ਉਹ ਕੁਝ ਵੀ ਕਰ ਸਕਦੇ ਹਨ ,
ਰਾਂਝੇ ਦੀ ਵੰਝਲੀ ਤੋਂ ਲੈ ਕੇ ,
ਕਨੱਈਆ ਦੀ
ਬੋਲਦੀ ਬੰਸਰੀ ਤੋੜਨ ਤੀਕ।
ਮੇਰੀਆਂ ਹੇਕਾਂ ਨੂੰ
ਕੰਠ ਵਿੱਚ ਹੀ ਦਫ਼ਨਾਉਣ ਤੋਂ ਲੈ ਕੇ ,
ਸਾਹਾਂ ਨੂੰ ਕਸ਼ੀਦਣ ਤੀਕ।
ਖਿਝੇ ਹੋਏ ਹਨ
ਕੁਝ ਵੀ ਕਰ ਸਕਦੇ ਹਨ।
ਜਨੂੰਨ ਦੇ ਬੁਖ਼ਾਰ ਵਿੱਚ
ਇਨਸਾਫ਼ ਦੀ ਤੱਕੜੀ ਤੋੜ ਕੇ ,
ਛਾਬੇ ਮੂਧੇ ਮੂੰਹ ਪਾ ਸਕਦੇ ਹਨ।
ਕਚਿਹਰੀਆਂ ਚ
ਤਰੀਕ ਭੁਗਤਣ ਆਈ ਦਰੋਪਦੀ ਦਾ ,
ਚੀਰ ਹਰਣ ਕਰ ਸਕਦੇ ਹਨ।
ਇਹ ਨਾ ਕੌਰਵ ਹਨ ,
ਨਾ ਹੀ ਪਾਂਡਵ ,
ਇਹ ਤਾਂਡਵ ਪੰਥੀ ਤਮਾਸ਼ਬੀਨ ਹਨ।
ਚਿੜੀਆਂ ਦੀ ਮੌਤ ਤੇ ਗੰਵਾਰਾਂ ਵਾਂਗ
ਹੱਸਦੇ ਹੱਸਦੇ ,
ਇਹ ਕੁਝ ਵੀ ਕਰ ਸਕਦੇ ਹਨ।
ਕਿਸ ਦੇ ਵਕੀਲ ਹਨ ਇਹ ?
ਜੋ ਨਾ ਦਲੀਲ ਸੁਣਦੇ ਹਨ
ਨਾ ਅਪੀਲ ਵਾਚਦੇ ਨੇ ?
ਨਵੀਂ ਨਸਲ ਦੇ ਮਹਾਂਬਲੀ ,
ਕਿਹੜੀ ਬੋਲੀ ਬੋਲਦੇ ਹਨ ?
ਜੋ ਸਾਨੂੰ ਵੀ ਸਿਖਾਉਂਣਾ ਚਾਹੁੰਦੇ ਹਨ ?
ਤੀਰ ਤਲਵਾਰ ਹਥਿਆਰ ,
ਮੂੰਹ ਵਿੱਚ ਅਗਨ ,
ਹਰ ਪਲ ਇੱਕੋ ਲਗਨ ,
ਇਹ ਮੰਨਵਾਉਣ ਦੀ ਜ਼ਿਦ ਕਰਦੇ।
ਕਿ
ਇਹ ਆਰੀਆਵ੍ਤ ਸਾਡਾ ਹੈ।
ਭਾਰਤ ਦੇਸ਼ ਹਮਾਰਾ।
ਬੀਜ ਰਹੇ ਨੇ ਬੇਗਾਨਗੀ ਦੀ ਫ਼ਸਲ।
ਭੁੱਲ ਗਏ ਨੇ
ਬੜੀ ਔਖੀ ਹੈ ਕੱਟਣੀ
ਬੇ ਵਿਸਾਹੀ ਦੀ ਫ਼ਸਲ।
ਜੇ ਇਹ ਵਤਨ ਸਿਰਫ਼ ਇਨ੍ਹਾਂ ਦਾ ਹੈ ,
ਤਾਂ ਫੇਰ ਸਾਡਾ ਕਿਹੜਾ ਹੈ?
