ਪੂਰੇ ਚੰਨ ਦੀ ਰਾਤ ਵੇਖਦਿਆਂ
ਕਈ ਵਰ੍ਹੇ ਪੁਰਾਣੀ ਗੱਲ ਹੈ।
ਸਤਿਲੁਜ ਕਲੱਬ ਲੁਧਿਆਣਾ ਚ ਮੇਰੇ ਮਿੱਤਰਾਂ ਤੇਜ ਪਰਤਾਪ ਸਿੰਘ ਸੰਧੂ ਤੇ ਰਣਜੋਧ ਸਿੰਘ ਨੇ ਆਪਣੀਆਂ ਕਲਾਤਮਕ ਫੋਟੇੋ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ। ਸ: ਸੋਭਾ ਸਿੰਘ ਚਿਤਰਕਾਰ ਜੀ ਦੇ ਪੇਂਟਿੰਗ ਚ ਸ਼ਾਗਿਰਦ ਹੋਣ ਕਾਰਨ ਸ: ਸੁਰਜੀਤ ਸਿੰਘ ਬਰਨਾਲਾ ਗਵਰਨਰ ਤਾਮਿਲਨਾਡੁ ਉਦਘਾਟਨ ਕਰਨ ਆਏ।
ਜ਼ਿਲ੍ਹਾ ਪ੍ਰਸ਼ਾਸਨ ਵੀ ਪੁੱਜਾ।
ਰਸਮੀ ਤੌਰ ਤੇ ਨੁਮਾਇਸ਼ ਵੇਖਣ ਉਪਰੰਤ ਜ਼ਿਲ੍ਹੇ ਦੇ ਐੱਸ ਐੱਸ ਪੀ ਨਰਿੰਦਰਪਾਲ ਸਿੰਘ ਪਰਤਣ ਉਪਰੰਤ ਕਹਿਣ ਲੱਗੇ,
ਸੰਧੂ, ਦੋਬਾਰਾ ਵੇਖਣ ਆਵਾਂਗਾ,
ਕਾਹਲੀ ਕਾਹਲੀ ਚ ਸਵਾਦ ਨਹੀਂ ਆਇਆ।
ਸ਼ਾਮ ਨੂੰ ਪਰਿਵਾਰ ਸਮੇਤ ਆ ਗਏ।
ਤਸਵੀਰਾਂ ਵੇਖਦਿਆਂ ਇੱਕ ਤਸਵੀਰ ਅੱਗੇ ਅਟਕ ਗਏ।
ਸੋਚੀਂ ਪਏ ਪਏ ਬੋਲੇ, ਤੇਜਪ੍ਰਤਾਪ ਜੀ,
ਆਪੋ ਆਪਣਾ ਨਜ਼ਰੀਆ ਹੈ ਨਾ!
