ਕੱਲ੍ਹ ਪੂਰਾ ਦਿਨ ਸ਼ਿਵ ਕੁਮਾਰ ਦੇ ਲੇਖੇ ਸੀ। ਬਰਸੀ ਸਮਾਗਮ ਚ ਸ਼ਾਮਿਲ ਹੋ ਕੇ ਇਹ ਸਕੂਨ ਮਿਲਿਆ ਕਿ 1974 ਚ ਸ਼ਿਵ ਦੀ ਪਹਿਲੀ ਬਰਸੀ ਤੋਂ ਲੈ ਕੇ ਲਗਪਗ ਹਰ ਬਰਸੀ ਸਮਾਗਮ ਤੇ ਮੈਂ ਸਾਥੀਆਂ ਸਮੇਤ ਮੈਂ ਵਟਾਲੇ ਵਿੱਚ ਹੁੰਦਾ ਹਾਂ।
ਪਹਿਲੀ ਬਰਸੀ ਤੇ ਸ਼ਰਧਾਂਜਲੀ ਸਮਾਗਮ ਖ਼ਾਲਸਾ ਸਕੂਲ ਚ ਮਨਾਇਆ ਗਿਆ ਸੀ। ਦੂਜੇ ਸਾਲ 1975 ਚ ਸ਼ਿਵ ਦੇ ਮਾਤਾ ਜੀ ਸਮਾਗਮ ਚ ਸ਼ਾਮਿਲ ਹੋਏ ਸਨ। ਗੁਰੂ ਨਾਨਕ ਕਾਲਿਜ ਵਾਲੇ ਸਮਾਗਮ ਚਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ। ਜਸਵੰਤ ਸਿੰਘ ਕੰਵਲ ਤੇ ਕਪੂਰ ਸਿੰਘ ਘੁੰਮਣ ਹੱਥੋਂ ਹਰਭਜਨ ਸਿੰਘ ਬਾਜਵਾ ਨੇ ਇਹ ਸ਼ੁਭ ਕਾਰਜ ਕਰਵਾਇਆ ਸੀ। ਮੈਂ ਆਰਸੀ ਮੈਗਜ਼ੀਨ ਚ ਇਸ ਸਮਾਗਮ ਬਾਰੇ ਲਿਖਿਆ ਸੀ ਦੋ ਹਰਫ਼ ਰਸੀਦੀ ਨਾਮ ਹੇਠ।
ਅੱਜ ਬਾਜਵਾ ਸਾਹਿਬ ਹਾਜ਼ਰ ਨਹੀਂ ਸਨ।
ਮੱਸਿਆ ਮਨ੍ਹੇਰ ਦੀ ਵਗੇ
ਪੁੱਤ ਸਹੁਰੇ ਦਾ ਨਜ਼ਰ ਨਾ ਆਵੇ।
ਬਟਾਲੇ ਚ ਹੀ ਸਾਡਾ ਨਿੱਕਾ ਵੀਰ( ਡਾ: ਸੈਮੂਅਲ ਗਿੱਲ ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਚ ਪੰਜਾਬੀ ਵਿਭਾਗ ਦਾ ਮੁਖੀ) ਪਿਛਲੇ ਚਾਰ ਮਹੀਨਿਆਂ ਤੋਂ ਮੰਜੇ ਤੇ ਹੈ। ਪੂਰਨ ਬੇਹੋਸ਼ੀ ਚ ਪਿਆ ਹੈ ਸਾਡਾ ਸ਼ਕਤੀ ਸੋਮਾ। ਮੈਡੀਕਲ ਅਣਗਹਿਲੀ ਦਾ ਸ਼ਿਕਾਰ। ਮਿਲਣ ਗਏ ਅਸੀਂ ਉਸਦੇ ਘਰ।
ਮਨ ਭਰ ਆਇਆ ਬੋਲਣਾ ਚਾਹੁੰਦਾ ਸੀ ਉਹ ਪਰ ਬੇਬਸ ਸੀ। ਅੱਖਾਂ ਚ ਨੀਰ ਸੀ ਪਰ .....
ਸ਼ੁਭ ਕਾਮਨਾ ਹੀ ਹੈ।
ਉਸਦੀ ਬੀਵੀ ਨੇ ਸੈਮੂਅਲ ਦੀ ਨਵੀਂ ਛਪੀ ਕਿਤਾਬ
ਬਟਾਲੇ ਦੇ ਪੰਜਾਬੀ ਕਵੀ ਵਿਖਾਈ। ਨਵੀਂ ਹੈ। ਬੀਮਾਰ ਹੋਣੋਂ ਕੁਝ ਦਿਨ ਪਹਿਲਾਂ ਹੀ ਲੋਕਗੀਤ ਵਾਲਿਆਂ ਨੂੰ ਛਪਣ ਭੇਜੀ ਸੀ ਉਸ।
ਵਾਪਸੀ ਤੇ ਕਾਦੀਆਂ ਚੁੰਗੀ ਤੇ ਡਾ: ਹਰਪ੍ਰੀਤ ਸਿੰਘ ਹੁੰਦਲ ਦਿਸਿਆ ਤਾਂ ਅਸੀਂ ਨਾਲ ਹੀ ਲੈ ਲਿਆ। ਉਹ ਸਿੱਖ ਨੈਸ਼ਨਲ ਕਾਲਿਜ ਕਾਦੀਆਂ ਚ ਪ੍ਰੋਫੈਸਰ ਹੈ ਪੰਜਾਬੀ ਦਾ। ਹਰਭਜਨ ਸਿੰਘ ਹੁੰਦਲ ਦਾ ਵੱਡਾ ਪੁੱਤਰ।
ਵੱਡੇ ਭਾ ਜੀ ਪ੍ਰੋ: ਸੁਖਵੰਤ ਸਿੰਘ ਗਿੱਲ ਨੂੰ ਅਰਬਨ ਅਸਟੇਟ ਘਰ ਮਿਲਣ ਜਾਣਾ ਹੀ ਸੀ। ਉਨਾਂ ਦੀ ਕਿਤਾਬ ਸ਼ਬਦ ਯਾਤਰਾ ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ ,ਪਿਰਥੀਪਾਲ, ਅਨੂਪ ਸਿੰਘ , ਉਨ੍ਹਾਂ ਦੇ ਸਹਿਪਾਠੀ ਤੇ ਮੇਰੇ ਅਧਿਆਪਕ ਮਾਸਟਰ ਹਰਭਜਨ ਸਿੰਘ ਭਾਗੋਵਾਲੀਆ ਤ੍ਰੈਲੋਚਨ
ਲੋਚੀ ਤੇ ਮਨਜਿੰਦਰ ਧਨੋਆ ਨੇ ਲੋਕ ਅਰਪਣ ਕੀਤੀ।
ਤਰਕ ਭਾਰਤੀ ਬਰਨਾਲਾ ਵਾਲਿਆਂ ਨੇ ਪ੍ਰਕਾਸ਼ਿਤ ਕੀਤੀ ਹੈ।
ਮੈਂ ਭਾ ਜੀ ਨੂੰ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੀ ਨਵ ਪ੍ਰਕਾਸ਼ਿਤ ਕਿਤਾਬ
ਪੀੜ ਪਰਵਾਸੀਆਂ ਦੀ ਭੇਂਟ ਕੀਤੀ।
ਲੁਧਿਆਣੇ ਪਰਤਦਿਆਂ ਰਾਹ ਚ ਢਿੱਲਵਾਂ ਨੇੜੇ ਹਰਭਜਨ ਸਿੰਘ ਹੁੰਦਲ ਦਾ ਪਿੰਡ ਫੱਤੂਚੱਕ ਆਉਂਦਾ ਹੈ। ਹਰਪ੍ਰੀਤ ਨਾ ਵੀ ਕਹਿੰਦਾ ਤਾਂ ਅਸੀਂ ਵੱਡੇ ਭਾਊ ਹੁੰਦਲ ਨੂੰ ਮਿਲ ਕੇ ਹੀ ਜਾਣਾ ਸੀ।
ਮਿੱਤਰਾਂ ਦਾ ਪਿੰਡ ਲੰਘ ਕੇ
ਮੇਰਾ ਪੈਰ ਪਿਛਾਂਹ ਨੂੰ ਜਾਵੇ।
