕਰਨਾ ਹੁੰਦਾ ਹੈ। ਕਵਿਤਾ ਕਿੱਥੇ ਖੜ੍ਹੀ ਹੈ ਇਹ ਪਾਠਕਾਂ 'ਤੇ ਛੱਡ ਦੇਣਾ ਚਾਹੀਦਾ ਹੈ। ਡਾ. ਮਨਮੋਹਨ ਨੇ 'ਤਾਂਡਵ' ਨੂੰ ਅੱਜ ਦੇ ਸਮੇਂ ਦੀ ਕਵਿਤਾ ਦੱਸਦਿਆਂ ਸਮੂਹ ਲੇਖਕਾਂ ਨੂੰ ਅਪੀਲ ਕੀਤੀ ਕਿ ਜੋ ਭਾਵ ਮਨ ਵਿਚ ਉਪਜਦੇ ਹਨ ਉਸ ਨੂੰ ਸਹਿਜਤਾ ਨਾਲ ਹੀ ਲਿਖ ਦੇਣਾ ਚਾਹੀਦਾ ਹੈ। ਜਦੋਂ ਜਬਰਦਸਤੀ ਕਵਿਤਾ ਨੂੰ ਸ਼ਬਦਾਂ ਵਿਚ ਬੰਨ੍ਹਣ ਦੀ, ਸ਼ਬਦਾਂ ਵਿਚ ਕੈਦ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਫਿਰ ਭਾਵ ਅਰਥ ਬਦਲ ਜਾਂਦੇ ਹਨ। ਇਸ ਲਈ ਅਜੋਕੀ ਕਵਿਤਾ ਤੇ ਅਜੋਕੀ ਲੇਖਣੀ ਨੂੰ ਸ਼ਬਦਾਂ ਦੀ ਕੈਦ 'ਚੋਂ ਅਜ਼ਾਦ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਕਿਤਾਬ ਰਿਲੀਜ਼ ਤੋਂ ਬਾਅਦ ਇਸ 'ਤੇ ਵਿਸਥਾਰਤ ਪਰਚਾ ਡਾ. ਪਰਵੀਨ ਕੁਮਾਰ ਅਤੇ ਡਾ. ਭੀਮਇੰਦਰ ਸਿੰਘ ਨੇ ਪੜ੍ਹਦਿਆਂ ਤਕਰੀਰਾਂ ਤੇ ਦਲੀਲਾਂ ਨਾਲ ਕਿਤਾਬ ਅਤੇ ਕਵਿਤਾ ਦੇ ਸਾਰੇ ਪਹਿਲੂ ਛੋਹੇ। ਇਸੇ ਵਿਚਾਰ-ਚਰਚਾ ਵਿਚ ਅਰਵਿੰਦਰ ਕੌਰ ਕਾਕੜਾ, ਸੁਸ਼ੀਲ ਦੁਸਾਂਝ, ਅਰਕੰਵਲ ਕੌਰ ਤੇ ਮਨਮੋਹਨ ਸਿੰਘ ਦਾਊਂ ਹੁਰਾਂ ਨੇ ਹਿੱਸਾ ਲੈਂਦਿਆਂ ਕੁਝ ਸਵਾਲ ਵੀ ਖੜ੍ਹੇ ਕੀਤੇ। ਜਦਕਿ ਮਾਹੌਲ ਨੂੰ ਸੰਗੀਤਮਈ ਕਰਦਿਆਂ ਪੰਜਾਬੀ ਸੱਭਿਆਚਾਰ ਦੀ ਨਾਮਵਰ ਗਾਇਕਾ ਡੌਲੀ ਗੁਲੇਰੀਆ ਨੇ ਮਨਜੀਤ ਇੰਦਰਾ ਦੇ ਕਾਵਿ ਗੀਤ 'ਜੋਗੀ ਮੁੜ ਕੇ ਫੇਰ ਨਾ ਆਏ' ਗਾ ਕੇ ਤਾਲੀਆਂ ਲੁੱਟੀਆਂ।