ਪੂਰੇ ਚੰਨ ਦੀ ਰਾਤ ਨੂੰ ਤੁਸੀਂ ਕਿੰਨਾ ਸੋਹਣਾ ਸੰਭਾਲਿਆ ਹੈ।
ਪਰ ਅਸੀਂ ਪੁਲੀਸ ਵਾਲੇ ਇਹੋ ਜਹੀ ਰਾਤ ਵੇਖ ਕੇ ਆਖਦੇ ਹਾਂ,
ਹੁਣ ਭਾਵੇਂ ਆਰਾਮ ਨਾਲ ਨੀਂਦ ਪੂਰੀ ਕਰੋ, ਕਾਲੇ ਕੱਛਿਆਂ ਵਾਲੇ ਲੁਟੇਰੇ ਹੁਣ ਨਹੀਂ ਆਉਂਦੇ। ਆਪੋ ਆਪਣਾ ਨਜ਼ਰੀਆ ਹੈ।
ਉਦੋਂ ਕਾਲੇ ਕੱਛਿਆਂ ਵਾਲੇ ਲੁਟੇਰਿਆਂ ਦਾ ਬਹੁਤ ਰੌਲਾ ਹੁੰਦਾ ਸੀ।
ਕੱਲ੍ਹ ਸ਼ਾਮੀਂ ਕਰਤਾਰਪੁਰ ਸਾਹਿਬ ਲਾਂਘਾ ਨੀਂਹ ਧਰਨ ਦੇ ਸਮਾਗਮ ਚ ਸਭ ਕੁਝ ਸੁੱਖੀਂ ਸਾਂਦੀ ਵਰਤ ਗਿਆ। ਨਵਜੋਤ ਸਿੰਘ ਸਿੱਧੂ ਨੇ ਪੂਰੀ ਨੇਕ ਭਾਵਨਾ ਨਾਲ ਅਮਨ ਲਈ ਝੋਲੀ ਅੱਡੀ।
ਵਿਕਾਸ ਲਈ ਜੰਗਬੰਦੀ ਤੇ ਕਤਲੋਗਾਰਤ ਬੰਦ ਕਰਨ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਕੀਤੀ। ਇਹ ਵੀ ਕਿਹਾ ਕਿ ਪੁੱਤਰਾਂ ਦੀ ਲੋਥ ਨੂੰ ਮਾਪੇ ਹੁਣ ਮੋਢਾ ਨਾ ਦੇਣ। ਦੋਹੀਂ ਪਾਸੀਂ ਵਿਰਲਾਪ ਤੇ ਵੈਣ ਬੰਦ ਕਰੋ। ਉਸ ਇਮਰਾਨ ਖਾਂ ਤੇ ਨਰਿੰਦਰ ਮੋਦੀ ਨੂੰ ਵੀ ਚੰਗਿਉਂ ਚੇਤੇ ਕੀਤਾ। ਅੱਜ ਨਵਜੋਤ ਹੋਰ ਸੀ।
ਬਾਕੀ ਲੋਕ ਵੀ ਬੋਲੇ। ਪਾਕਿਸਤਾਨ ਦੇ ਬਦੇਸ਼ ਮੰਤਰੀ ਤੇ ਭਾਰਤੀ ਵਜ਼ੀਰ ਹਰਸਿਮਰਤ ਬਾਦਲ ਵੀ। ਚੰਗੀ ਭਾਵਨਾ ਪ੍ਰਬਲ ਸੀ।
ਕੇਂਦਰੀ ਦੋਵੇਂ ਵਜ਼ੀਰ ਹਰਸਿਮਰਤ ਤੇ ਹਰਦੀਪ ਸਿੰਘ ਪੁਰੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਵੀ ਪਾਕਿਸਤਾਨੀ ਜਰਨੈਲ (ਜੱਫੀ ਮੁਬਾਰਕ ਵਾਲੇ) ਜਾਵੇਦ ਬਾਜਵਾ ਨਾਲ ਖੜ੍ਹੇ ਦਿਸ ਰਹੇ ਸਨ।
ਸਾਡੇ ਬੰਦੇ ਆਪੋ ਆਪਣੇ ਜਲ ਦੀ ਗਾਗਰ ਸਾਂਝੇ ਅੰਮ੍ਰਿਤ ਸਰੋਵਰ ਚੋਂ ਲੈ ਕੇ ਗਏ ਹੋਏ ਸਨ।
