ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2020 - ਕੁੱਝ ਸਮਾਂ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ ਪਿੰਡ ਦਬੜੀਖਾਨਾ ਦੇ ਜੰਮਪਲ ਪ੍ਰਸਿੱਧ ਸ਼ਾਇਰ ਅਤੇ ਪੱਤਰਕਾਰ ਅਮਰਜੀਤ ਢਿੱਲੋਂ ਦੀ ਯਾਦ ਵਿੱਚ ਪਿੰਡ ਦਬੜੀਖਾਨਾ ਵਿਖੇ ਉੱਥੋ ਦੇ ਪਾਠਕ ਮੰਚ ਵੱਲੋਂ ਕਰਵਾਏ ਦੋ ਰੋਜ਼ਾ ਚੇਤਨਾ ਸਮਾਗਮ ਦੇ ਪਹਿਲੇ ਦਿਨ ਕਰਵਾਏ ਕਵੀ ਦਰਬਾਰ ਵਿੱਚ ਪੰਜਾਬ ਦੇ ਨਾਮਵਰ ਕਵੀ ਆਪਣੇ ਅਸਲ ਕਾਵਿ-ਪਾਤਰਾਂ ਦੇ ਸਨਮੁੱਖ ਹੋਏ। ਆਮ ਤੌਰ ਤੇ ਅਲੋਚਕ ਅਤੇ ਸਮਾਜ ਸ਼ਾਸ਼ਤਰੀ ਕਵੀਆਂ ਨੂੰ ਇਹ ਮੇਹਣਾ ਅਕਸਰ ਦਿੰਦੇ ਹਨ, ਕਿ ਕਵੀ ਜਿਹਨਾਂ ਲੋਕਾਂ ਵਾਸਤੇ ਕਵਿਤਾ ਲਿਖਦੇ ਹਨ, ਉਹ ਲੋਕ ਕਵੀ ਦਰਬਾਰਾਂ ’ਚ ਸ਼ਾਮਲ ਨਹੀ ਹੁੰਦੇ, ਕਵੀਜਨ ਕਵੀਆਂ ਨੂੰ ਕਵਿਤਾਵਾਂ ਸੁਣਾ ਕੇ ਆਪਣੀ ਬੱਲੇ ਬੱਲੇ ਕਰਵਾ ਲੈਂਦੇ ਹਨ। ਇਸਦੇ ਉਲਟ ਇਸ ਕਵੀ ਦਰਬਾਰ ਵਿੱਚ ਪੰਡਾਲ ਨਿਰੋਲ ਪੇਂਡੂ ਸਰੋਤਿਆਂ ਨਾਲ ਭਰਿਆ ਹੋੋਇਆ ਸੀ।
ਸਰੋਤਿਆਂ ਨੇ ਕਵੀਆਂ ਦੀਆਂ ਰਚਨਾਵਾਂ ਨੂੰ ਮਾਣਿਆਂ, ਜਾਣਿਆਂ ਅਤੇ ਸਮਝਦਿਆਂ ਹੋਇਆਂ ਤਾੜੀਆਂ ਨਾਲ ਭਰਪੂਰ ਦਾਦ ਦਿੱਤੀ। ਕਵੀ ਦਰਬਾਰ ਦਾ ਮੰਚ ਸੰਗਲਣ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਮੀਤ ਪ੍ਰਧਾਨ ਅਤੇ ਨਾਮਵਰ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਨੇ ਅਮਰਜੀਤ ਢਿੱਲੋਂ ਦੇ ਸਾਹਿਤਕ, ਪੱਤਰਕਾਰੀ, ਵਾਤਾਵਰਣ ਅਤੇ ਤਰਕਸ਼ੀਲ ਲਹਿਰ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਉਸਦੇ ਚੋਣਵੇਂ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸਤੋਂ ਬਾਅਦ ਪਾਠਕ ਮੰਚ ਦੇ ਪ੍ਰਧਾਨ ਗੁਰਵਿੰਦਰ ਦਬੜੀਖਾਨਾ ਨੇ ਮਹਿਮਾਨ ਕਵੀਆਂ ਨੂੰ ਜੀ ਆਇਆਂ ਕਿਹਾ।
ਕਵੀ ਦਰਬਾਰ ਦੇ ਪ੍ਰਧਾਨ ਤੇ ਮਹਾਨ ਸ਼ਾਇਰ ਵਿਜੇ ਵਿਵੇਕ ਨੇ ਇਸ ਮੌਕੇ ਕੁੱਝ ਬੈਂਤ, ਆਪਣਾ ਮਕਬੂਲ ਗੀਤ ‘‘ਮੋਤੀ, ਸਿਤਾਰੇ, ਫੁੱਲ ਵੇ’’ ਤੋਂ ਇਲਾਵਾ ਆਪਣੀ ਇੱਕ ਨਵੀ ਨਜ਼ਮ ‘ਮੁਜਰੇ ਦੀ ਪੇਸ਼ਕਸ’ ਸੁਣਾ ਕੇ ਸਰੋਤਿਆਂ ਦੇ ਮਨ ਮੋਹ ਲਏ। ਉਸ ਦੀ ਇਸ ਨਜ਼ਮ ਦੇ ਨਿਮਲਿਖਤ ਬੰਦ ਦਾ ਜਾਦੂ ਅਤੇ ਅਸਰ ਸਰੋਤਿਆਂ ਦੇ ਸਰ ਚੜ ਕੇ ਬੋਲਿਆ:
