ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ ਓਹੀ ਦਿਵਸ ਗੁਲਾਬ ਦੇ ਵਰਗਾ।
ਬਾਕੀ ਬਚਦਾ ਹਰ ਦਿਨ ਜੀਕੂੰ ਰੁੱਸ ਗਏ ਦੇਸ ਪੰਜਾਬ ਦੇ ਵਰਗਾ।
ਨਜ਼ਰ ਤੇਰੀ ਵਿੱਚ ਸੂਰਜ ਰੌਸ਼ਨ ਤੋਰ ਜਿਵੇਂ ਦਰਿਆਈ ਲਹਿਰਾਂ,
ਮੱਥਾ ਹੈ ਜਿਓ ਂਨੂਰ ਇਲਾਹੀ, ਗੋਲਮੋਲ ਮਾਹਤਾਬ ਦੇ ਵਰਗਾ।
ਜਿਹੜੀ ਰਾਤ ਆਕਾਸ਼ ਦੇ ਤਾਰੇ ਤੱਕਦਿਆਂ ਤੈਨੂੰ ਬੋਲੇ ਸਾਰੇ,
ਆਪ ਸੁਣੇ ਮੈਂ ਚੰਦ ਨੂੰ ਕਹਿੰਦੇ ,ਆਇਆ
ਕੌਣ ਜਨਾਬ ਦੇ ਵਰਗਾ।
ਰੋਲ ਦੇਈ ਂਨਾ ਬਿਨ ਪੜ੍ਹਿਆਂ ਤੋਂ ,ਅੱਖਰ
ਰਾਹ ਰੁਸ਼ਨਾਵਣਹਾਰੇ,
ਹਰ ਪੱਤਰਾ ਗੁਰਮੰਤਰ ਇਸਦਾ ,ਪਾਕਿ ਪਵਿੱਤ ਕਿਤਾਬ ਦੇ ਵਰਗਾ।
ਮਰਦਾਨਾ ਬਾਣੀ ਦੇ ਅੰਗ ਸੰਗ ,ਮਰਦਾ ਨਾ ਉਹ ਇਸ ਦੇ ਕਰਕੇ,
ਨਾਨਕ ਨਾਲ ਵਜਾਵਣਹਾਰਾ ਕਿਹੜਾ ਸਾਜ਼ ਰਬਾਬ ਦੇ ਵਰਗਾ।
ਥਾਲ ਗਗਨ ਵਿੱਚ ਤਾਰਾ ਮੰਡਲ ਮਹਿਕ ਰਹੀ ਪ੍ਰਕਿਰਤੀ ਪੰਡਿਤ,
ਬ੍ਰਹਿਮੰਡ ਨੇ ਵੀ ਸੁਣਿਆ ਨਾ ਸੀ,ਇਸ ਤੋਂ ਸਾਫ਼ ਜਵਾਬ ਦੇ ਵਰਗਾ।
ਓਸ ਗਿਰਾਂ ਨੂੰ ਰੱਬ ਵੀ ਚਾਹੇ ਨਰਕੋਂ ਸੁਰਗ ਬਣਾ ਨਹੀਂ ਸਕਦਾ,
ਨਸਲਕੁਸ਼ੀ ਲਈ ਮੁੱਖ ਦਰਵਾਜ਼ਾ ,ਜਿਸ ਥਾਂ ਜ਼ਹਿਰ ਸ਼ਰਾਬ ਦੇ ਵਰਗਾ।
Gurbhajansinghgill@gmail.com
Phone: 9872631199