ਅੱਜ ਮੇਰਾ ਜਨਮ ਦਿਨ ਹੈ। ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਦੇ ਫੇਸਬੁੱਕ ਤੇ ਵਧਾਈਆ ਦੇ ਸੁਨੇਹੇ ਆ ਰਹੇ ਹਨ। ਬੜੀ ਅਜੀਬ ਜਿਹੀ ਘੁੱਟਣ ਮਹਿਸੂਸ ਹੋ ਰਹੀ ਹੈ। ਅਜੇ ਪਿਛਲੇ ਹਫ਼ਤੇ ਹੀ ਮਾਂ ਨੂੰ ਤੋਰ ਕੇ ਹਟਿਆ। ਸੋਚ ਕੇ ਮਨ ਭਰ ਆਉਂਦਾ ਹੈ ਕਿ ਕਿਨ੍ਹਾਂ ਚੰਗਾ ਹੁੰਦਾ ਜੇ ਅੱਜ ਮਾਂ ਜਿਉਂਦੀ ਹੁੰਦੀ। ਉਹ ਮੇਰੇ ਜਨਮ ਦਿਨ ਤੇ ਅੱਜ ਕਿੰਨ੍ਹਾਂ ਖੁਸ਼ ਹੁੰਦੀ। ਮਾਂਵਾਂ ਲਈ ਤਾਂ ਪੁੱਤ ਭਾਵੇਂ ਬੁੱਢੇ ਹੋ ਜਾਣ ਉਨ੍ਹਾਂ ਦੀ ਖੁਸ਼ੀ ਤਾਂ ਹਰ ਵਕਤ ਪੁੱਤਰ ਦੇ ਜਨਮ ਵੇਲੇ ਵਾਲੀ ਹੀ ਹੁੰਦੀ ਹੈ। ਮਾਂ ਦੇ ਪਿਆਰ ਦਾ ਨਿੱਘ ਤਾਂ ਮੈਂ ਹਮੇਸ਼ਾ ਹੀ ਮਾਣਿਆ ਹੈ। ਪਰ ਜੋ ਪਲ ਮੈਂ ਮਾਂ ਨਾਲ ਪਿਛਲੇ 9-10 ਮਹੀਨਿਆਂ ਅੰਦਰ ਬਿਤਾਏ ਹਨ ਉਹ ਹਮੇਸ਼ਾਂ ਹੀ ਮੇਰੀ ਮਾਂ ਦੀ ਸਦੀਵੀ ਯਾਦ ਬਣਕੇ ਮੇਰੇ ਅੰਦਰ ਜਿਉਂਦੇ ਰਹਿਣਗੇ।
ਮੈਂ ਆਏ ਦਿਨ ਪੇਲੇਟਿਵ ਕੇਅਰ 'ਚ ਜਿਉਂਦੇ ਇਨਸਾਨ ਆਉਂਦੇ ਅਤੇ ਲਾਸ਼ਾਂ ਬਣ-ਬਣ ਕੇ ਜਾ ਰਹੇ ਵੇਖ ਰਿਹਾ ਸਾਂ। ਪਿਛਲੇ ਦਸ ਮਹੀਨਿਆ 'ਚ ਮਾਂ ਨੁੰ ਪੰਜਵੀ ਵਾਰ ਪੇਲੇਟਿਵ ਕੇਅਰ 'ਚ ਲਿਆਂਦਾ ਗਿਆ ਸੀ। ਹਰ ਰੋਜ਼ ਟਿਕੀ ਰਾਤ 'ਚ ਜਾਣ ਵਾਲਿਆਂ ਦਾ ਚੀਕ ਚਿਹਾੜਾ ਸੁਣਕੇ ਮੈਂ ਵੀ ਆਪਣੇ ਆਪ ਨੂੰ ਲਾਸ਼ ਮਹਿਸੂਸ ਕਰਨ ਲੱਗ ਪਿਆ ਸਾਂ।
ਬੀਤੇ ਪਲ ਯਾਦ ਕਰਕੇ ਸਰੀਰ 'ਚ ਕੰਬਣੀ ਜਿਹੀ ਛਿੜ ਜਾਂਦੀ ਹੈ। ਯਾਦ ਕਰਦਾਂ ਹਾਂ ਕਿ ਮਾਂ ਕਿੰਨ੍ਹੇ ਦੁੱਖ ਵਿੱਚ ਗਈ ਉਹਨੇਂ ਤਾਂ ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ ਸੀ। ਫਿਰ ਵਾਹਿਗੁਰੂ ਨੇ ਮਾਂ ਨੂੰ ਇੰਨ੍ਹੀ ਸਜ਼ਾ ਕਿਉਂ ਦਿੱਤੀ? ਮਾਂ ਦੇ ਤੁਰ ਜਾਣ ਤੋਂ ਪਹਿਲੀ ਰਾਤ ਜਦੋਂ ਮੈਂ ਹਸਪਤਾਲ 'ਚ ਮਾਂ ਦੇ ਬੈੱਡ ਨਾਲ ਪਈ ਕੁਰਸੀ ਤੇ ਬੈਠਾ ਊਂਘ ਰਿਹਾ ਸੀ ਤਾਂ ਮਾਂ ਨੇ ਆਪਣੇ ਆਖ਼ਰੀ ਬੋਲ ਦੋ ਵਾਰ ਕਹੇ, ਵੇ ਪੁੱਤ ਤੂੰ ਲੱਤਾਂ ਸਿੱਧਿਆ ਕਰਕੇ ਆ ਮੇਰੇ ਕੋਲ ਸੌਂਅ ਜਾ। ਤੂੰ ਤਾਂ ਕਿੰਨ੍ਹੇ ਦਿਨਾਂ ਦਾ ਸੁੱਤਾ ਹੀ ਨਹੀਂ। ਮੈ ਗੱਲ ਆਈ ਗਈ ਕਰ ਦਿੱਤੀ। ਮੈਨੂੰ ਭਲਾ ਨੀਂਦ ਕਿਥੋਂ ਆਉਂਦੀ ਸੀ? ਡਾਕਟਰ ਨੇ ਤੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮਾਂ ਦੇ ਸਵਾਸਾਂ ਦੀ ਪੂੰਜੀ ਹੁਣ ਮੁੱਕਦੀ ਜਾ ਰਹੀ ਹੈ ਅਤੇ ਆਖਰੀ ਵੇਲਾ ਹੁਣ ਨਜਦੀਕ ਹੀ ਹੈ।
ਬੀਤੇ 9-10 ਮਹੀਨਿਆਂ 'ਚ ਮੈਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਮਰੀਜ਼ ਦੇ ਅੰਗ-ਦਾਨਾਂ ਬਾਰੇ ਜਾਨਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਇਹ ਜਾਣ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਤਾਂ ਬੰਦੇ ਦੇ ਸਰੀਰ ਦਾ ਕੋਈ ਅੰਗ ਵੀ ਨਹੀਂ ਛੱਡਦੀ, ਮੇਰੇ ਪੱਲੇ ਨਿਰਾਸ਼ਤਾ ਹੀ ਪਈ ਸੀ। ਮੈਨੂੰ ਹੁਣ ਇਹ ਯਕੀਨ ਜਿਹਾ ਹੋ ਗਿਆ ਸੀ ਕਿ ਹੁਣ ਤੇ ਮਾਂ ਦੀਆਂ ਅੱਖਾਂ ਵੀ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਹਫ਼ਤਾ ਕੁ ਪਹਿਲਾਂ ਮੈਂ ਕਿਤੇ ਅਖ਼ਬਾਰ 'ਚ ਪੜਿਆ ਸੀ ਕਿ ਭਾਰਤ 'ਚ ਹਰ ਸਾਲ 25 ਅਗਸਤ ਤੋਂ 8 ਸਤੰਬਰ ਦਾ ਸਮਾਂ 'ਕੌਮੀ ਅੱਖਾਂ ਦਾਨ ਪੰਦਰਵਾੜੇ' ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਦੇ ਨੇਤਰਦਾਨ ਬਾਰੇ ਜੁੜੇ ਭਰਮ-ਭੁਲੇਖਿਆਂ ਨੂੰ ਦੂਰ ਕਰਕੇ ਉਨ੍ਹਾਂ ਨੂੰ ਮੌਤ ਉਪਰੰਤ 'ਅੱਖਾਂ ਦਾਨ' ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਬੈਠੇ-ਬੈਠੇ ਮੇਰੇ ਦਿਮਾਗ 'ਚ ਘੁੰਮਣ ਘੇਰੀਆ ਆ ਰਹੀਆ ਸਨ। ਮੇਰੇ ਮਨ 'ਚ ਬਾਈ ਕਰਿਸਨ ਬਰਗਾੜੀ ਦੀ 'ਸਰੀਰ ਦਾਨ' ਦੀ ਗੱਲ ਯਾਦ ਆਉਂਦੀ ਤੇ ਮੈਂ ਪਲ ਹੀ ਪਲ ਇਹ ਸੋਚਦਾ ਕਿ ਮੇਰੀ ਮਾਂ ਨੇ ਹਮੇਸ਼ਾਂ ਹੀ ਹਰ ਇੱਕ ਦਾ ਭਲਾ ਲੋੜਿਆ ਹੈ ਅਤੇ ਲੋੜਵੰਦਾਂ ਦੇ ਕੰਮ ਆਈ ਹੈ। ਪਰ ਜੇ ਕਿਧਰੇ ਇਹ ਚੰਦਰੀ ਬਿਮਾਰੀ ਮਾਂ ਨੂੰ ਨਾ ਲੱਗਦੀ ਤਾਂ ਮਾਂ ਨੇ ਜਾਂਦੇ ਜਾਂਦੇ ਆਪਣੇ ਅੰਗ-ਦਾਨ ਕਰਕੇ ਲੋੜਵੰਦਾਂ ਦਾ ਆਸਰਾ ਜਰੂਰ ਬਣ ਜਾਣਾ ਸੀ। ਘੱਟੋ ਘੱਟ ਆਪਣੀਆਂ ਅੱਖਾਂ ਤਾਂ ਜਰੂਰ ਦਾਨ ਕਰ ਜਾਂਦੀ ਅਤੇ ਆਪਣੀਆਂ ਅੱਖਾਂ ਦਾਨ ਕਰਕੇ ਮੌਤ ਉਪਰੰਤ ਵੀ ਕਿਸੇ ਇਨਸਾਨ ਦੀ ਹਨ੍ਹੇਰੀ ਦੁਨੀਆਂ ਵਿੱਚ ਉਜਾਲਾ ਕਰ ਜਾਂਦੀ।
ਫਿਰ ਮਾਂ ਦਾ ਅਖ਼ੀਰੀ ਦਿਨ ਆ ਗਿਆ ਤੇ 15 ਸਤੰਬਰ ਨੂੰ ਸਵੇਰੇ ਸਾਢੇ ਦਸ ਵਜੇ ਮਾਂ ਚੁੱਪ-ਚਾਪ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਈ। ਮਾਂ ਨੂੰ ਤੋਰ ਕੇ ਘਰ ਸੱਥਰ ਵਿੱਛ ਗਿਆ। ਰਿਸ਼ਤੇਦਾਰ, ਯਾਰ ਦੋਸਤ ਮਾਂ ਦੇ ਤੁਰ ਜਾਣ ਦਾ ਅਫਸੋਸ ਕਰਨ ਆਉਣ ਲੱਗੇ। ਅਚਾਨਕ ਹਸਪਤਾਲ ਤੋ ਫੋਨ ਆ ਜਾਂਦਾ ਹੈ ਕਿ ਮਾਂ ਦੀਆਂ ਦੋਵੇਂ ਅੱਖਾਂ ਠੀਕ ਨੇ ਅਤੇ ਕਿਸੇ ਦੋ ਲੋੜਵੰਦ ਵਿਅਕਤੀਆਂ ਦੀ ਜਿੰਦਗੀ 'ਚ ਉਜਾਲਾ ਕਰ ਸਕਦੀਆਂ ਨੇ। ਮੈਂ ਮਨ ਹੀ ਮਨ 'ਚ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਝੱਟ ਹਾਂ ਕਰ ਦਿਤੀ ਕਿ ਮਾਂ ਦੀਆਂ ਅੱਖਾਂ ਲੋੜਵੰਦ ਵਿਅਕਤੀਆਂ ਨੂੰ ਦਾਨ ਕਰ ਦਿੱਤੀਆਂ ਜਾਣ। ਮਾਂ ਦੇ ਸਵਾਸ ਛੱਡਣ ਦੇ ਛੇਅ ਘੰਟਿਆਂ ਦੇ ਅੰਦਰ-ਅੰਦਰ ਮਾਂ ਦੀਆਂ ਅੱਖਾਂ 'ਅੱਖ ਦਾਨ ਬੈਂਕ' 'ਚ ਪਹੁੰਚਾ ਦਿਤੀਆਂ ਗਈਆਂ ਅਤੇ ਅਗਲੇ ਚੌਵੀ ਘੰਟਿਆਂ ਦੇ ਅੰਦਰ ਕਿਸੇ ਦੋ ਲੋੜਵੰਦ ਵਿਅਕਤੀਆਂ ਦੀ ਨਿਰਾਸ਼ਤਾ ਭਰੀ ਜਿੰਦਗੀ ਨੂੰ ਉੱਜਲ ਕਰਨ ਲਈ ਸਹਾਈ ਹੋਈਆਂ। ਮੈਂ ਸਮਝਦਾ ਹਾਂ ਕਿ ਭਾਂਵੇ ਵਾਹਿਗੁਰੂ ਨੇ ਮੈਨੂੰ ਮੇਰੀ ਮਾਂ ਤੋਂ ਵਾਂਝਿਆ ਕਰ ਦਿਤਾ ਹੈ ਪਰ ਜੋ ਕੈਂਸਰ ਦੀ ਬਿਮਾਰੀ ਤੋਂ ਪੀੜਤ ਮੇਰੀ ਮਾਂ ਦੀਆਂ ਅੱਖਾਂ ਨੂੰ ਸੁਰਖਿਅਤ ਰੱਖ ਕੇ ਵਾਹਿਗੁਰੂ ਨੇ ਮੇਰੀ ਅਤੇ ਮੇਰੀ ਮਾਂ ਦੀ ਮਨਸ਼ਾ ਪੂਰੀ ਕੀਤੀ ਹੈ। ਮੈਂ ਇਸ ਨੂੰ ਵਾਹਿਗੁ੍ਰ ਦਾ ਵਰਦਾਨ ਸਮਝਦਾ ਹਾਂ ਅਤੇ ਆਉਣ ਵਾਲੇ ਮੇਰੇ ਸਾਰੇ ਜਨਮ ਦਿਨਾਂ ਲਈ ਜੋ ਤੋਹਫਾ ਮੇਰੀ ਮਾਂ ਮੇਰੇ ਲਈ ਛੱਡ ਕੇ ਗਈ ਹੈ, ਮੈਂ ਇਸ ਨਾਲ ਪੂਰਨ ਸੰਤੁਸ਼ਟ ਹਾਂ ਕਿਉਂਕਿ ਮੇਰੀ ਮਾਂ ਦੀਆਂ ਅੱਖਾਂ ਤੋਂ ਦੋ ਨੇਤਰਹੀਣਾਂ ਨੂੰ ਰੋਸ਼ਨੀ ਪ੍ਰਾਪਤ ਹੋਈ ਹੈ।
ਬਲਜਿੰਦਰ ਸੇਖਾ (ਕਨੇਡਾ)