ਜੇ ਕਦੇ ਨਾ ਮਿਲ ਕੇ ਜਾਵਾਂ ਤਾਂ ਮੇਰੀ ਹਾਲਤ ਇਹੋ ਹੀ ਹੁੰਦੀ ਹੈ। ਹੁੰਦਲ ਨਿਰੰਤਰ ਗਤੀਸ਼ੀਲ ਲਿਖਾਰੀ ਹੈ। ਮੌਲਿਕ ਸਾਹਿੱਤ ਸਿਰਜਣ, ਸੰਪਾਦਨ, ਅਨੁਵਾਦ, ਲਿਪੀਅੰਤਰਣ ਚ ਜੁੱਟਿਆ ਹੀ ਰਹਿੰਦਾ ਹੈ। ਨਿਰੰਤਰ ਕਰਮਸ਼ੀਲ ਯੋਧਾ। 80 ਸਾਲ ਤੋਂ ਕੁਝ ਡੰਡੇ ਪਾਰ ਕਰ ਚੁਕਾ ਹੈ।
ਆਵਾਜ਼ ਚ ਗੜ੍ਹਕਾ, ਭਬਕਾਰ ਕਾਇਮ ਹੈ। ਹਰ ਪਰ ਨਵੇਂ ਸਫ਼ਰ ਦਾ ਮੁਸਾਫ਼ਿਰ।
ਚਿਰਾਗ ਦਾ ਸੰਪਾਦਨ ਵੀ ਕਰੀ ਜਾਂਦਾ ਹੈ।
ਆਪਣੇ ਮਿੱਤਰ ਗੁਰਦਿਆਲ ਬੱਲ ਤੇ ਨਿੱਕੇ ਪੁੱਤਰ ਵੱਲੋਂ ਕੈਨੇਡਿਓਂ ਘੱਲੀਆਂ ਕਿਤਾਬਾਂ ਨੂੰ ਪੜ੍ਹ ਕੇ ਹੀ ਸੌਂਦਾ ਹੈ।
ਕੂਹਣੀਆਂ ਭਾਰ ਪੜ੍ਹਨ ਦੀ ਅਦਤ ਪੂਰੀ ਰਾਤ ਜਾਗਦੀ ਹੈ। ਦੋ ਚਿਰਾਗਾਂ ਦੇ ਵਿਚਕਾਰ ਸੂਰਜ ਰਾਤ ਭਰ ਮਘਦਾ ਹੈ ਵਿਚਾਰਾਂ ਦਾ।
ਕਦੇ ਫੈਜ਼ ਅਹਿਮਦ ਫੈਜ਼ ਕਦੇ ਹਬੀਬ ਜਾਲਿਬ ਕਦੇ ਅਫ਼ਜ਼ਲ ਤੌਸੀਫ਼ ਬਾਰੇ ਕਿਤਾਬ ਲਿਖਦੈ ਹੁਣ ਮੁਹੰਮਦ ਅਲੀ ਜਿਨਾਹ ਬਾਰੇ ਲਿਖਣ ਦੀ ਤਿਆਰੀ ਚ ਹੈ।
ਲੰਮੀ ਦੌੜ ਦਾ ਘੋੜਾ ਹੈ ਹੈ ਸਾਡਾ ਭਾਊ।
ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ,ਤਰਲੋਚਨ ਲੋਚੀ, ਮਨਜਿੰਦਰ ਧਨੋਆ ਪਿਰਥੀਪਾਲ ਸਿੰਘ ਤੇ ਸ: ਪਰਤਾਪ ਸਿੰਘ ਸਮੇਤ ਮੈਂ ਵੱਡੇ ਵੀਰ ਦੇ ਚਰਨ ਪਰਸ ਕੇ ਜਦ ਪਰਤ ਰਿਹਾ ਸਾਂ ਤਾਂ ਮਨ ਪੁੱਛ ਰਿਹਾ ਸੀ ਤੇਰੇ ਸਮੇਤ ਤੇਰੀ ਪੀੜ੍ਹੀ ਕੋਲ ਏਨੀ ਊਰਜਾ ਕਿਉਂ ਨਹੀਂ। ਕਿਹੜੇ ਕੰਮਾਂ ਚ ਘਸ ਚੱਲੇ ਹੋ ਸਾਬਣ ਦੀ ਚਿੱਪਰ ਵਾਂਗ।
ਸਲਾਮ !
ਕਲਮ ਦੇ ਕਾਮੇ ਤੇ ਯੋਧੇ ਨੂੰ।
ਗੁਰਭਜਨ ਗਿੱਲ
7.7.2017