ਆ ਗਏ ਹੋ ਤੁਸੀਂ।
ਬੂਹਾ ਖੁੱਲ੍ਹਾ ਹੈ, ਅੰਦਰ ਆ ਜਾਓ।
ਇੱਕ ਪਲ ਠਹਿਰੋ...
ਡਿਓਢੀ ਚ ਪਏ ਪਾਏਦਾਨ ਤੇ,
ਆਪਣਾ ਹੰਕਾਰ ਝਾੜ ਆਉਣਾ।
ਫੁੱਲਾਂ ਲੱਦੀ ਵੇਲ ਬਨੇਰੇ ਨਾਲ ਲਿਪਟੀ ਹੈ।
ਆਪਣੀ ਨਾਰਾਜ਼ਗੀ ਓਥੇ ਡੋਲ੍ਹ ਆਉਣਾ।
ਤੁਲਸੀ ਦੀ ਕਿਆਰੀ ਚ,
ਮਨ ਦੀ ਚੰਚਲਤਾ ਚੜ੍ਹਾ ਆਉਣਾ।
ਆਪਣੇ ਸਾਰੇ ਰੁਝੇਵੇਂ ,
ਬਾਹਰ ਕਿੱਲੀ ਤੇ ਟੰਗ ਆਉਣਾ।
ਜੋੜੇ ਉਤਾਰਦਿਆਂ,
ਹਰ ਨਾਕਾਰ ਵਿਚਾਰ ਉਤਾਰ ਦੇਣਾ।
ਬਾਹਰ ਖੇਡਦੇ ਬੱਚਿਆਂ ਤੋਂ,
ਥੋੜੀ ਸ਼ਰਾਰਤ ਮੰਗ ਲੈਣਾ।
ਉਹ ਗੁਲਾਬ ਦੇ ਗਮਲੇ ਵਿੱਚ
ਮੁਸਕਾਨ ਬੀਜੀ ਹੈ,
ਤੋੜ ਕੇ ਪਹਿਨ ਲੈਣਾ।
ਲਿਆਓ,
ਆਪਣੀਆਂ ਉਲਝਣਾਂ ਮੈਨੂੰ ਦੇ ਦਿਓ।
ਤੁਹਾਡੀ ਥਕੇਵਾਂ ਲਾਹਵਾਂ।
ਪਲਕਾਂ ਦਾ ਪੱਖਾ ਝੁਲਾਵਾਂ।
ਵੇਖੋ, ਸ਼ਾਮ ਵਿਛਾਈ ਹੈ ਮੈਂ,
ਸੂਰਜ ਬਰੂਹਾਂ ਤੇ ਬੰਨ੍ਹਿਆ ਹੈ।
ਲਾਲੀ ਛਿੜਕੀ ਹੈ ਅੰਬਰ ਵਿੱਚ।
ਪ੍ਰੇਮ ਤੇ ਵਿਸ਼ਵਾਸ ਦੇ
ਮੱਧਮ ਸੇਕ ਤੇ
ਚਾਹ ਧਰੀ ਹੈ।
ਘੁੱਟ ਘੁੱਟ ਪੀਣਾ।
ਸੁਣੋ, ਏਨਾ ਮੁਸ਼ਕਿਲ ਨਹੀਂ ਹੈ ਜੀਣਾ।
ਪੰਜਾਬੀ ਰੂਪ: ਗੁਰਭਜਨ ਗਿੱਲ