ਅਸ਼ੋਕ ਵਰਮਾ
ਬਠਿੰਡਾ, 14 ਜੂਨ 2020 - ਹਾਲ ਹੀ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਵਰਿੰਦਰ ਸ਼ਰਮਾ ਪੰਜਾਬ ਦਾ ਪਹਿਲਾ ਆਈਏਐਸ ਅਧਿਕਾਰੀ ਸੀ ਜੋ ਮਾਂ ਬੋਲੀ ਪੰਜਾਬ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦਾ ਹੈ। ਭਾਵੇਂ ਉਹ ਕਿਸੇ ਵੀ ਅਹੁਦੇ 'ਤੇ ਰਿਹਾ, ਉਸ ਨੇ ਕਦੇ ਵੀ ਪੰਜਾਬੀ ਮਾਤ ਭਾਸ਼ਾ ਦਾ ਪੱਲਾ ਨਹੀਂ ਛੱਡਿਆ ਹੈ।
ਹੁਣ ਤਾਂ ਆਮ ਲੋਕ ਵੀ ਆਖਦੇ ਹਨ ਕਿ ਮਾਂ ਬੋਲੀ ਦੇ ਸਿਰ 'ਤੇ ਐਨੀ ਉੱਚੀ ਮੰਜ਼ਿਲ ਸਰ ਕਰਨ ਵਾਲਾ ਵਰਿੰਦਰ ਸ਼ਰਮਾ ਜਿਸ ਮੁਕਾਮ ਤੇ ਪੁੱਜਿਆ ਸ਼ਾਇਦ ਇਸ ਦਾ ਸੁਫਨਾ ਉਸ ਨੇ ਵੀ ਨਹੀਂ ਲਿਆ ਹੋਣਾ। ਵਰਿੰਦਰ ਸ਼ਰਮਾ ਨੇ ਮਾਤਾ ਰਾਮ ਮੂਰਤੀ ਦੀ ਕੁੱਖੋਂ ਪਿਤਾ ਜੀਤ ਰਾਮ ਸ਼ਰਮਾ ਦੇ ਘਰ ਜਨਮ ਲਿਆ। ਵਰਿੰਦਰ ਸ਼ਰਮਾ ਦੀ ਸੋਚ ਹੈ ਕਿ ਜੇਕਰ ਅੱਜ ਦੇ ਨੌਜਵਾਨ ਵੀ ਭਾਸ਼ਾ ਨੂੰ ਅੜਿੱਕਾ ਨਾ ਮੰਨਣ ਬਲਕਿ ਆਪਣੀ ਮਨਪਸੰਦ ਭਾਸ਼ਾ ‘ਚ ਪੜਾਈ ਕਰਦਿਆਂ ਪੂਰੀ ਤਨਦੇਹੀ ਨਾਲ ਮਿਹਨਤ ਕਰਨ ਤਾਂ ਸਫਲਤਾ ਨੂੰ ਕਦਮ ਚੁੰਮਣ ਤੋਂ ਕੋਈ ਰੋਕ ਨਹੀਂ ਸਕਦਾ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾਂ ਨੇ ਖੁਦ ਮਾਂ ਬੋਲੀ ਪੰਜਾਬੀ ਨੂੰ ਆਪਣਾ ਮਾਧਿਅਮ ਬਣਾਇਆ ਅਤੇ ਮੰਜ਼ਿਲ ਸਰ ਕੀਤੀ ਹੈ। ਸ਼ਰਮਾਂ ਨਾਲ ਗੱਲਬਾਤ ਕਰਦਿਆਂ ਕਿਸੇ ਆਮ ਵਿਅਕਤੀ ਨੂੰ ਵੀ ਉਨ੍ਹਾਂ ਦੇ ਅਫਸਰ ਹੋਣ ਦੀ ਬਜਾਏ ਆਪਣਾ ਹਮਦਰਦ ਹੋਣ ਦਾ ਅਹਿਸਾਸ ਹੁੰਦਾ ਹੈ। ਮੋਹਾਲੀ ਤੋਂ 25 ਕਿਲੋਮੀਟਰ ਦੂਰ ਡੇਰਾਬਸੀ ਰੋਡ 'ਤੇ ਪੈਂਦੇ ਪਿੰਡ ਭਾਗਸੀ ਦੇ ਇਸ ਨੌਜਵਾਨ ਅਧਿਕਾਰੀ ਦਾ ਬਚਪਨ ਪਿੰਡਾਂ ਦੇ ਆਮ ਬਾਲਾਂ ਦੀ ਤਰ੍ਹਾਂ ਗੁਜਰਿਆ ਹੈ। ਦੋ ਸਾਲ ਦੀ ਉਮਰ ‘ਚ ਪੋਲੀਓ ਨਾਲ ਇੱਕ ਲੱਤ ‘ਚ ਰਤਾ ਫਰਕ ਆਉਣ ਨੂੰ ਉਸਨੇ ਕਦੇ ਵੀ ਆਪਣੇ ਰਾਹ ਦਾ ਰੋੜਾ ਨਹੀਂ ਬਨਣ ਦਿੱਤਾ। ਸ਼ਰਮਾਂ ਆਪਣੀ ਮਰਹੂਮ ਮਾਤਾ ਵੱਲੋਂ ਦਿਖਾਏ ਰਾਹ ਨੂੰ ਚੇਤੇ ਕਰਦਿਆਂ ਭਾਵੁਕ ਵੀ ਹੁੰਦੇ ਹਨ ਅਤੇ ਇਸ ਮੁਕਾਮ ਤੱਕ ਪੁਜਦਾ ਕਰਨ ਲਈ ਮਾਂ ਦੀ ਕੁਰਬਾਨੀ ਨੂੰ ਸਿਜਦਾ ਵੀ ਕਰਦੇ ਹਨ।
ਪੁਆਧ ਖਿੱਤੇ ਦੇ ਛੋਟੇ ਜਿਹੇ ਪਿੰਡ ਭਾਗਸੀ ਦੇ ਜੰਮਪਲ ਵਰਿੰਦਰ ਸ਼ਰਮਾ ਨੇ ਮੁਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਘਨੌਰ ਤੋਂ ਹਾਸਲ ਕੀਤੀ ਸੀ ਜਦੋਂ ਕਿ ਦਸਵੀਂ ਕਲਾਸ ਉਸ ਨੇ ਲਾਛੜੂ ਕਲਾਂ ਤੋਂ ਪ੍ਰਾਪਤ ਕੀਤੀ ਸੀ। ਹੰਸ ਰਾਜ ਸਕੂਲ ਅੰਬਾਲਾ ਤੋਂ 12 ਵੀਂ ਕਲਾਸ ਪਾਸ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਟੈਕ ਕੀਤੀ ਸੀ। ਵਰਿੰਦਰ ਸ਼ਰਮਾ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਐਸਡੀਓ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਪਰ ਇਸ ਨੌਕਰੀ ਨੂੰ ਆਪਣੀ ਮੰਜ਼ਿਲ ਨਹੀਂ ਬਣਾਇਆ। ਉਨ੍ਹਾਂ ਨੇ ਅੱਗੇ ਵਧਣ ਦਾ ਟੀਚਾ ਮਿਥਿਆ ਅਤੇ ਪੂਰੀ ਲਗਨ ਨਾਲ ਪੜ੍ਹਾਈ ਸ਼ੁਰੂ ਕਰ ਦਿੱਤੀ। ਪੰਜਾਬ ਸਿਵਲ ਸਰਵਿਸ (ਪੀ ਸੀ ਐਸ) ਦੀ ਪ੍ਰੀਖਿਆ ਪਾਸ ਕੀਤੀ ਅਤੇ ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਵਜੋਂ ਲੁਧਿਆਣਾ ’ਚ ਤਾਇਨਾਤੀ ਹਾਸਲ ਕੀਤੀ। ਇਸ ਅਹਿਮ ਅਹੁਦੇ ਤੇ ਰਹਿੰਦਿਆਂ ਵਰਿੰਦਰ ਸ਼ਰਮਾ ਨੇ ਹੋਰ ਵੀ ਬੁਲੰਦੀਆਂ ਛੂਹਣ ਦਾ ਮਨ ਬਣਾ ਲਿਆ।
ਵਰਿੰਦਰ ਸ਼ਰਮਾ ਨੂੰ ਧਰਮਪਤਨੀ ਪਰਵੀਨ ਸ਼ਰਮਾ ਜੋ ਖੁਦ ਪੰਜਾਬੀ ਮਿਸਟਰੈਸ ਹਨ ਨੇ ਹੱਲਾਸ਼ੇਰੀ ਦਿੱਤੀ ਅਤੇ ਆਈਏਐਸ ਬਣਨ ਲਈ ਪ੍ਰੇਰਿਆ। ਨਿਯਮਾਂ ਮੁਤਾਬਿਕ ਆਈ.ਏ.ਐਸ. ਲਈ ਉਮਰ ਹੱਦ ਪਾਰ ਕਰ ਲਈ ਸੀ ਪਰ ਫਿਜੀਕਲ ਚੈਂਲੈਜ ਕੈਟਾਗਰੀ ਰਾਹੀਂ ਪ੍ਰੀਖਿਆ ਦੇਣ ਦਾ ਮੌਕਾ ਮਿਲਣ ਤੇ ਪੂਰੀ ਤਨਦੇਹੀ ਅਤੇ ਸਮਾਂਬੱਧ ਤਰੀਕੇ ਨਾਲ ਪੜ੍ਹਾਈ ਕੀਤੀ। ਉਸ ਵਕਤ ਪਤਨੀ ਵੱਲੋਂ ਕੀਤੀ ਹੌਂਸਲਾ ਅਫਜ਼ਾਈ ਨੇ ਹਿੰਮਤ ਦਿੱਤੀ। ਆਪਣੇ ਮਾਂ ਬੋਲੀ ਦੇ ਪਿਆਰ ਨੂੰ ਦਿਲ ’ਚ ਵਸਾਇਆ ਅਤੇ ਪੰਜਾਬ ’ਚ ਆਈਏਐਸ ਦੀ ਪ੍ਰੀਖਿਆ ਪਾਸ ਕਰਕੇ ਇਤਿਹਾਸ ਰਚ ਦਿੱਤਾ।
ਵਰਿੰਦਰ ਸ਼ਰਮਾਂ ਨੇ ਅੰਡਰ ਟਰੇਨਿਗ ਆਈ.ਏ.ਐਸ. ਸ੍ਰੀ ਮੁਕਤਸਰ ਸਾਹਿਬ ਤੋਂ ਆਪਣਾ ਸਫਰ ਸ਼ੁਰੂ ਕੀਤਾ। ਉਹ ਐਸ.ਡੀ.ਐਮ. ਜੈਤੋ ਤੇ ਮਾਨਸਾ, ਏ.ਡੀ.ਸੀ. ਮਾਨਸਾ ਤੇ ਅੰਮ੍ਰਿਤਸਰ, ਮੁੱਖ ਪ੍ਰਸ਼ਾਸਕ ਬਠਿੰਡਾ ਵਿਕਾਸ ਅਥਾਰਟੀ , ਚੇਅਰਮੈਨ ਇੰਪਰੂਵਮੈਂਟ ਟਰਸਟ ਬਠਿੰਡਾ ਅਤੇ ਡਿਪਟੀ ਕਮਿਸ਼ਨਰ ਜਲੰਧਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਜਦੋਂ ਕਿ ਹੁਣ ਉੁਨ੍ਹਾਂ ਦੀ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਤੌਰ 'ਤੇ ਪਾਰੀ ਸ਼ੁਰੂ ਹੋ ਰਹੀ ਹੈ। ਬਠਿੰਡਾ ’ਚ ਵਧੀਕ ਡਿਪਟੀ ਕਮਿਸ਼ਨਰ, ਮੁੱਖ ਪ੍ਰਸ਼ਾਸਕ ਪੁੱਡਾ ਅਤੇ ਕਾਰਜਕਾਰੀ ਡਿਪਟੀ ਕਮਿਸ਼ਨਰ ਵਰਗੇ ਅਹਿਮ ਅਹੁਦਿਆਂ ਤੇ ਰਹਿੰਦਿਆਂ ਉਸ ਨੇ ਹਮੇਸ਼ਾ ਪੰਜਾਬੀ ’ਚ ਗੱਲਬਾਤ ਨੂੰ ਤਰਜੀਹ ਦਿੱਤੀ। ਜਿਸ ਦਾ ਸਿੱਟਾ ਲੋਕਾਂ ਦੇ ਨੇੜੇ ਹੋਣ ’ਚ ਨਿੱਕਲਿਆ। ਵਰਿੰਦਰ ਸ਼ਰਮਾ ਨੂੰ ਲੰਘੀ 26 ਜਨਵਰੀ ਨੂੰ ਮੁਲਕ ਦੇ ਗਣਤੰਤਰ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਕੋਲੋਂ ਸਨਮਾਨ ਵੀ ਮਿਲ ਚੁੱਕਿਆ ਹੈ।
ਇਸ ਦਾ ਇਹ ਮਤਲਬ ਨਹੀਂ ਕਿ ਵਰਿੰਦਰ ਸ਼ਰਮਾ ਨੂੰ ਹੋਰ ਭਾਸ਼ਾਵਾਂ ਦਾ ਗਿਆਨ ਨਹੀਂ ਬਲਕਿ ਅੰਗਰੇਜੀ ਭਾਸ਼ਾ ਤੇ ਵੀ ਉਸ ਦੀ ਪੂਰੀ ਪਕੜ ਹੈ ਪਰ ਸ਼ਰਮਾ ਨੇ ਪੰਜਾਬੀ ਮਾਂ ਬੋਲੀ ਦੀ ਪੂਜਾ ਕੀਤੀ ਅਤੇ ਹੋਰਨਾਂ ਨੂੰ ਰਾਹ ਦਿਖਾਇਆ ਹੈ।
ਕੰਮ ਪ੍ਰਤੀ ਸੰਜੀਦਗੀ ਏਨੀ ਜਿਆਦਾ ਹੈ ਕਿ ਜਨੂੰਨ ਦੀ ਹੱਦ ਤੱਕ ਜਾਣਾ ਸ਼ਰਮਾ ਦਾ ਸਭਾਅ ਹੈ ਪਰ ਠਰ੍ਹੰਮੇ ਦਾ ਕਦੇ ਪੱਲਾ ਨਹੀਂ ਛੱਡਿਆ। ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਜਲੰਧਰ ’ਚ ਹਰ ਪੱਖ ਤੇ ਧਿਆਨ ਕੇਂਦਰਿਤ ਰੱਖਿਆ ਅਤੇ ਮਹਾਂਮਾਰੀ ਨੂੰ ਰੋਕਣ ਲਈ ਜੀ ਜਾਨ ਲਾਈ। ਲੋਕਾਂ ਨੂੰ ਸਮਝਾਇਆ ਕਿ ਸਰਕਾਰ ਦੀਆਂ ਹਦਾਇਤਾਂ ਮੰਨਣ ’ਚ ਉਨ੍ਹਾਂ ਦਾ ਹੀ ਭਲਾ ਹੈ। ਹੁਣ ਜਦੋਂ ਵਰਿੰਦਰ ਸ਼ਰਮਾ ਰੁਖਸਤ ਹੋ ਰਹੇ ਹਨ ਤਾਂ ਜਲੰਧਰ ਵਾਸੀਆਂ ਨੂੰ ਚੰਗਾ ਅਫਸਰ ਜਾਣ ਦਾ ਗਿਲਾ ਹੈ ਪਰ ਕੁਦਰਤ ਦਾ ਨਿਯਮ ਤਾਂ ਹਰ ਕਿਸੇ ਨੂੰ ਮੰਨਣਾ ਪੈਂਦਾ ਹੈ।