‘ਮੈਂ ਜਲ੍ਹਿਆਂਵਾਲਾ ਬਾਗ ਬੋਲਦਾ’ ਨਾਟਕ ਦਾ ਸਫ਼ਲ ਮੰਚਨ ਪੀ.ਏ.ਯੂ. ਵਿਖੇ ਹੋਇਆ
ਲੁਧਿਆਣਾ 9 ਮਈ, 2024 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਸ਼ਵ ਖਿਆਤੀ ਪ੍ਰਾਪਤ ਵਿਗਿਆਨੀ ਪੈਦਾ ਕੀਤੇ ਹਨ, ਉਥੇ ਹੀ ਇਸ ਯੂਨੀਵਰਸਿਟੀ ਨੂੰ ਕੌਮਾਂਤਰੀ ਪੱਧਰ ਦੇ ਖਿਡਾਰੀ ਅਤੇ ਕਲਾਕਾਰ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ। ਇਸ ਯੂਨੀਵਰਸਿਟੀ ਵੱਲੋਂ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਨੂੰ ਦਰਸਾਉਂਦਾ ਨਾਟਕ ‘ਮੈਂ ਜਲ੍ਹਿਆਂਵਾਲਾ ਬਾਗ ਬੋਲਦਾਂ’ ਦਾ ਮੰਚਨ ਹੋਇਆ।ਇਹ ਨਾਟਕ ਡਾ. ਕੇਸ਼ੋ ਰਾਮ ਸ਼ਰਮਾ ਮੈਮੋਰੀਅਲ ਸੁਸਾਇਟੀ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਸਰਪ੍ਰਸਤੀ ਹੇਠ ਖੇਡਿਆ ਗਿਆ।ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਜੀ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਜੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ।ਯੂਨਵਿਰਸਿਟੀ ਦੇ ਹਜ਼ਾਰ ਤੋਂ ਵੱਧ ਵਿਦਿਆਰਥੀਆਂ, ਵਿਗਿਆਨੀਆਂ ਅਤੇ ਕਰਮਚਾਰੀਆਂ ਨੇ ਇਸ ਪੇਸ਼ਕਾਰੀ ਦਾ ਅਨੰਦ ਮਾਣਿਆ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਗੋਸਲ ਨੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਵਿਚ ਕਲਾ ਨੂੰ ਪ੍ਰਫੁਲਿਤ ਕਰਨ ਦੇ ਲਈ ਯੂਨੀਵਰਸਿਟੀ ਵਲੋਂ ਅਨੇਕਾਂ ਉਪਰਾਲੇ ਵਿੱਢੇ ਜਾਂਦੇ ਹਨ।ਉਹਨਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਲੋਂ ਤਿਆਰ ਨਾਟਕ ਇੱਕ ਦੂਜੇ ਦੇ ਕੈਂਪਸ ਵਿਚ ਜ਼ਰੂਰ ਖੇਡਣੇ ਚਾਹੀਦੇ ਹਨ ਕਿਉਂਕਿ ਇਹ ਨਾਟਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ। ਉਹਨਾ ਵਿਦਿਆਰਥੀਆਂ ਦੀ ਇਸ ਪੇਸ਼ਕਾਰੀ ਨੂੰ ਖੂਬ ਸਲਾਹਿਆ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਪੇਸ਼ਕਾਰੀ ਸਥਾਪਤ ਕਲਾਕਾਰਾਂ ਤੋਂ ਵੀ ਚੰਗੀ ਹੈ। ਡਾ. ਗੋਸਲ ਨੇ ਭਰੋਸਾ ਜਤਾਇਆ ਕਿ ਅਤੇ ਭਵਿੱਖ ਵਿੱਚ ਅਜਿਹੇ ਨਾਟਕ ਜ਼ਰੂਰ ਕਰਵਾਏ ਜਾਣਗੇ।
