ਲੁਧਿਆਣਾ, 31 ਜਨਵਰੀ 2020 - ਸਰਕਾਰੀ ਹਾਈ ਸਕੂਲ ਦਾਦ (ਲੁਧਿਆਣਾ) ਦੇ ਲਾਇਕ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਦੇਸ਼ ਵਿੱਚ ਸਿੱਖਿਆ ਤੰਤਰ ਦੀ ਦੋ ਅਮਲੀ ਨੀਤੀ ਨੇ ਸਮਾਜਿਕ ਤਾਣੇ ਬਾਣੇ ਦਾ ਵੀ ਘਾਣ ਕੀਤਾ ਹੈ।
ਅਮੀਰ ਤੇ ਗਰੀਬ ਵਰਗ ਵਿੱਚ ਆਰਥਿਕ ਪਾੜੇ ਨੂੰ ਪੱਕਾ ਕਰਨ ਲਈ ਰੱਜਿਆਂ ਪੁੱਜਿਆਂ ਨੇ ਪ੍ਰਾਈਵੇਟ ਸਕੂਲ ਸਿੱਖਿਆ ਨੂੰ ਅਪਣਾ ਲਿਆ ਹੈ ਅਤੇ ਸਰਕਾਰੀ ਸਕੂਲ ਸਿਰਫ਼ ਕਮਜ਼ੋਰ ਵਰਗ ਲਈ ਰਹਿ ਗਏ ਹਨ। ਇਸ ਨਾਲ ਸਮਾਜਿਕ ਆਗੂਆਂ ਦੀ ਸਰਕਾਰੀ ਸਕੂਲ ਨਿਜ਼ਾਮ ਚ ਦਿਲਚਸਪੀ ਘਟੀ ਹੈ।
ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਯੋਗ ਅਧਿਆਪਕਾਂ ਨੂੰ ਨਿਰਉਤਸ਼ਾਹਿਤ ਕਰਨ ਦੀ ਥਾਂ ਉਤਸ਼ਾਹ ਦੇ ਕੇ ਸਮਾਜ ਲਈ ਹੋਰ ਵੀ ਚੰਗੇ ਬਾਲ ਵਿਕਾਸ ਦਾ ਮਾਹੌਲ ਉਸਾਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਵਧੀਆ ਗੱਲ ਇਹ ਹੈ ਕਿ ਹੁਣ ਸਰਕਾਰੀ ਸਕੂਲ ਅਧਿਆਪਕਾਂ ਨੇ ਵੀ ਇਸ ਨਿਘਾਰ ਨੂੰ ਵੰਗਾਰ ਵਾਂਗ ਪ੍ਰਵਾਨ ਕੀਤਾ ਹੈ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਤਾਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਉਥੋਂ ਹਟ ਕੇ ਸਰਕਾਰੀ ਸਕੂਲਾਂ ਚ ਪੜ੍ਹਨ ਲੱਗ ਰਹੇ ਹਨ। ਇਹੋ ਜਹੇ ਸਕੂਲਾਂ ਨੂੰ ਸਰਕਾਰੀ ਸਰਪ੍ਰਸਤੀ ਦੀ ਲੋੜ ਹੈ।
ਮੁੱਖ ਮਹਿਮਾਨ ਵਜੋਂ ਬੋਲਦਿਆਂ ਪਿੰਡ ਦਾਦ ਦੇ ਸਰਪੰਚ ਸ: ਜਗਦੀਸ਼ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਵੀ ਇਸੇ ਸਕੂਲ ਚ ਪੜ੍ਹਦੇ ਰਹੇ ਹਨ ਅਤੇ ਇਸ ਦੀ ਨਵੀੰੰ ਇਮਾਰਤ ਬਣਾਉਣ ਲਈ ਉਹ ਪਿੰਡ ਤੇ ਸਰਕਾਰ ਦੇ ਸਹਿਯੋਗ ਨਾਲ ਹੰਭਲਾ ਮਾਰਨਗੇ। ਉਨ੍ਹਾਂ ਸਕੂਲ ਦੀ ਨਵੀਂ ਹੈਡਮਿਸਟਰੈੱਸ ਬੀਬੀ ਰਾਜਿੰਦਰ ਕੌਰ ਦਾ ਵੀ ਜ਼ੁੰਮੇਵਾਰੀ ਸੰਭਾਲਣ ਤੇ ਗੁਲਦਸਤੇ ਨਾਲ ਸਵਾਗਤ ਕੀਤਾ। ਉਨ੍ਹਾਂ ਸਕੂਲ ਲਈ ਆਪਣੀ ਵਿੱਛੜੀ ਜੀਵਨ ਸਾਥਣ ਸਰਦਾਰਨੀ ਕੁਲਦੀਪ ਕੌਰ ਗਰੇਵਾਲ ਦੀ ਯਾਦ ਵਿੱਚ ਇੱਕ ਰੈਫਰੀਜੇਟਰ ਦੇਣ ਦਾ ਵੀ ਐਲਾਨ ਕੀਤਾ।
ਸਕੂਲ ਦੇ ਚੰਗੇ ਨਤੀਜੇ ਦੇਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇ ਵਿਰਾਸਤ ਦੀ ਪੇਸ਼ਕਾਰੀ ਕਰਦੇ ਗੀਤਾਂ, ਨਾਚ ਤੇ ਝਲਕੀਆਂ ਨਾਲ ਚੰਗਾ ਰੰਗ ਬੰਨ੍ਹਿਆ।
ਬੱਚਿਆਂ ਨੂੰ ਬਲਵਿੰਦਰ ਕੌਰ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ,ਪ੍ਰਿੰਸੀਪਲ ਪਰਦੀਪ ਕੁਮਾਰ ਲਲਤੋਂ, ਸ: ਬਲਦੇਵ ਸਿੰਘ ਪੰਧੇਰਖੇੜੀ ਸੇਵਾ ਮੁਕਤ ਲੈਕਚਰਾਰ,ਸਾਬਕਾ ਸਰਪੰਚ ਸ: ਚਰਨਜੀਤ ਸਿੰਘ , ਹਰਮਨਦੀਪ ਕੌਰ ਹੈਡਮਿਸਟਰੈੱਸ ਦੇਵਤਵਾਲ,ਬਲਦੇਵ ਸਿੰਘ ਦਾਦ ਮੈਂਬਰ ਜ਼ਿਲ੍ਹਾ ਪਰਿਸ਼ਦ, ਸਿਕੰਦਰ ਸਿੰਘ ਗਰੇਵਾਲ,ਸੀਨੀਅਰ ਮਿਸਟਰੈੱਸ ਨਰੇਸ਼ ਕੁਮਾਰੀ ਜੀ ਨੇ ਵੀ ਆਸ਼ੀਰਵਾਦ ਦਿੱਤੀ। ਮੰਚ ਸੰਚਾਲਨ ਪੰਜਾਬੀ ਮਿਸਟਰੈੱਸ ਹਰਪ੍ਰੀਤ ਕੌਰ ਨੇ ਕੀਤਾ।