ਭਾਸ਼ਾ ਵਿਭਾਗ ਮੋਹਾਲੀ ਵਿਖੇ ‘ਵਾਹ! ਸਾਡੇ ਗ਼ਦਰੀ ਬਾਬੇ’ ਪੁਸਤਕ ’ਤੇ ਵਿਚਾਰ ਚਰਚਾ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 27 ਜੁਲਾਈ 2023 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਵੱਲੋਂ ਅੱਜ ਮਿਤੀ 27 ਜੁਲਾਈ 2023 ਨੂੰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘ਵਾਹ! ਸਾਡੇ ਗ਼ਦਰੀ ਬਾਬੇ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘ਵਾਹ! ਸਾਡੇ ਗ਼ਦਰੀ ਬਾਬੇ’ ਲਈ ਮੁਬਾਰਕਬਾਦ ਦਿੱਤੀ ਗਈ।
ਉਨ੍ਹਾਂ ਵੱਲੋਂ ਭਾਰਤ ਦੀ ਆਜ਼ਾਦੀ ਵਿਚ ਗ਼ਦਰ ਲਹਿਰ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਹਥਲੀ ਪੁਸਤਕ ਬਾਰੇ ਕਿਹਾ ਗਿਆ ਕਿ ਇਹੋ ਜਿਹੀਆਂ ਇਤਿਹਾਸਕ ਕਿਤਾਬਾਂ ਸਾਡੇ ਪਾਠਕ੍ਰਮਾਂ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂੰ ਕਰਵਾਇਆ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰੋ. ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ ਪ੍ਰੋ. ਦੇਵਿੰਦਰ ਸਿੰਘ ਸਿੱਧੂ ਨੇ ਪੁਸਤਕ 'ਤੇ ਬੋਲਦਿਆਂ ਕਿਹਾ ਕਿ ਕਿਸੇ ਇਤਿਹਾਸਕ ਵਿਸ਼ੇ ’ਤੇ ਲਿਖਣਾ ਆਸਾਨ ਕੰਮ ਨਹੀਂ ਹੁੰਦਾ ਲੇਕਿਨ ਹਥਲੀ ਪੁਸਤਕ ਇੱਕ ਮਹਾਨ ਦਸਤਾਵੇਜ਼ ਹੈ। ਗ਼ਦਰੀ ਬੀਬੀ ਗੁਲਾਬ ਕੌਰ ਬਾਰੇ ਵੀ ਲਿਖ ਕੇ ਲੇਖਕ ਨੇ ਉਹਨਾਂ ਨਾਲ ਇਨਸਾਫ਼ ਕੀਤਾ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਐਗਜ਼ੀਕਿਊਟਿਵ ਡਾਇਰੈਕਟਰ, ਚੰਡੀਗੜ੍ਹ ਯੂਨੀਵਰਸਿਟੀ ਸ਼੍ਰੀ ਬਲਬੀਰ ਸਿੰਘ ਢੋਲ (ਰਿਟਾ. ਪੀ.ਸੀ.ਐੱਸ.) ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਆਖਿਆ ਕਿ ਹਥਲੀ ਪੁਸਤਕ ਬਹੁਤ ਹੀ ਵਿਲੱਖਣ ਹੈ ਕਿਉਂਕਿ ਇਸ ਵਿਚੋਂ ਸਾਨੂੰ ਗ਼ਦਰੀ ਬਾਬਿਆਂ ਦੇ ਸੰਘਰਸ਼ ਦੇ ਨਾਲ-ਨਾਲ ਉਹਨਾਂ ਦੇ ਜੀਵਨ ਬਾਰੇ ਵੀ ਭਰਪੂਰ ਜਾਣਕਾਰੀ ਮਿਲਦੀ ਹੈ। ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਸ਼੍ਰੋਮਣੀ ਪੱਤਰਕਾਰ ਅਤੇ ਸਾਹਿਤਕਾਰ ਸ਼੍ਰੀ ਕਮਲਜੀਤ ਸਿੰਘ ਬਨਵੈਤ ਵੱਲੋਂ ਪੁਸਤਕ ਪ੍ਰਤੀ ਆਪਣੇ ਭਾਵ ਵਿਅਕਤ ਕਰਦੇ ਹੋਏ ਕਿਹਾ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਕਲਮ ਨੂੰ ਸਲਾਮ ਹੈ। ਨਿਰੰਤਰ ਵੱਖ-ਵੱਖ ਵਿਸ਼ਿਆਂ ਉੱਪਰ ਲਿਖਦੇ ਹੋਏ ਇੱਕ ਵਿਲੱਖਣ ਇਤਿਹਾਸਕ ਵਿਸ਼ੇ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ।
