ਮੋਹਾਲੀ, 8 ਸਤੰਬਰ, 2016 : (ਜਤਿੰਦਰ ਸੱਭਰਵਾਲ) : ਕਨਵੈਸ ਉਤੇ ਰੰਗਾਂ ਦੇ ਰਾਹੀਂ ਉਤਾਰੀਆਂ ਗਈਆਂ ਤਸ਼ਵੀਰਾਂ 'ਚ ਜਾਨ ਪਾਕੇ ਲੋਕਾਂ ਦੇ ਨਾਲ ਗੱਲਾਂ ਕਰਨ ਲਗਾਉਣਾ ਇਕ ਕਲਾਕਾਰ ਦੀ ਮਹਾਨ ਕਲਾਂ ਹੁੰਦੀ ਹੈ। ਅਜਿਹੀਆਂ ਹੀ ਤਸਵੀਰਾਂ ਬਣਾਉਣ ਵਾਲੇ ਮਾਨਸਾ ਦੇ ਚਿੱਤਰਕਾਰ ਇੰਦਰਜੀਤ ਸਿੰਘ ਨੇ ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਵਿਚ ਆਪਣੇ ਵੱਲੋਂ ਬਣਾਏ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਅਤੇ ਜਨਰਲ ਸਕੱਤਰ ਗੁਰਦੀਪ ਬੈਨੀਪਾਲ ਨੇ ਰਿਲੀਜ਼ ਕੀਤੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਚਿੱਤਰਕਾਰ ਇੰਦਰਜੀਤ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੀ ਚਿੱਤਰਕਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਸਰਕਾਰ ਨਵੇਂ ਸਾਲ ਦੇ ਕੈਲੰਡਰ ਦੇ ਉਪਰ ਸੋਭਾ ਸਿੰਘ ਵਰਗੇ ਚਿੱਤਰਕਾਰ ਵੱਲੋਂ ਬਣਾਈਆਂ ਗਈਆਂ ਗੁਰੂ ਸਾਹਿਬਾਨਾਂ ਦੀਆਂ ਫੋਟੋ ਲਗਾਉਂਦੀ ਸੀ, ਪ੍ਰੰਤੂ ਅੱਜ ਕੱਲ ਮੰਤਰੀਆਂ ਦੀਆਂ ਤਸ਼ਵੀਰਾਂ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਵੀ ਕੀਤੀ ਕਿ ਬਣਾਈਆਂ ਜਾ ਰਹੀਆਂ ਯਾਦਗਾਰਾਂ ਦੇ ਵਿਚ ਚਿੱਤਰਕਾਰਾਂ ਵੱਲੋਂ ਬਣਾਈਆਂ ਗਈਆਂ ਤਸ਼ਵੀਰਾਂ ਨੂੰ ਥਾਂ ਦਿੱਤੀ ਜਾਵੇ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਕਲਾਂ ਆਪਣੇ ਪਰਿਵਾਰ ਵਿਚੋਂ ਹੀ ਮਿਲੀ ਹੈ, ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਇਹੋ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਸੋਭਾ ਸਿੰਘ ਦੀ ਚਿੱਤਰਕਾਰੀ ਤੋਂ ਮੈਂ ਕਾਫੀ ਬਾਰੀਕੀਆਂ ਸਿੱਖੀਆਂ ਹਨ। ਰਿਲੀਜ ਕੀਤੇ ਗਏ ਚਿੱਤਰਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਚਿੱਤਰ ਪਹਿਲਾਂ ਤੁਹਾਨੂੰ ਕਿਤੇ ਵੀ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਇਸ ਬਾਰੇ ਲੰਬਾ ਸਮਾਂ ਸਿੱਖ ਇਤਿਹਾਸ, ਬਜ਼ਰਗਾਂ ਦੀਆਂ ਮੱਤਾਂ ਨੂੰ ਸੁਣਿਆ ਤੇ ਫਿਰ ਨਵਾਂ ਤੇ ਅਨੌਖਾ ਚਿੱਤਰ ਬਣਾਕੇ ਗੁਰੂ ਸਾਹਿਬਾਨਾਂ ਦਾ ਸੁਨੇਹਾ ਮਾਨਵਤਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸੈਂਕੜੇ ਚਿੱਤਰ, ਕਲਾਕ੍ਰਿਤੀਆਂ ਨੂੰ ਜਨਮ ਦੇ ਚੁੱਕੇ ਹਨ ਜੋ ਉਨ੍ਹਾਂ ਦੀ ਮਾਨਸਾ ਵਿਖੇ ਬਣਾਈ ਆਰਟ ਆਫ ਗੈਲਰੀ ਦੇ ਵਿਚ ਲਗਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਕਬੀਰ, ਸ਼ਹੀਦ ਭਗਤ ਸਿੰਘ ਆਦਿ ਦੀਆਂ ਅਨੇਕਾਂ ਤਸ਼ਵੀਰਾਂ ਬਣਾ ਚੁੱਕੇ ਹਨ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਮੋਹਾਲੀ ਪ੍ਰੈਸ ਕਲੱਬ ਵਿਚ ਪਹੁੰਚਕੇ ਇਹ ਕੈਲੰਡਰ ਰਿਲੀਜ ਕਰਨ ਦੇ ਲਈ ਧੰਨਵਾਦ ਕੀਤਾ।