ਚੰਡੀਗੜ੍ਹ, 12 ਅਪ੍ਰੈਲ, 2017 : ਚੰਡੀਗੜ੍ਹ ਖੇਤਰ ਨਾਲ ਸਬੰਧਤ ਨਾਮਚਿੰਨ੍ਹ ਸਾਹਿਤਕਾਰ ਬੀਬੀ ਪਰਮਜੀਤ ਕੌਰ ਪਰਮ ਦੀ ਲਿਖਤ ਪੁਸਤਕ 'ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ' ਆਉਂਦੇ ਸ਼ਨੀਵਾਰ 15 ਅਪ੍ਰੈਲ ਨੂੰ ਸ਼ਾਮੀਂ 3.00 ਵਜੇ ਪੰਜਾਬ ਕਲਾ ਭਵਨ ਸੈਕਟਰ 16 ਵਿਖੇ ਰਿਲੀਜ਼ ਕੀਤੀ ਜਾਵੇਗੀ। ਪੰਜਾਬੀ ਲੇਖਕ ਸਭਾ ਚੰਡੀਗੜ੍ਹ (ਰਜਿ.) ਵਲੋਂ ਆਯੋਜਿਤ ਇਸ ਪੁਸਤਕ ਰਿਲੀਜ਼ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਸਤਿੰਦਰ ਸੱਤੀ ਹੋਰੀਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਇਸੇ ਤਰ੍ਹਾਂ ਸਮਾਗਮ ਦੀ ਪ੍ਰਧਾਨਗੀ ਚੰਡੀਗੜ੍ਹ ਦੀ ਮੇਅਰ ਸ੍ਰੀਮਤੀ ਆਸ਼ਾ ਜਸਵਾਲ ਕਰਨਗੇ ਅਤੇ ਸਰਵੈਂਟਸ ਆਫ ਪਿਊਪਲ ਸੋਸਾਇਟੀ ਦੇ ਚੇਅਰਪਰਸਨ ਸ੍ਰੀ ਉਂਕਾਰ ਚੰਦ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ। ਪੁਸਤਕ ਸਬੰਧੀ ਗੱਲ ਕਰਦਿਆਂ ਪਰਮਜੀਤ ਕੌਰ ਪਰਮ ਹੋਰਾਂ ਨੇ ਦੱਸਿਆ ਕਿ ਵੱਖੋ-ਵੱਖ ਖੇਤਰਾਂ ਵਿਚ ਸਮਾਜ ਲਈ, ਦੇਸ਼ ਲਈ, ਕੌਮ ਲਈ, ਮਾਂ-ਬੋਲੀ ਪੰਜਾਬ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ 16 ਚੰਡੀਗੜ੍ਹ ਦੀਆਂ ਹਸਤੀਆਂ 'ਤੇ ਅਧਾਰਿਤ ਇਹ ਪੁਸਤਕ 'ਚੰਡੀਗੜ੍ਹ ਦੇ ਬੇਸ਼ਕੀਮਤੀ ਹੀਰੇ' ਪਾਠਕਾਂ ਲਈ ਤੇ ਅਗਾਂਹਵਧੂ ਸੋਚ ਵਾਲੇ ਜੁਝਾਰੂ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗੀ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਇਸ ਸਮਾਗਮ ਵਿਚ ਆਉਣ ਲਈ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਤੇ ਦੇਸ਼-ਸਮਾਜ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।