ਨਵਜੋਤ ਸਿੰਘ ਸਿੱਧੂ ਤੇ ਅੰਮ੍ਰਿਤਸਰ ਤੋਂ ਐੱਮ ਪੀ ਗੁਰਜੀਤ ਸਿੰਘ ਔਜਲਾ ਦੀ ਗਾਗਰ ਵੱਖਰੀ ਤੇ ਗੋਬਿੰਦ ਸਿੰਘ ਪ੍ਰਧਾਨ ਦੀ ਵੱਖਰੀ।
ਕਰਤਾਰਪੁਰ ਸਾਹਿਬ ਗੁਰੂ ਘਰ ਭੇਂਟ ਕਰਨ ਲਈ ਰੁਮਾਲੇ ਵੀ ਆਪੋ ਆਪਣੇ।
1539 ਚ ਗੁਰੂ ਨਾਨਕ ਸਾਹਿਬ ਦੀ ਚਾਦਰ ਵੀ ਇਵੇਂ ਹੀ ਪਾਟੀ ਸੀ।
1947 ਚ ਵਤਨ ਵੀ ਏਥੋਂ ਹੀ ਲੰਗਾਰਿਆ ਗਿਆ। ਸਾਨੂੰ ਉਜਾੜ ਗਿਆ।
ਗੁਰੂ ਨਾਨਕ ਸਾਹਿਬ ਦਾ ਇੱਕ ਉਂਕਾਰ ਸਭ ਨੂੰ ਭੁੱਲ ਗਿਆ।
ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਂ ਬੋਲਿਆ ਤਾਂ ਲੱਗਦਾ ਸੀ, ਪ੍ਰਧਾਨ ਮੰਤਰੀ ਨਹੀਂ, ਵਕਤ ਬੋਲ ਰਿਹਾ ਹੈ।
ਉਸ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਮੁਲਕ ਐਟਮਧਾਰੀ ਹਨ, ਲੜਾਈ ਨਹੀਂ ਲੜਨ ਜੋਗੇ, ਪਤਾ ਹੈ ਸਰਵਨਾਸ਼ ਹੋਵੇਗਾ।
ਲੋਕ ਚੰਨ ਤੇ ਪਹੁੰਚ ਗਏ ਨੇ, ਅਸੀਂ ਅਜੇ ਕਸ਼ਮੀਰ ਤੇ ਖੜ੍ਹੇ ਹਾਂ। ਸਾਡਾ ਪਿਆਰ ਵਧਣਾ ਇਤਿਹਾਸ ਵੀ ਹੈ ਤੇ ਵਕਤ ਦੀ ਲੋੜ ਵੀ। ਉਸ ਕਿਹਾ ਕਿ ਜਿੱਤ ਲਈ ਖੇਡ ਮੈਦਾਨ ਚ ਵੜਨ ਵਾਲੇ ਖਿਡਾਰੀ ਕਦੇ ਨਹੀਂ ਹਾਰਦੇ। ਹਾਰਨ ਦੇ ਭੈ ਵਿੱਚ ਜਿਉਣ ਵਾਲੇ ਕਦੇ ਨਹੀਂ ਜਿੱਤਦੇ।
ਉਸ ਆਪਣੇ ਖਿਡਾਰੀ ਯਾਰ ਨਵਜੋਤ ਦੀ ਰੱਜਵੀਂ ਸਿਫ਼ਤ ਕਰਦਿਆਂ ਇਹ ਵੀ ਛੱਕਾ ਮਾਰਿਆ ਕਿ ਨਵਜੋਤ ਸਾਡਾ ਹਰਮਨ ਪਿਆਰਾ ਵੀਰ ਹੈ, ਭਾਵੇਂ ਏਧਰੋਂ ਚੋਣ ਲੜ ਲਵੇ, ਕੋਈ ਨਹੀਂ ਹਰਾ ਸਕਦਾ। ਉਸ ਦੇ ਵਜ਼ੀਰੇਆਜ਼ਮ ਬਣਨ ਦੀ ਰੀਝ ਵੀ ਪ੍ਰਗਟਾਈ।
ਸੁਣਦਿਆਂ ਮੇਰਾ ਸਹਿਯਾਤਰੀ ਮਿੱਤਰ ਇੱਕ ਦਮ ਬੋਲਿਆ! ਲਉ ਪੰਗਾ ਪੈ ਗਿਆ।