ਮੇਰਾ ਉਹ ਗੀਤ ਕਦ ਬੰਦਿਸ਼ ਕਬੂਲ ਕਰਦਾ ਹੈ,
ਮੇਰਾ ਉਹ ਗੀਤ ਕਦ ਝਾਂਜਰ ਦੀ ਕੈਦ ਜਰਦਾ ਹੈ,
ਮੇਰਾ ਉਹ ਗੀਤ ਕਦ ਤਗਮੇ ਦਾ ਬੋਝ ਚੁੱਕਦਾ ਹੈ,
ਮੇਰਾ ਉਹ ਗੀਤ ਕਦ ਚਾਂਦੀ ਦੀ ਛਨਨ ਤੇ ਮਰਦੈ,
ਮੇਰਾ ਉਹ ਗੀਤ ਕਦ ਸ਼ੂਲੀ ਦੀ ਨੋਕ ਤੋਂ ਡਰਦੈ,
ਪ੍ਰੋ: ਰਜੇਸ ਮੋਹਨ ਨੇ ਤਰੰਨਮ ਵਿੱਚ ਟੱਪੇ ਅਤੇ ਇੱਕ ਗਜ਼ਲ ਪੇਸ ਕੀਤੀ, ਜਿਸ ਦਾ ਇੱਕ ਸ਼ੇਅਰ ਸੀ:
ਉਹ ਮੈਨੂੰ ਲਿਖ ਤਾਂ ਸਕਦਾ ਹੈ ਤੇ ਮੈਨੂੰ ਜੀਅ ਨਹੀਂ ਸਕਦਾ
ਹਾਂ ਫਿਰ ਮੈਂ ਕਾਹਦੀ ਕਵਿਤਾ ਹਾਂ ਤੇ ਉਹ ਕਾਹਦਾ ਲਿਖਾਰੀ ਹੈ?
ਸੁਰਿੰਦਰਪ੍ਰੀਤ ਘਣੀਆ ਨੇ ਦੇਸ ਦੇ ਵਰਤਮਾਨ ਹਾਲਾਤਾਂ ਵਾਰੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕਰਦਿਆਂ ਅਵਾਮ ਨੂੰੰ ਆਪਣੇ ਇਸ ਸ਼ਿਅਰ ਰਾਹੀਂ ਹਕੂਮਤੀ ਜਬਰ ਅੱਗੇ ਡਟਣ ਦਾ ਸੱਦਾ ਦਿੱਤਾ:
ਟੱਪ ਕੇ ਘਰਾਂ ਦੀ ਦੇਹਲੀ, ਸੜਕਾਂ ਤੇ ਨਿਕਲੀਏ,
ਅੱਜ ਹਾਕ ਸਾਨੂੰ ਵੱਜੀ, ਸ਼ਾਹੀਨ ਬਾਗ਼ ਦੀ।
ਉਕਤ ਤੋਂ ਇਲਾਵਾ ਇਸ ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਦਰਸ਼ਨ, ਪਵਨ ਨਾਦ, ਸੁਨੀਲ ਚੰਚਿਆਣਵੀ, ਨਰਿੰਦਰਪਾਲ ਕੌਰ, ਨਿਰਮੋਹੀ ਫਰੀਦਕੋਟੀ, ਗੁਰਮੀਤ ਖੋਖਰ, ਡਾ: ਜਸਪਾਲ ਜੀਤ, ਸਰਤਾਜ ਢਿੱਲੋਂ ਆਦਿ ਚਰਚਿਤ ਸ਼ਾਇਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਤੋਂ ਭਰਪੂਰ ਵਾਹ ਵਾਹ ਖੱਟੀ।
ਕਵੀ ਦਰਬਾਰ ਦੇ ਪ੍ਰਧਾਨ ਵਿਜੇ ਵਿਵੇਕ ਨੇ ਕਵੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਰਚਨਾਵਾਂ ਤੇ ਸਾਰਥਿਕ ਟਿੱਪਣੀ ਕਰਦਿਆਂ ਪ੍ਰਬੰਧਕਾਂ ਨੂੰ ਇੱਕ ਪਿੰਡ ਦੀ ਸੱਥ ਵਿੱਚ ਇੱਕ ਮਿਆਰੀ ਕਵੀ ਦਰਬਾਰ ਕਰਾਉਣ ਤੇ ਵਧਈ ਦਿੱਤੀ। ਪ੍ਰਬੰਧਕਾਂ ਵੱਲੋਂ ਸਾਰੇ ਕਵੀਆਂ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਪਾਠਕ ਮੰਚ ਦੀ ਸਾਰੀ ਟੀਮ ਤੋਂ ਇਲਾਵਾ ਪ੍ਰੋ: ਤਰਸੇਮ ਨਰੂਲਾ, ਗੁਰਪ੍ਰੀਤ ਸਰਾਂ, ਖੁਸ਼ਵੰਤ ਬਰਗਾੜੀ, ਮਨਦੀਪ ਬਾਠ, ਦਰਸ਼ਨ ਬਲਾੜੀਆ, ਡਾ: ਜਸਵਿੰਦਰ ਸਿੰਘ, ਸ੍ਰ: ਮਹੀਪਇੰਦਰ ਸਿੰਘ ਸੇਖੋਂ ਮੈਨੇਜਰ ਬਾਬਾ ਫਰੀਦ ਐਜੂਕੇਸ਼ਨ ਗਰੁੱਪ ਫਰੀਦਕੋਟ, ਲਖਵਿੰਦਰ ਸਿੰਘ, ਰਾਜਿੰਦਰ ਖਾਨ, ਗੁਰਪਿੰਦਰ ਢਿੱਲੋਂ ਆਦਿ ਹਾਜ਼ਰ ਸਨ।