ਪਰਚਾ ਲੇਖਕ ਸ਼੍ਰੀ ਕ੍ਰਿਸ਼ਨ ‘ਰਾਹੀ’ ਵੱਲੋਂ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ਇਸ ਪੁਸਤਕ ਵਿੱਚ ਗ਼ਦਰੀ ਬਾਬਿਆਂ ਦੇ ਜਨਮ ਤੋਂ ਲੈ ਕੇ ਜਨਮ ਸਥਾਨ ਉਹਨਾਂ ਵੱਲੋਂ ਕੀਤੇ ਗਏ ਸੰਘਰਸ਼, ਭੁੱਖ ਹੜਤਾਲਾਂ ਅਤੇ ਗ਼ਦਰੀ ਬਾਬਿਆਂ ਦਾਂ ਸ਼ਹਾਦਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਮੋਈ ਹੋਈ ਹੈ। ਇਹ ਪੁਸਤਕ ਪਾਠਕਾਂ ਦੀ ਜਾਣਕਾਰੀ ਨੂੰ ਤ੍ਰਿਪਤ ਕਰੇਗੀ ਅਤੇ ਸਾਂਭਣਯੋਗ ਦਸਤਾਵੇਜ਼ ਬਣਦੀ ਹੋਈ ਵਿਦਿਆਰਥੀ ਵਰਗ ਲਈ ਬਹੁਤ ਮਹੱਤਤਾ ਰੱਖਦੀ ਹੈ। ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਆਖਿਆ ਗਿਆ ਕਿ ਇੱਕ ਇਤਿਹਾਸਕ ਪੁਸਤਕ ਦੀ ਬਣਤਰ ਪਿਛਲੀ ਪ੍ਰੇਰਣਾ ਅਤੇ ਘਾਲਣਾ ਬਾਰੇ ਪਾਠਕਾਂ ਨੂੰ ਜਾਣੂੰ ਕਰਵਾਇਆ। ਬਲਕਾਰ ਸਿੰਘ ਸਿੱਧੂ, ਮੈਡਮ ਸਤਵੀਰ ਕੌਰ, ਰਾਜਿੰਦਰ ਸਿੰਘ ਧੀਮਾਨ, ਭੁਪਿੰਦਰ ਸਿੰਘ ਭਾਗੋਮਾਜਰਾ ਅਤੇ ਅਮਰਜੀਤ ਬਠਲਾਣਾ ਵੱਲੋਂ ਵੀ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਪੁਸਤਕ ਦੀ ਬਣਤਰ ਅਤੇ ਖੋਜ ਭਰਪੂਰ ਕਾਰਜ ਬਾਰੇ ਆਪਣੇ ਵਿਚਾਰ ਰੱਖੇ ਗਏ। ਇਨ੍ਹਾਂ ਤੋਂ ਇਲਾਵਾ ਕਰਮਜੀਤ ਸਿੰਘ ਬੱਗਾ ਵੱਲੋਂ ਗ਼ਦਰ ਲਹਿਰ ਨਾਲ ਸਬੰਧਤ ਕਵਿਤਾ ਉਚਾਰਨ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਸ ਵਿਚਾਰ ਚਰਚਾ ਵਿੱਚ ਰਾਜਵਿੰਦਰ ਸਿੰਘ ਗੁੱਡੂ, ਭਗਤ ਰਾਮ ਰੰਗਾੜਾ, ਧਿਆਨ ਸਿੰਘ, ਕਾਹਲੋਂ, ਪ੍ਰਭਜੋਤ ਕੌਰ ਢਿੱਲੋਂ, ਕਰਨਲ ਅਮਰਜੀਤ ਢਿੱਲੋਂ, ਪ੍ਰੋ. ਕਮਲਜੀਤ ਸਿੰਘ, ਜਗਤਾਰ ਸਿੰਘ ਜੋਗ, ਬਲਵਿੰਦਰ ਸਿੰਘ ਢਿੱਲੋਂ, ਬਾਬੂ ਰਾਮ ਦੀਵਾਨਾ, ਸੁਖਦੀਪ ਸਿੰਘ ਪੁਆਧੀ, ਜਸਵੰਤ ਸਿੰਘ ਪਟਵਾਰੀ, ਦਲਬੀਰ ਸਿੰਘ ਸਰੋਆ, ਸੰਦੀਪ ਸਿੰਘ, ਬਲਵਿੰਦਰ ਸਿੰਘ, ਰਾਮ ਕ੍ਰਿਸ਼ਨ, ਹਰਵੀਰ ਸਿੰਘ, ਰਣਜੋਧ ਸਿੰਘ ਰਾਣਾ, ਰਾਜਿੰਦਰ ਕੌਰ, ਗੁਰਮੇਲ ਸਿੰਘ, ਪਰਮਿੰਦਰ ਸਿੰਘ, ਪ੍ਰਿੰ. ਗੁਰਮੀਤ ਖਰੜ, ਸਲਿੰਦਰ ਸਿੰਘ, ਕ੍ਰਿਸ਼ਨਾ ਗੋਇਲ, ਗੁਰਮੇਲ ਸਿੰਘ ਮੋਜੋਵਾਲ, ਹਰਵਿੰਦਰ ਕੌਰ, ਕੇਵਲਜੀਤ ਸਿੰਘ ਕੇਵਲ, ਸੌਰਭ ਸਿੰਘ, ਮਨਜੀਤ ਸਿੰਘ, ਜਤਿੰਦਰਪਾਲ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।