ਸਾਡੇ ਵੱਲ ਦਿਆਂ ਨੇ ਹੁਣ ਬਾਕੀ ਗੱਲਾਂ ਛੱਡ ਕੇ ਕਸ਼ਮੀਰ ਚੁੱਕ ਲੈਣਾ ਹੈ। ਜਿੰਨ੍ਹਾਂ ਨੂੰ ਇਹ ਲਾਂਘਾ ਚੰਗਾ ਨਹੀਂ ਲੱਗਦਾ ਉਹ ਕੜ੍ਹੀ ਘੋਲਣਗੇ।
ਏਨੇ ਚਿਰ ਨੂੰ ਕੌਮੀ ਚੈਨਲ ਏਹੀ ਬੋਲੀ ਬੋਲ ਪਏ। ਇਮਰਾਨ ਨੂੰ ਇਹ ਕਸ਼ਮੀਰ ਦਾ ਜ਼ਿਕਰ ਨਹੀਂ ਸੀ ਕਰਨਾ ਚਾਹੀਦਾ।
ਚਲੋ! ਸਭ ਨੇ ਆਪੋ ਆਪਣੀ ਖੇਡ ਖੇਡਣਾ ਹੈ, ਖੇਡੀ ਜਾਣ।
ਕੇਂਦਰੀ ਮੰਤਰੀ ਤੇ ਸਾਬਕਾ ਸਫ਼ੀਰ ਹਰਦੀਪ ਸਿੰਘ ਪੁਰੀ ਵਤਨ ਪਰਤਦਿਆਂ ਬੋਲੇ ਕਿ ਇਹ ਗੱਲ 1999 ਚ ਵਾਜਪਾਈ ਜੀ ਦੀ ਪਾਕਿਸਤਾਨ ਫੇਰੀ ਤੇ ਨਾਲ ਗਏ ਸ: ਪਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਉਠਾਈ ਸੀ। ਚੰਗੀ ਗੱਲ ਹੈ, ਪਰ ਇਹ ਵੀ ਕਿੱਦਾਂ ਵਿਸਾਰੀਏ ਕਿ 1969 ਚ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਾਕਿ ਨਾਲ ਜ਼ਮੀਨ ਤਬਾਦਲਾ ਕਰਕੇ ਇਹ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਹਾਸਲ ਕਰਨ ਦਾ ਭਰੋਸਾ ਦਿਵਾਇਆ ਸੀ।
ਮੈਨੂੰ ਯਾਦ ਆਇਆ ਪੁਲਿਸ ਮੁਖੀ ਸ: ਨਰਿੰਦਰਪਾਲ ਸਿੰਘ ਦਾ ਕਥਨ ਕਿ
ਪੂਰੇ ਚੰਨ ਦੀ ਰਾਤ ਦੇ ਅਰਥ
ਚੋਰਾਂ ਲਈ ਹੋਰ ਹੁੰਦੇ ਹਨ
ਤੇ ਰਾਖਿਆਂ ਲਈ ਹੋਰ।
ਦੋਸਤੋ! 2019 ਦੀਆਂ ਚੋਣਾਂ ਵਾਲੀ ਐਨਕ ਉਤਾਰ ਕੇ ਵੇਖੋ, ਅਮਨ ਦਾ ਪਰਚਮ ਕਰਤਾਰਪੁਰ ਦੀ ਧਰਤੀ ਤੇ ਝੂਲਦਾ ਦਿਸੇਗਾ।
ਪਿੱਛੋਂ ਸੁੱਝੀ:
ਨਵਜੋਤ ਸਿੰਘ ਸਿੱਧੂ ਦੀ ਬੀਵੀ ਉਹਨੂੰ ਕੰਨ ਪਿੱਛੇ ਕੁਝ ਦਿਨ ਕਾਲ਼ਾ ਟਿੱਕਾ ਲਾ ਕੇ ਰੱਖੇ, ਦੋਹਾਂ ਪੰਜਾਬਾਂ ਚ ਇੱਕੋ ਵੇਲੇ ਏਨੀਆਂ ਸਿਫ਼ਤਾਂ ਨਜ਼ਰ ਲਾ ਸਕਦੀਆਂ ਹਨ।
ਪਾਕਿਸਤਾਨ ਤੋਂ ਸ਼ਾਇਰ ਦੋਸਤ ਇਰਸ਼ਾਦ ਸੰਧੂ ਦੀ ਨਜ਼ਮ ਪਿਆਰੇ ਵੀਰ ਪ੍ਰੋ: ਜਸਪਾਲ ਘਈ ਨੇ ਗੁਰਮੁਖੀ ਅੱਖਰਾਂ ਚ ਢਾਲ ਕੇ ਭੇਜੀ ਹੈ
ਤੁਸੀਂ ਵੀ ਪੜ੍ਹੋ।
ਕਰਤਾਰਪੁਰ ਲਾਂਘੇ ਬਾਰੇ ਲਹਿੰਦੇ ਪੰਜਾਬੋਂ ਇਕ ਨਜ਼ਮ
-------------------------
ਉਦਰੇਵਾਂ / ਇਰਸ਼ਾਦ ਸੰਧੂ
--------------------
ਕੁਝ ਤੇ ਨੇੜ ਨੜੇਪਾ ਵਧਿਆ
ਕੁਝ ਤੇ ਆਸਾਂ ਪੁੱਗੀਆਂ
ਕੁਝ ਤੇ ਵੈਰ ਦੇ ਨਾਗ ਮਿੱਧੀਜੇ
ਕੁਝ ਤੇ ਸਾਂਝਾਂ ਉੱਗੀਆਂ
ਕੁਝ ਤੇ ਸੁੱਕੀ ਸਿੱਕ ਦੀ ਹਿੱਕ ਤੇ
ਖਿੜ ਪਏ ਫੁੱਲ ਨਰੋਏ
ਕੁਝ ਤੇ ਦੂਰੀ ਵਾਲੇ ਕੰਡੇ
ਬੋਡੇ ਹੋ ਕੇ ਮੋਏ
ਕੁਝ ਤੇ ਵਾਵਾਂ ਇਕ ਦੂਜੇ ਵੱਲ
ਹੱਸ ਕੇ ਬਾਂਹ ਵਧਾਈ
ਕੁਝ ਤੇ ਸੀਨੇ ਠਾਰਨ ਵਾਲੀ
ਜੱਫੀਆਂ ਦੀ ਰੁੱਤ ਆਈ
ਕੁਝ ਤੇ ਆਈਆਂ ਕਣਕ ਕਪਾਹਵਾਂ
ਇਕ ਦੂਜੇ ਦੇ ਲਾਗੇ
ਕੁਝ ਤੇ ਖੇਤੀਂ ਹੌਕੇ ਭਰਦੀ
ਭਾਗ ਸਰੋਂ ਦੇ ਜਾਗੇ
ਕੁਝ ਤੇ ਵੀਰਾਂ ਇਕ ਦੂਜੇ ਨੂੰ
ਦਿਲ ਦੇ ਦੁਖੜੇ ਦੱਸੇ
ਕੁਝ ਤੇ ਸਾਡੇ ਬੋਹੜਾਂ ਕਿੱਕਰ
ਉਮਰਾਂ ਪਿੱਛੋਂ ਹੱਸੇ
ਕੁਝ ਤੇ ਸਾਡੇ ਅੰਬ ਸ਼ਰੀਹਾਂ
ਦੁਖ ਤੇ ਸੁਖ ਵੰਡਾਏ
ਕੁਝ ਤੇ ਪਿੱਪਲ ਨਿੰਮ ਧਰੇਕਾਂ
ਅਪਣੇ ਹਾਲ ਸੁਣਾਏ
ਕੁਝ ਤੇ ਸਾਡੇ ਹੀਰੇ ਮੋਤੀ
ਬਰਾ ਬਰੋਬਰ ਤੁਲੇ
ਕੁਝ ਤੇ ਸੰਗਲ ਵੱਜੇ ਰਸਤੇ
ਇਕ ਦੂਜੇ ਲਈ ਖੁੱਲ੍ਹੇ
ਕੁਝ ਤੇ ਬਾਬੇ ਨਾਨਕ ਵਾਂਗੂੰ
ਸਾਂਝੀ ਤੌਣ ਵਲੋਈ
ਕੁਝ ਤੇ ਮੁਰਸ਼ਦ ਬੁੱਲ੍ਹੇ ਵਾਲੀ
ਥੱਈਆ ਥੱਈਆ ਹੋਈ
ਕੁਝ ਤੇ ਸੰਧੂ ਨਦੀਆਂ ਦਾ ਵੀ
ਲੱਥਾ ਅੱਜ ਥਕੇਵਾਂ
ਕੁਝ ਤੇ ਸਾਡੇ ਦਰਿਆਵਾਂ ਦਾ
ਮੁੱਕਿਆ ਏ ਉਦਰੇਵਾਂ
ਕੁਝ ਤੇ ਲਹਿੰਦੇ ਚੜ੍ਹਦੇ ਵੱਲੋਂ
ਅਮਨਾਂ ਦਾ ਮੀਂਹ ਵਰਿਆ
ਕੁਝ ਤੇ ਸਾਡੀ ਧਰਤੀ ਮਾਂ ਦਾ
ਬਲਦਾ ਸੀਨਾ ਠਰਿਆ ।
---- ਇਰਸ਼ਾਦ ਸੰਧੂ
ਲਿੱਪੀਅੰਤਰ : ਜਸਪਾਲ ਘਈ
،،،اُدریواں / ارشاد سندھو
کُجھ تے نیڑ نڑپا ودھیا
کُجھ تے آساں پُگیاں
کُجھ تے ویر دے ناگ مدھیجے
کُجھ تے سانجھاں اُگیاں
کُجھ تے سُکی سِک دی ہِک تے
کِھڑ پئے پُھل نروئے
کُجھ تے دوری والے کنڈے
بوڈے ہو کے موئے
کُجھ تے واواں اِک دوجے ول
ہس کے بانہہ ودھائی
کُجھ تے سینے ٹھارن والی
جپھیاں دی رُت آئی
کُجھ تے آئیاں کنک کپاہواں
اِک دوجے دے لاگے
کُجھ تے کھیتیں ہوکے بھردی
بھاگ سرہوں دے جاگے
کُجھ تے بیراں اِک دوجے نوں
دِل دے دُکھڑے دسے
کُجھ تے ساڈے بوڑھاں کِکر
عُمراں پِچھوں ہسے
کُجھ تے ساڈے انب شرینہیاں
دُکھ تے سُکھ ونڈائے
کُجھ تے پِپل نِم دھریکاں
اپنے حال سُنائے
کُجھ تے ساڈے ہیرے موتی
برا بروبر تُلّے
کُجھ تے سنگل وَجّے رستے
اِک دوجے لئی کُھلے
کُجھ تے بابے نانک وانگوں
سانجھی تَون ولوئی
کُجھ تے مُرشد بُلھے والی
تھیا تھیا ہوئی
کُجھ تے سندھو ندیاں دا وی
لتھا اج تھکیواں
کُجھ تے ساڈے دریاواں دا
مُکیا اے اُدریواں
کُجھ تے لہندے چڑھدے ولوں
امناں دا مہینہ ورھیا
کُجھ تے ساڈی دھرتی ماں دا
بلدا سینا ٹھریا
ارشاد سندھو
ਗੁਰਭਜਨ ਗਿੱਲ
29.11.2018