ਜਿੱਥੇ
ਕਿਛੁ ਸੁਣੀਏ ਕਿਛ ਕਹੀਏ
ਦੀ ਧੁਨ ਸੁਣੇ ?
ਮਰਦਾਨੇ ਦੀ ਰਬਾਬ ਨਾਲ
ਮੇਰਾ ਬਾਪੂ ਗਾਵੇ ?
ਗਗਨ ਮਹਿ ਥਾਲ
ਰਵਿ ਚੰਦ ਦੀਪਕ ਬਣੇ ?
ਤਾਰਿਕਾ ਮੰਡਲ ਜਨਕ ਮੋਤੀ ?
ਮਾਣਕ ਮੋਤੀ ਖਿਲਾਰਦੇ ,
ਖ੍ਵਾਬ ਉਡਾਰੀਆਂ ਮਾਰਦੇ ,
ਵਿਰੋਧ ਦੀ ਭਾਸ਼ਾ ਨੂੰ
ਮੁੱਕੀਆਂ ਵਾਂਗ ਉਲਾਰਦੇ।
ਕਿਸ ਦੀ ਬੋਲੀ ਬੋਲਦੇ ਨੇ
ਇਹ ਨਵੇਂ ਨਕੋਰ ਖ਼ੁਦ ਸਾਖ਼ਤਾ ਯੋਧੇ ?
ਧਰਤੀ ਦੇ ਸਾਈਂ ਬਣ ਬੈਠੇ ਨੇ।
ਜੋ ਇਹੀ ਅਲਾਪਦੇ ਨੇ।
ਜੋ ਕਹੀਏ ਸੋ ਖਾਓ
ਜੋ ਕਹੀਏ ਸੋ ਪਾਓ।
ਇਹ ਦਸਤਾਰਾਂ ਤੋਂ ਤੁਰਨਗੇ ,
ਸਲਵਾਰਾਂ ਤੇ ਪਹੁੰਚਣਗੇ ,
ਤਕਰਾਰਾਂ ਤੋਂ ਤੁਰਦੇ ਤੁਰਦੇ
ਇਹ ਸਾਨੂੰ ,
ਹਥਿਆਰਾਂ ਤੀਕ ਲੈ ਜਾਣਗੇ।
ਸ਼ਾਸਤਰ ਦੀ ਲੜਾਈ ਲੜਦਿਆਂ ਨੂੰ ਸ਼ਸਤਰ ਦੀ ਭਾਸ਼ਾ ਸਿਖਾਉਣਗੇ ,
ਬਾਰ ਬਾਰ ਆਉਣਗੇ, ਸਮਝਾਉਣਗੇ।
ਤੁਸੀਂ ਖ਼ੜਗ ਭੁਜਾ ਹੋ।
ਆਪ
ਅਕਲ ਭੁਜਾ ਬਣ ਬਣ ਵਿਖਾਉਣਗੇ।
ਰਿਗ ਵੇਦ ਦੀ ਧਰਤੀ ਨੂੰ
ਲਿਖਿਆ ਲਿਖਾਇਆ
ਪੜ੍ਹਿਆ ਪੜ੍ਹਾਇਆ ਭੁਲਾਉਣਗੇ।
ਗੁਰੂ ਗਰੰਥ ਵਾਲੀ ਪੰਥ ਭੂਮੀ ਨੂੰ
ਚਿੱਟੇ ਚਾਨਣੇ ਦਿਨ ਕੁਰਾਹੇ ਪਾਉਣਗੇ।
ਸਾਵਧਾਨ
ਇਹ ਕੁਰਸੀ ਲਈ
ਕੁਝ ਵੀ ਕਰ ਸਕਦੇ ਨੇ।
ਮਰ ਨਹੀਂ ਮਾਰ ਸਕਦੇ ਨੇ।
ਡੋਬ ਕੇ ਅਸਥੀਆਂ ਤਾਰ ਸਕਦੇ ਨੇ।
ਕੁਝ ਵੀ ਕਰ ਸਕਦੇ ਨੇ।