ਕੈਲੇਫੋਰਨੀਆ, 2 ਅਗਸਤ, 2017 : “ਉਚੇ ਟਾਹਣੇ ਪੀਂਘ ਪਾ ਦੇ, ਜਿਥੇ ਆਪ ਹੁਲਾਰਾ ਆਵੇ” ਦੇ ਮਨਮੋਹਣੇ ਬੋਲ ਤੀਜ ਦੀਆਂ ਤੀਆਂ ‘ਚ ਕੁਝ ਇਹੋ ਜਿਹਾ ਰੰਗ ਭਰ ਗਏ ਕਿ ਸੈਨਹੋਜੇ ਦਾ ਯੂਨੀਫਾਈ ਇਵੈਨਟ ਸੈਂਟਰ, ਜਿਥੇ ਮੁਟਿਆਰਾਂ ਇੱਕਤਰ ਹੋਈਆਂ, ਕੁੜੀਆਂ ਹੁੰਮ ਹੁੰਮਾ ਕੇ ਪੁੱਜੀਆਂ, ਸੱਜ ਵਿਆਹੀਆਂ ਚਾਵਾਂ ਨਾਲ ਨੱਚੀਆਂ ਤੇ ਅਧ-ਖੜ ਉਮਰੇ ਵੀ ਸੱਜੀਆਂ-ਧੱਜੀਆਂ ਤ੍ਰੀਮਤਾਂ ਨੇ ਆਪਣੀ ਧਰਤੀ ਦੇ ਉਸ ਰੰਗ ਨੂੰ ਯਾਦ ਕੀਤਾ, ਜਿਹੜਾ ਯਾਦ-ਪਟਾਰੀ ‘ਚ ਪਾ, ਉਹ ਆਪਣੇ ਵਤਨਾਂ ਨੂੰ ਛੱਡਣ ਵੇਲੇ ਆਪਣੇ ਲੜ ਬੰਨ੍ਹਕੇ ਲਿਆਈਆਂ ਸਨ। 86 ਸਾਲ ਦੀ ਬੇਬੇ ਨੇ ਵੀ ਸੈਨਹੋਜੇ ਦੀਆਂ ਤੀਆਂ ‘ਚ ਸ਼ਿਰਕਤ ਕੀਤੀ ਅਤੇ ਪੌਣੇ ਪੰਜ ਮਹੀਨਿਆਂ ਦੀ ਛੋਟੀ ਜਿਹੀ ‘ਗੁੱਡੀ’ ਨੇ ਵੀ।
ਤੀਆਂ ਦੇ ਇਸ ਮੇਲੇ ‘ਚ ਕਿਹੜੀ ਉਹ ਮੁਟਿਆਰ ਸੀ, ਜਿਸ ਸਾਵਣ ਦੇ ਮਹੀਨੇ ‘ਚ ਪੰਜਾਬ ਵਾਲੇ “ਬਾਬੇ ਬੋਹੜ” ਤੇ ਪਿੱਪਲਾਂ ਥੱਲੇ ਪਾਈਆਂ ਪੀਂਘਾਂ ਨੂੰ ਯਾਦ ਨਾ ਕੀਤਾ ਹੋਵੇ। ਫੁਲਕਾਰੀਆਂ ਲੈ, ਸੋਹਣੇ-ਮੋਹਣੇ ਪਟਿਆਲਵੀ ਸੂਟ ਪਾ, ਹਰ ਉਮਰ ਦੀਆਂ ਕੁੜੀਆਂ-ਚਿੜੀਆਂ, ਤ੍ਰੀਮਤਾਂ, ਬੀਬੀਆਂ ਨੇ ਮਹਿੰਦੀ ਲਾਈ, ਵੰਗਾਂ ਪਾਈਆਂ, ਟਿੱਕਾ, ਪਰਾਂਦਾ ਪਾਇਆ, ਬੂੰਦੀ ਦੇ ਲੱਡੂ ਖਾਧੇ, ਖੀਰ ਪੂੜੇ ਦਾ ਸੁਆਦ ਚੱਖਿਆ । ਉਪਰੋਂ ਗੁਲਗੁਲੇ, ਮੰਡੇ, ਪੰਜਾਬ ਦਾ ਹਲਵਾ, ਖੋਏ ਦੀ ਕੁਲਫੀ ਉਹਨਾ ਦੀ ਜੀਭ ਤੋਂ ਲੱਥ ਹੀ ਨਹੀਂ ਸਨ ਰਹੇ। ਤੀਆਂ ਦੇ ਖੁਲ੍ਹੇ ਵਿਹੜੇ ‘ਚ ਲਗਾਏ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਦ੍ਰਿਸ਼ਾਂ ‘ਤੇ ਪਹਿਰਾਵਿਆਂ, ਖਾਣ ਪੀਣ ਦੀ ਚੀਜ਼-ਵਸਤਾਂ, ਵੰਗਾਂ, ਦੁਪੱਟਿਆਂ, ਸੂਟਾਂ, ਫੁਲਕਾਰੀਆਂ, ਝੁਮਕਿਆਂ ਦੇ ਸਟਾਲ ਤੀਆਂ ਦੇ ਅਕਾਸ਼ ‘ਚ ਤਾਰਿਆਂ ਵਾਂਗਰ ਚਮਕਦੇ ਸਨ, ਉਪਰੋਂ ਆਵਾਜ਼ ਦੀ ਮਲਿਕਾ ਆਸ਼ਾ ਸ਼ਰਮਾ ਨੇ ਜਿਸ ਢੰਗ ਨਾਲ ਇਕੱਲੇ ਇਕੱਲੇ ਸਟਾਲ ਉਤੇ ਉਹਨਾ ਦਾ ਤੁਆਰਫ਼ ਕਰਾਇਆ, ਉਹਨਾ ਸਟਾਲਾਂ ਤੇ ਖੜੀਆਂ ਕੁਝ ਸ਼ਰਮਾਉਂਦੀਆਂ, ਕੁਝ ਮੁਸਕਰਾਉਂਦੀਆਂ, ਮੁਟਿਆਰਾਂ ਨੇ ਆਪਣੇ ਵਣਜ-ਵਪਾਰ ਵਿੱਚ ਵੀ ਨਿਵੇਕਲਾ ਸ਼ੋਖ਼-ਰੰਗ ਭਰ ਦਿੱਤਾ।
ਤੇਜ਼ ਰਫ਼ਤਾਰ ਚਲਦੀ ਜ਼ਿੰਦਗੀ ਵਿੱਚੋਂ ਫੁਰਸਤ ਦੇ ਪਲਾਂ ‘ਚ ਤੀਆਂ ਦੇ ਇਸ ਤਿਉਹਾਰ ਦੀ ਵਿਧੀ-ਬੱਧ ਸਟੇਜ ਆਸ਼ਾ ਸ਼ਰਮਾ ਨੇ ਸੰਭਾਲਕੇ “ਸਾਉਣ ਦੇ ਮਹੀਨੇ ਪੈਂਦੀ ਤੀਆਂ ‘ਚ ਧਮਾਲ ਵੇ” ਦੇ ਬੋਲਾਂ ਨਾਲ ਛੋਟੀਆਂ ਬੱਚੀਆਂ ਤੋਂ ਗਿੱਧਾ ਵੀ ਪੁਆਇਆ ਕਿੱਕਲੀ ਵੀ ਤੇ ਭੰਗੜਾ ਵੀ। ਵੱਡੀ ਉਮਰ ਦੀਆਂ ਬੀਬੀਆਂ ਨੂੰ ਨੱਚਣ ਵੀ ਲਾਇਆ ਅਤੇ ਮੁਟਿਆਰਾਂ ਤੋਂ ਤਾਂ ਉਸ ਇਹੋ-ਜਿਹਾ ਗਿੱਧਾ ਪੁਆਇਆ, ਕਿ ਹਰ ਮੂੰਹ “ਗਿੱਧਿਆ ਪਿੰਡ ਵੜ ਵੇ ਲਾਂਭ ਲਾਂਭ ਨਾ ਜਾਈ” ਦੀ ਚਰਚਾ ਰਹੀ। ਬੀਬੀਆਂ ਨੇ ਕਿੱਕਲੀ ਪਾਈ, ਬੋਲੀਆਂ ਪਾਈਆਂ, ਸੁਹਾਗ ਗਾਏ, ਘੋੜੀਆਂ ਗਾਈਆਂ, ਗਿੱਧੇ ਦੇ ਤਮਾਸ਼ੇ ਲਗਾਏ , ਸਕਿਟਾਂ ਖੇਡੀਆਂ ਅਤੇ ਹਰ ਆਈਟਮ ਤੇ ਹਾਲ ਲਗਾਤਾਰ ਤਾੜੀਆਂ ਨਾਲ ਗੂੰਜਿਆ। ਅਜੈ ਭੰਗੜਾ ਅਕੈਡਮੀ ਵਾਲਿਆ ਇਸ ਪ੍ਰੋਗਰਾਮ ‘ਚ ਇੰਨਾ ਸਾਥ ਦਿੱਤਾ ਕਿ ਹਰ ਹਾਜ਼ਰ ਸਰੋਤੇ ਦੀ ਰੂਹ ਖਿੜ ਉਠੀ। ਯਾਦਾਂ ਦੇ ਹੁਲਾਰੇ, ਪਿਆਰਾਂ ਭਰੇ ਹੁੰਗਾਰੇ, ਕਿਸ ਮਨ ‘ਚ ਨਹੀਂ ਸਨ। ਖੁਸ਼ੀ ਦੇ ਅਥਰੂ ਕਿਸ ਦਰਸ਼ਕ ਦੇ ਅੱਖਾਂ ‘ਚ ਨਹੀਂ ਸਨ। ਪੰਜਾਬ ‘ਚ ਤੀਆਂ ਦੇ ਤਿਉਹਾਰ ਨੂੰ ਤਾਂ ਜਿਵੇਂ ਨਜ਼ਰ ਹੀ ਲੱਗੀ ਹੋਈ ਹੈ, ਕਿਧਰੇ ਸਕੂਲਾਂ/ਕਾਲਜਾਂ ‘ਚ ਤਾਂ ਧਮਾਲ ਪੈਂਦੀ ਹੋਵੇਗੀ ਪਰ ਪਿੰਡਾਂ ਦੇ ਪਿੱਪਲ ਸੁੰਨੇ ਦਿਸਦੇ ਹਨ। ਪਰ ਵਿਦੇਸ਼ ਵਸਦੀਆਂ ਬੀਬੀਆਂ ਨੇ, ਮੁਟਿਆਰਾਂ ਨੇ, ਕੁੜੀਆਂ ਨੇ, ਬੱਚੀਆਂ ਨੇ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਪਿਆਰ ਗੜੁੱਚੀਆਂ ਰੂਹਾਂ ਦੀ ਪ੍ਰੇਰਨਾ ਨਾਲ ਪੰਜਾਬੀ ਸਭਿਆਚਾਰ ਦੀ ਇਸ ਵੰਨਗੀ ਨੂੰ ਜਿਊਂਦਾ ਰੱਖਿਆ ਹੋਇਆ ਹੈ। “ਬਹੁਤੀਆਂ ਭਰਾਵਾਂ ਵਾਲੀਏ ਤੈਨੂੰ ਤੀਆਂ ‘ਚ ਲੈਣ ਨਾ ਆਏ” ਦੇ ਉਲਾਬੇਂ ਨੂੰ ਦੂਰ ਕਰਦਿਆਂ ਪੰਜਾਬਣਾ ਵਲੋਂ ਤੀਆਂ ਨਿਊਯਾਰਕ ‘ਚ ਮਨਾਈਆਂ ਜਾਂਦੀਆਂ ਹਨ, ਕੈਨੇਡਾ ਦੇ ਸਰੀ, ਬਰੰਪਟਨ ਵਿੱਚ ਵੀ ਤੇ ਬਰਤਾਨੀਆ ਦੇ ਸ਼ਹਿਰ ਸਾਊਥਹਾਲ ਵਿੱਚ ਵੀ ਅਤੇ ਅਸਟਰੇਲੀਆਂ ਦੇ ਸ਼ਹਿਰ ਮੈਲਬੋਰਨ ਵਿੱਚ ਵੀ ਪਰ ਜਿਹੜਾ ਤੀਆਂ ਦਾ ਰੰਗ ਪੰਜਾਬ ਵਰਗੇ ਸੂਬੇ ਕੈਲੇਫੋਰਨੀਆਂ ਦੀ ਧਰਤੀ ਸੈਨਹੋਜੇ ‘ਚ ਦੇਖਣ ਨੂੰ ਮਿਲਿਆ, ਉਸਦਾ ਕੋਈ ਸਾਨੀ ਹੀ ਨਹੀਂ। ਕਿੰਨਾ ਭਾਵਪੂਰਕ ਜ਼ਜ਼ਬਿਆਂ ਨਾਲ ਭਰਪੂਰ, ਮਨਮੋਹਕ ਨਜ਼ਾਰਾ ਸੀ ਉਹ, ਜਦੋਂ 15 ਸੱਜ-ਵਿਆਹੀਆਂ ਮੁਟਿਆਰਾਂ (ਜਿਸ ‘ਚ ਦੋ ਮਹੀਨਿਆਂ ਦੀ ਸੱਜ ਵਿਆਹੀ ਮੁਟਿਆਰ ਵੀ ਸ਼ਾਮਲ ਸੀ) ਨੂੰ ਸੰਧਾਰਾ ਭੇਂਟ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਵੀਨ ਸੋਹਲ, ਰਾਣਾ ਸਤਿੰਦਰ ਧਾਲੀਵਾਲ, ਦਵਿੰਦਰ ਦੀਪ ਸਰਾਂ ਨੇ ਭਰਪੂਰ ਹਿੱਸਾ ਪਾਇਆ। ਪ੍ਰਬੰਧਕਾਂ ਵਲੋਂ ਗਿੱਧੇ ਦੀਆਂ ਟੀਮਾਂ ਲਈ ਸੁਖਨਿੰਦਰ ਭੰਗਲ, ਪ੍ਰੀਤ ਕੈਲੇ, ਗੋਲਡਨ ਸਟੇਟ ਮੁਟਿਆਰਾਂ, ਸੋਹਣੀਆਂ ਮੁਟਿਆਰਾਂ, ਤ੍ਰਿਝਣਾਂ ਦੀਆਂ ਕੁੜੀਆਂ, ਸੁਖਜੀਤ, ਦਵਿੰਦਰ, ਰਾਣੋ, ਸੋਨੀਆ ਚੇੜਾ, ਜਸਵਿੰਦਰ ਧਨੋਆ, ਰਡੀਓ ਚੜ੍ਹਦੀਕਲਾ, ਰੇਡੀਓ ਪੰਜਾਬ ਦਾ ਖਾਸ ਧੰਨਵਾਦ ਕੀਤਾ ਗਿਆ। ਬੱਚਿਆਂ ਨੂੰ ਟਰਾਫੀਆਂ ਰਾਜਜੋਤ ਰੈਸਟੋਰੈਂਟ ਸੈਨਹੋਜ਼ੇ ਦੀ ਮਾਲਕ ਰਾਜ ਗੁਰਾਇਆ ਵਲੋਂ ਆਪਣੀ ਬੇਟੀ ਜਸਲੀਨ ਗੁਰਾਇਆ ਦੇ ਜਨਮਦਿਨ ਦੀ ਖੁਸ਼ੀ ਵਿੱਚ ਦਿੱਤੀਆਂ ਗਈਆਂ। ਇਸ ਰੈਸਟੋਰੈਂਟ ਵਲੋਂ ਇਸ ਮੇਲੇ ਵਿੱਚ ਸਵਾਦਿਸ਼ਟ ਖਾਣੇ ਦਾ ਸਟਾਲ ਵੀ ਲਗਾਇਆ ਗਿਆ ਸੀ ਜਿਸ ਦੀ ਹਰ ਕਿਸੇ ਨੇ ਪ੍ਰਸ਼ੰਸਾ ਕੀਤੀ। ਤੀਆਂ ਦੇ ਇਸ ਮੇਲੇ ਵਿੱਚ ਘੜੇ ਵਾਲੀ ਖੋਏ ਦੀ ਕੁਲਫੀ ਦੀ ਹਰ ਪਾਸੇ ਚਰਚਾ ਰਹੀ ਅਤੇ ਇਹ ਖੂਬ ਵਿਕੀ ਵੀ। ਮੇਲੇ ਵਿੱਚ ਰੈਫਲ ਇਨਾਮ ਵੀ ਕੱਢੇ ਗਏ ਜਿਸ ਵਿੱਚ ਜੇਤੂ ਨੂੰ ਇਕ ਤੋਲੇ ਦਾ ਸੋਨੇ ਦਾ ਸੈੱਟ ਸਮੇਤ ਕਈ ਇਨਾਮ ਵੰਡੇ ਗਏ। ਤੀਆਂ ਦਾ ਇਹ ਮੇਲਾ ਮਿੰਨੀ ਪੰਜਾਬ ਦਾ ਦ੍ਰਿਸ਼ ਪੇਸ਼ ਕਰਦਾ ਸੀ ਜਿਥੇ ਖੂਹ, ਦਰਖਤ, ਰਿਕਸ਼ਾ, ਚਰਖਾ, ਅਟੇਰਨ ਆਦਿ ਚੀਜ਼ਾਂ ਵੱਖ-ਵੱਖ ਥਾਂਵਾ ਉਤੇ ਸਜਾਵਟ ਦਾ ਸ਼ਿੰਗਾਰ ਬਣਾ ਕਿ ਰਖੀਆਂ ਹੋਈਆ ਸਨ। ਮੇਲਾ ਸਵੇਰੇ 11 ਵਜੇ ਸ਼ੁਰੂ ਹੋ ਕਿ ਸ਼ਾਮ 7 ਵਜੇ ਤਕ ਖਤਮ ਹੋਇਆ। ਪ੍ਰਬੰਧਕ ਬੀਬੀਆਂ ਵਲੋਂ ਸਾਰੇ ਸਪੌਂਸਰਾਂ ਅਤੇ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਅਤੇ ਇਹ ਵੀ ਯਕੀਨ ਦਿਵਾਇਆ ਗਿਆ ਕਿ ਅਗਲੇ ਸਾਲ ਇਸ ਸਾਲ ਨਾਲੋ ਵੀ ਬਿਹਤਰ ਪ੍ਰਬੰਧ ਕੀਤੇ ਜਾਣਗੇ।