ਪ੍ਰੋ. ਗੁਰਭਜਨ ਗਿੱਲ ਜੀ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਸਾਹਿਤ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਵਿਚ ਇਸ ਯੂਨੀਵਰਸਿਟੀ ਦਾ ਵਿਸ਼ੇਸ਼ ਸਥਾਨ ਹੈ ਅਤੇ ਉਹਨਾ ਇਸ ਪੇਸ਼ਕਾਰੀ ਦੇ ਬਾਅਦ ਭਰੋਸਾ ਜਤਾਇਆ ਕਿ ਭਵਿੱਖ ਵਿਚ ਵੀ ਇਹ ਵਿਦਿਆਰਥੀ ਸੱਭਿਆਚਾਰਕ ਖੇਤਰ ਵਿਚ ਇਸ ਯੂਨੀਵਰਸਿਟੀ ਦਾ ਪਰਚਮ ਹੋਰ ਬੁਲੰਦ ਕਰਨਗੇ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਇਸ ਸਮੁੱਚੀ ਟੀਮ ਵਿਚ ਉਹੀ ਵਿਦਿਆਰਥੀ ਹਨ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਜਾਗਰੂਕ ਮੁਹਿੰਮਾਂ ਵਿੱਢੀਆਂ ਜਾਂਦੀਆਂ ਹਨ। ਇਹਨਾਂ ਜਾਗਰੂਕਤਾ ਮੁਹਿੰਮਾਂ ਵਿਚ ਪਾਣੀ ਦੀ ਸੰਭਾਲ, ਕੁਦਰਤੀ ਸੋਮਿਆਂ ਦਾ ਰਖ-ਰਖਾਵ, ਚਿੱਟੀ ਮੱਖੀ ਨੂੰ ਕਾਬੂ ਕਰਨਾ, ਮਿੱਟੀ ਪਰਖ ਕਿਉਂ ਜ਼ਰੂਰੀ ਆਦਿ ਸ਼ਾਮਿਲ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਲਈ ਇਹ ਨਾਟਕ ਕਰਵਾਉਣੇ ਬਹੁਤ ਜ਼ਰੂਰੀ ਹਨ। ਇਸ ਨਾਟਕ ਵਿਚ ਵਿਦਿਆਰਥੀ ਜਸਵੰਤ ਸਿੰਘ, ਲਕਸ਼ੇ ਸ਼ਰਮਾ, ਜੀਵਨਜੋਤ ਜਟਾਣਾ, ਵਿਸ਼ਾਲ ਮਊਆ, ਸੰਨੀਰੁੱਧ ਸਿੰਘ, ਪ੍ਰਦੀਪ ਸ਼ਰਮਾ, ਲਕਸ਼ੇ ਕੰਬੋਜ਼, ਲਵਕਰਨ ਸਿੰਘ, ਕਰਨਵੀਰ ਗਿੱਲ, ਰਾਜਨਰੂਪ ਸਿੰਘ, ਹਰਵਿੰਦਰ ਟਿਵਾਣਾ, ਵੰਸ਼, ਪਾਰਸ, ਹਰਮਨ ਮਾਨ, ਸ਼ਲਿੰਦਰ, ਜਸਕਿਰਤ, ਪ੍ਰਗਤੀ ਸ਼ਰਮਾ, ਗਾਇਤਰੀ, ਰਿਆਸ਼ੀ, ਉਪਿੰਦਰ, ਮਾਸਟਰ ਦਿਵਾਂਸ਼ ਉਤਰੇਜਾ, ਮਾਸਟਰ ਸ਼ਿਵਾਸ਼ ਉਤਰੇਜਾ ਆਦਿ ਨੇ ਮੁੱਖ ਤੌਰ ਤੇ ਭਾਗ ਲਿਆ। ਅੰਤ ਵਿਚ ਧੰਨਵਾਦ ਕਰਨਲ ਜਸਜੀਤ ਸਿੰਘ ਗਿੱਲ ਜੀ ਨੇ ਕੀਤਾ ਅਤੇ ਮੰਚ ਸੰਚਾਲਨ ਵਿਦਿਆਰਥੀ ਕਰਨ ਕਪੂਰ ਨੇ ਕੀਤਾ।
ਇਸ ਬਾਰੇ ਜਾਣਕਾਰੀ ਵਧਾਉਂਦਿਆਂ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਸ ਨਾਟਕ ਦੇ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ 70 ਦੇ ਕਰੀਬ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੇ ਭਾਗ ਲਿਆ।