ਇਟਲੀ ਵਿੱਚ ਇਤਾਲਵੀ ਤੇ ਪੰਜਾਬੀ ਸਾਹਿਤ ਦਾ ਸਾਂਝਾ ਵਿਚਾਰ ਸਿਲਸਿਲਾ ਭਵਿੱਖ ਦੀ ਰੌਸ਼ਨ ਉਮੀਦ - ਗੁਰਭਜਨ ਗਿੱਲ
ਲੁਧਿਆਣਾਃ 2 ਜਨਵਰੀ 2022 - ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਟਲੀ ਵੱਸਦੇ ਪੰਜਾਬੀ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਵੱਲੋਂ ਪੰਜਾਬੀ ਕਵੀ ਦਲਜਿੰਦਰ ਰਹਿਲ ਦੀ ਪਹਿਲਕਦਮੀ ਸਦਕਾ ਇਤਾਲਵੀ ਲੇਖਕਾਂ ਨਾਲ ਸਾਹਿੱਤ ਆਦਾਨ ਪ੍ਰਦਾਨ ਸਿਲਸਿਲਾ ਸ਼ੁਰੂ ਕਰਨ ਤੇ ਮੁਬਾਰਕਬਾਦ ਦਿੱਤੀ ਹੈ। ਨਵੇਂ ਸਾਲ ਦੇ ਤੋਹਫ਼ੇ ਵਰਗੀ ਸੂਚਨਾ ਸਾਂਝੀ ਕਰਦਿਆਂ ਦਲਜਿੰਦਰ ਰਹਿਲ ਨੇ ਦੱਸਿਆ ਹੈ ਕਿ ਐਤਕੀਂ ਨਵੇਂ ਸਾਲ ਦੀ ਸ਼ੁਰੂਆਤ ਇਕ ਵੱਖਰੇ ਸਾਹਿਤਿਕ ਉਪਰਾਲੇ ਨਾਲ ਕੀਤੀ ਗਈ ਹੈ।
ਇਟਾਲੀਅਨ ਤੇ ਪੰਜਾਬੀ ਭਾਸ਼ਾ ਦਾ ਸਾਂਝਾ ਸਾਹਿਤਕ ਸਮਾਗਮ ਕਰਵਾਉਣਾ ਭਾਵੇਂ ਔਖਾ ਕਾਰਜ ਹੈ ਪਰ ਸਨੇਹੀਆਂ ਦੀਆਂ ਦੁਆਵਾਂ, ਹੱਲਾ ਸ਼ੇਰੀ ਤੇ ਨੇਕ ਸਲਾਹਾਂ ਇਸ ਕਾਰਜ਼ ਨੂੰ ਸਮਰੱਥ ਕਰਕੇ ਜਰੂਰ ਨੇਪਰੇ ਚਾੜ੍ਹਿਆ ਜਾਵੇਗਾ।
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਲੰਮੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਓਪਰੀਆਂ ਧਰਤੀਆਂ ਤੇ ਰਹਿੰਦਿਆਂ ਅਸੀਂ ਦੂਜੀਆਂ ਵਿਦੇਸ਼ੀ ਭਾਸ਼ਾਵਾਂ ਨਾਲ ਤਾਲਮੇਲ ਕਰਕੇ ਅਪਣੀ ਭਾਸ਼ਾ ਦੀ ਗੱਲ ਅੱਗੇ ਤੋਰੀਏ। ਇੰਜ ਕਰਦਿਆਂ ਅਸੀਂ ਸਾਂਝੇ ਸਾਹਿਤਿਕ ਸਮਾਗਮਾਂ ਦੀ ਸ਼ੁਰੂਆਤ ਕਰੀਏ, ਜਿਸ ਸਦਕਾ ਅਸੀਂ ਪੁਲ ਦੇ ਰੂਪ ਚ ਕਾਰਜ਼ ਕਰਦੇ ਦੂਜੀਆਂ ਭਾਸ਼ਾਵਾਂ ਤੱਕ ਵੀ ਅਸਾਨੀ ਨਾਲ ਪਹੁੰਚ ਸਕੀਏ ਤੇ ਅਪਣੀ ਬੋਲੀ ਦੀ ਗੱਲ ਕਰਦੇ ਅਗਲੀ ਪੀੜ੍ਹੀ ਦੇ ਸਾਡੇ ਵਾਰਿਸਾਂ ਨਾਲ ਵੀ ਰਿਸ਼ਤਾ ਜੋੜ ਸਕੀਏ। ਦਲਜਿੰਦਰ ਰਹਿਲ ਨੇ ਲਿਖਤੀ ਸੁਨੇਹੇ ਵਿੱਚ ਦੱਸਿਐ ਕਿ
ਇਸ ਕਾਰਜ ਤਹਿਤ ਸਾਡੀ ਕੋਸ਼ਿਸ਼ ਰਹੇਗੀ ਕਿ ਪੰਜਾਬੀ ਤੇ ਇਤਾਲਵੀ ਕਵਿਤਾ ਨੂੰ ਸਾਂਝੇ ਮੰਚ ਤੇ ਪੇਸ਼ ਕਰੀਏ ਤਾਂ ਜੋ ਦੋਹਾਂ ਭਾਸ਼ਾਵਾਂ ਦੀ ਕਾਵਿ ਅਲੋਚਨਾ ਨੂੰ ਵੀ ਦੋਵਾਂ ਭਾਸ਼ਾਵਾਂ ਵਿੱਚ ਸਰੋਤਿਆਂ ਦੇ ਸਨਮੁੱਖ ਕਰ ਸਕੀਏ।
ਇਸ ਕਾਰਜ਼ ਤਹਿਤ ਅੱਜ ਦਲਜਿੰਦਰ ਰਹਿਲ ਤੇ ਪ੍ਰੋ ਜਸਪਾਲ ਸਿੰਘ ਇਟਲੀ ਨੇ ਸ਼ਹਿਰ ਸੇਂਟ ਇਲਾਰੀਓ (ਰਿਜਿਓ ਅਮੀਲੀਆ) ਵਿਖੇ ਇਟਾਲੀਅਨ ਲੇਖਕ ਅਤੇ ਆਲੋਚਕ ਦੋਸਤਾਂ ਪ੍ਰੋ ਦਾਨੀਐਲੋ ਕਾਸਟੇਲਾਰੀ ਤੇ ਪਾਉਲੋ ਜਿਓਵਾਨੀ ਨਾਲ ਵਿਚਾਰ ਚਰਚਾ ਕੀਤੀ। ਉਨਾਂ ਦੇ ਸਾਰਥਿਕ ਹੁੰਗਾਰੇ ਨੇ ਸਾਨੂੰ ਜੋ ਖੁਸ਼ੀ ਤੇ ਉਤਸ਼ਾਹ ਬਖਸ਼ਿਆ ਤੇ ਮਾਣ ਮਹਿਸੂਸ ਕਰਵਾਇਆ,ਉਹ ਸ਼ਬਦਾ ਦੇ ਵੱਸ ਦੀ ਗੱਲ ਨਹੀ।