ਡਾ. ਦਰਸ਼ਨ ਸਿੰਘ 'ਆਸ਼ਟ' ਦੀਆਂ ਅਨੁਵਾਦਿਤ ਬਾਲ ਪੁਸਤਕਾਂ ਦੇ ਨਵੇਂ ਸੰਸਕਰਣਾਂ ਦਾ ਲੋਕ ਅਰਪਣ
- ਨੈਸ਼ਨਲ ਬੁਕ ਟਰੱਸਟ,ਇੰਡੀਆ ਵੱਲੋਂ ਅਨੁਵਾਦਿਤ ਬਾਲ ਸਾਹਿਤ ਨੂੰ ਹੁਲਾਰਾ
ਪਟਿਆਲਾ, 21 ਸਤੰਬਰ 2021 - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ 'ਆਸ਼ਟ' ਦੀਆਂ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿਚ ਬਾਲ ਸਾਹਿਤ ਪੁਸਤਕਾਂ ਦੇ ਨਵੇਂ ਸੰਸਕਰਣਾਂ ਦਾ ਲੋਕਅਰਪਣ ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਦੇ ਬਾਲ ਪਾਠਕਾਂ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਇਸ ਸੰਖੇਪ ਪਰੰਤੂ ਯਾਦਗਾਰੀ ਸਮਾਗਮ ਵਿਚ ਨੈਸ਼ਨਲ ਬੁਕ ਟਰਸਟ,ਇੰਡੀਆ ਦੇ ਸੰਪਾਦਕ (ਪੰਜਾਬੀ) ਡਾ. ਨਵਜੋਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਉਹਨਾਂ ਕਿਹਾ ਕਿ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਅਜੋਕੇ ਸਮੇਂ ਦੀ ਵੱਡੀ ਮੰਗ ਹੈ। ਇਹ ਹੋਰ ਵੀ ਮਹੱਤਵਪੂਰਨ ਗੱਲ ਹੈ ਕਿ ਭਾਰਤੀ ਭਾਸ਼ਾਵਾਂ ਵਿਚ ਲਿਖਿਆ ਗਿਆ ਬਾਲ ਸਾਹਿਤ ਇਕ ਦੂਜੀ ਭਾਸ਼ਾ ਵਿਚ ਅਨੁਵਾਦ ਹੋਣਾ ਚਾਹੀਦਾ ਹੈ ਤਾਂ ਜੋ ਵੱਖ ਵੱਖ ਪ੍ਰਾਂਤਾਂ ਦੇ ਬੱਚਿਆਂ ਨੂੰ ਆਪਣੇ ਦੇਸ ਦੀਆਂ ਭਾਸ਼ਾਵਾਂ,ਸਾਹਿਤ,ਸਭਿਆਚਾਰ ਅਤੇ ਸਮਾਜ ਬਾਰੇ ਜਾਣਕਾਰੀ ਮਿਲ ਸਕੇ।
ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਨੈਸ਼ਨਲ ਬੁਕ ਟਰਸਟ ਇੰਡੀਆ ਨੇ ਉਹਨਾਂ ਵੱਲੋਂ ਲਿਖੇ ਗਏ ਬਾਲ ਸਾਹਿਤ ਨੂੰ ਨਾ ਕੇਵਲ ਭਾਰਤ ਦੀਆਂ ਵੱਖ ਵੱਖ ਜ਼ੁਬਾਨਾਂ ਵਿਚ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਹੈ ਸਗੋਂ ਦੂਜੀਆਂ ਜ਼ੁਬਾਨਾਂ ਵਿਚ ਪੰਜਾਬੀ ਬਾਲ ਸਾਹਿਤ ਦਾ ਗੌਰਵ ਵੀ ਵਧਿਆ ਹੈ।ਜ਼ਿਕਰਯੋਗ ਹੈ ਕਿ ਡਾ. ਆਸ਼ਟ ਦਾ ਪੰਜਾਬੀ ਬਾਲ ਸਾਹਿਤ ਮੈਥਿਲੀ,ਹਰਿਆਣਵੀ,ਰਾਜਸਥਾਨੀ ਸਿੰਧੀ,ਉਰਦੂ ਅਤੇ ਅੰਗਰੇਜ਼ੀ ਆਦਿ ਜ਼ੁਬਾਨਾਂ ਵਿਚ ਵੀ ਅਨੁਵਾਦ ਹੋ ਕੇ ਛਪ ਚੁੱਕਾ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਨੇ ਵਿਸ਼ੇਸ਼ ਤੌਰ ਤੇ ਅਨੁਵਾਦ ਸਾਹਿਤ ਦੇ ਮਹੱਤਵ ਨੂੰ ਸਮਝਣ ਦੀ ਲੋੜ ਉਪਰ ਬਲ ਦਿੰਦਿਆਂ ਕਿਹਾ ਕਿ ਪੰਜਾਬ ਵਿਚ 'ਗੁਰਦਿਆਲ ਸਿੰਘ ਸ਼੍ਰੋਮਣੀ ਅਨੁਵਾਦ ਸਾਹਿਤ ਪੁਰਸਕਾਰ' ਦਾ ਆਰੰਭ ਹੋਣਾ ਇਸ ਦਿਸ਼ਾ ਵੱਲ ਇਕ ਉਸਾਰੂ ਕਦਮ ਹੈ। ਇਸ ਮੌਕੇ ਡਾ. 'ਆਸ਼ਟ' ਦੀਆਂ ਅਨੁਵਾਦਿਤ ਬਾਲ ਪੁਸਤਕਾਂ ਦਾ ਲੋਕਅਰਪਣ ਕਰਨ ਵਾਲੇ ਬਾਲ ਪਾਠਕਾਂ ਸ਼ਾਹਬਾਜ਼ ਸਿੰਘ, ਅਨਹਦ,ਅਕਾਂਸ਼ ਗੁਪਤਾ,ਦੇਵੇਸ਼ ਕੁਮਾਰ,ਨੀਨਾਦ,ਧਰੁਪਦ ਝਾਅ,ਯਸ਼ੂ ਜੋਸ਼ੀ,ਪ੍ਰਭਲੀਨ ਕੌਰ,ਮੇਹਰਜੋਤ ਕੌਰ,ਅਪੂਰਵਾ ਵਸ਼ਿਸ਼ਟ,ਅਪਾਰਿਆ ਕੌਰ,ਦੀਸ਼ਾਂਤ,ਹਾਰਦਿਕ,ਪ੍ਰਜਵਲ,ਅਧਿਆ,ਸਹਿਜ,ਅਨਹਦਪ੍ਰੀਤ ਆਦਿ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੋਜਾਰਥੀ ਰਵਿੰਦਰ ਸਿੰਘ,ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀ ਲਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।