ਸਮੁੱਚੇ ਸਮਾਗਮ ਲਈ ਜਿੱਥੇ ਪ੍ਰਧਾਨਗੀ ਮੰਡਲ ਦਾ ਆਏ ਹੋਏ ਸਾਹਿਤਕਾਰਾਂ ਦਾ, ਕਵੀਆਂ ਦਾ ਮਨਜੀਤ ਇੰਦਰਾ ਨੇ ਧੰਨਵਾਦ ਕੀਤਾ, ਉਥੇ ਆਪਣੀ ਕਿਤਾਬ ਵਿਚੋਂ ਕੁਝ ਨਜ਼ਮਾਂ ਪੜ੍ਹਦਿਆਂ ਇਕ ਗੀਤ ਵੀ ਗੁਣਗੁਣਾਇਆ। ਮਨਜੀਤ ਇੰਦਰਾ ਨੇ ਜਦੋਂ 'ਕਬਰਾਂ' ਕਵਿਤਾ ਦੀਆਂ ਸਤਰਾਂ '21ਵੀਂ ਸਦੀ ਦਾ ਸੂਰਜ, 15ਵੀਂ ਸਦੀ ਵੱਲ ਕਿਉਂ ਪਰਤ ਰਿਹਾ ਹੈ' ਪੜ੍ਹੀ ਤਾਂ ਮਹਿਫ਼ਲ ਅਸ਼-ਅਸ਼ ਕਰ ਉਠੀ। ਇਸ ਸਾਹਿਤਕ ਸਮਾਗਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਬਲਕਾਰ ਸਿੱਧੂ ਹਰਾਂ ਨੇ ਬਾਖੂਬੀ ਨਿਭਾਈ।
ਇਸ ਮੌਕੇ ਵੱਡੀ ਗਿਣਤੀ 'ਚ ਮੌਜੂਦ ਸਾਹਿਤਕਾਰਾਂ, ਕਵੀਆਂ ਤੇ ਲੇਖਕਾਂ ਵਿਚ ਗੁਰਨਾਮ ਕੰਵਰ, ਦਰਸ਼ਨ ਬੁੱਟਰ, ਮਨਜੀਤ ਕੌਰ ਮੀਤ, ਰਜਿੰਦਰ ਕੌਰ, ਸੁਲਤਾਨਾ ਬੇਗਮ, ਡੌਲੀ ਗੁਲੇਰੀਆ, ਅਸ਼ੋਕ ਨਾਦਿਰ, ਸੁਸ਼ੀਲ ਦੁਸਾਂਝ, ਊਸ਼ਾ ਕੰਵਰ, ਕਮਲੇਸ਼ ਉਪਲ, ਅਰਵਿੰਦਰ ਕੌਰ ਕਾਕੜਾ, ਅਰਕੰਵਲ ਕੌਰ, ਜਗਦੀਪ ਸਿੱਧੂ, ਕੇਦਾਰ ਨਾਥ ਕੇਦਾਰ, ਪਾਲ ਅਜਨਬੀ, ਅਵਤਾਰ ਸਿੰਘ ਪਤੰਗ, ਹਰਮਿੰਦਰ ਕਾਲੜਾ, ਮਨਮੋਹਨ ਸਿੰਘ ਦਾਊਂ, ਤਾਰਨ ਗੁਜ਼ਰਾਲ, ਪ੍ਰਿੰਸੀਪਲ ਗੁਰਦੇਵਪਾਲ ਕੌਰ, ਬਾਬੂ ਰਾਮ ਦੀਵਾਨਾ, ਦਲਜੀਤ ਕੌਰ ਦਾਊਂ, ਤੇਜਾ ਸਿੰਘ ਥੂਹਾ, ਗੁਰਦਰਸ਼ਨ ਮਾਵੀ, ਸੰਜੀਵਨ ਸਿੰਘ, ਜੰਗ ਬਹਾਦੁਰ ਗੋਇਲ, ਭੁਪਿੰਦਰ ਮਲਿਕ, ਪ੍ਰੀਤਮ ਰੁਪਾਲ, ਗੋਵਰਧਨ ਗੱਬੀ, ਦਰਸ਼ਨ ਦਰਵੇਸ਼, ਡਾ. ਗੁਰਮੇਲ ਸਿੰਘ, ਨਰਿੰਦਰ ਕੌਰ ਨਸਰੀਨ, ਜਗਦੀਪ ਕੌਰ ਨੂਰਾਨੀ, ਦਰਸ਼ਨ ਤ੍ਰਿਊਣਾ, ਜੋਗਿੰਦਰ ਸਿੰਘ, ਪ੍ਰੋ. ਪੁਸ਼ਪਿੰਦਰ ਕੌਰ ਗਰੇਵਾਲ, ਸਤਨਾਮ ਚੌਹਾਨ ਪਟਿਆਲਾ ਅਤੇ ਦੀਪਕ ਸ਼ਰਮਾ ਚਨਾਰਥਲ ਵੀ ਮੌਜੂਦ ਸਨ।