ਰੰਗਾਂ ਦੀ ਵੀ ਜ਼ਬਾਨ ਹੁੰਦੀ ਹੈ- ਗੁਰਭਜਨ ਗਿੱਲ ਦੀ ਕਲਮ ਤੋਂ
ਗੁਰਭਜਨ ਗਿੱਲ
ਕੱਲ੍ਹ ਭਾਰਤ ਦੀ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਪੰਜਾਬ ਵਿਧਾਨ ਸਭਾ ਦੇ ਕਈ ਵਾਰ ਵਿਧਾਇਕ ਰਹੇ ਸਃ ਚਰਨਜੀਤ ਸਿੰਘ ਅਟਵਾਲ ਦਾ ਦੋਹਤਰੀ ਦਾ ਆਨੰਦ ਕਾਰਜ ਸਃ ਮਲਕੀਅਤ ਸਿੰਘ ਦਾਖਾ ਦੇ ਪੋਤਰੇ ਨਾਲ ਸੀ। 1957 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨੀਲੀ ਦਸਤਾਰ ਧਾਰਨ ਵਾਲੇ ਸਃ ਅਟਵਾਲ ਨੇ ਦੱਸਿਆ ਕਿ ਮੈਂ ਜ਼ਿੰਦਗੀ ਚ ਹੁਣ ਤੀਕ ਸਿਰਫ਼ ਤਿੰਨ ਵਾਰ ਹੀ ਕਿਸੇ ਹੋਰ ਰੰਗ ਦੀ ਪੱਗ ਬੰਨ੍ਹੀ ਹੈ। ਸਿਰਫ਼ ਦੋ ਵਾਰ ਪਹਿਲਾਂ ਤੇ ਤੀਜੀ ਵਾਰ ਅੱਜ। ਮੈਨੂੰ ਆਪ ਹੀ ਸ਼ੀਸ਼ਾ ਵੇਖਦਿਆਂ ਲੱਗਿਆ ਕਿ ਮੈ ਅੱਜ ਕੋਈ ਹੋਰ ਹਾਂ। ਰੰਗ ਵੀ ਤਾਂ ਬੋਲਦੇ ਨੇ।
ਠੱਕਰਵਾਲ(ਲੁਧਿਆਣਾ) ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ ਨੇੜੇ ਜਦੋਂ ਅਸੀਂ ਤਿੰਨੇ ਕ੍ਰਿਸ਼ਨ ਕੁਮਾਰ ਬਾਵਾ ਜੀ ਸਮੇਤ ਬਰਾਤ ਉਡੀਕਦਿਆਂ ਧੁੱਪ ਸੇਕ ਰਹੇ ਸਾਂ ਤਾਂ ਗੱਲਾਂ ਕਰਦਿਆਂ ਫ਼ਿਲਮ ਦੀ ਰੀਲ੍ਹ ਪਿੱਛੇ ਘੁੰਮ ਗਈ। 1971-72 ਵਿੱਚ ਜਦ ਕਦੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦੇ ਹਵਾਲੇ ਨਾਲ ਲੁਧਿਆਣਾ ਦੀਆਂ ਪੁਰਾਣੀਆਂ ਕਚਹਿਰੀਆਂ ਵਿੱਚ ਕਿਸੇ ਕੰਮ ਕਾਰ ਲਈ ਜਾਂਦੇ ਤਾਂ ਸਃ ਚਰਨਜੀਤ ਸਿੰਘ ਅਟਵਾਲ ਦੇ ਕੈਬਿਨ ਬਾਹਰ ਚਰਨਜੀਤ ਸਿੰਘ ਚੰਨ ਓਥ ਕਮਿਸ਼ਨਰ ਲਿਖਿਆ ਹੁੰਦਾ ਸੀ। ਉਹ ਦਸਤਾਵੇਜ਼ਾਂ ਦੇ ਪ੍ਰਮਾਣੀਕਰਨ ਤੇ ਹੋਰ ਵਿਧਾਨਕ ਕਾਰਜਾਂ ਲਈ ਸਮਰੱਥ ਅਧਿਕਾਰੀ ਸਨ।
ਚੰਨ ਤਖੱਲੁਸ ਉਨ੍ਹਾਂ ਨੂੰ ਉਨ੍ਹਾਂ ਦੇ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿੱਚ ਪੜ੍ਹਾਉਂਦੇ ਅਧਿਆਪਕ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਃ ਅਵਤਾਰ ਸਿੰਘ ਢੋਡੀ ਜੀ ਨੇ ਦਿੱਤਾ ਸੀ। ਉਹ ਇਸ ਕਾਲਿਜ ਚ ਪੜ੍ਹਦਿਆਂ ਵੱਖ ਵੱਖ ਕਾਲਜਾਂ ਦੇ ਭਾਸ਼ਨ ਮੁਕਾਬਲਿਆਂ ਵਿੱਚ ਜਦ ਵੀ ਜਾਂਦੇ ਟਰਾਫ਼ੀ ਲੈ ਕੇ ਪਰਤਦੇ। ਪ੍ਰੋਃ ਢੋਡੀ ਅਕਸਰ ਤਿਆਰੀ ਕਰਵਾਉਂਦੇ। ਮੈਂ ਵੀ ਉਨ੍ਹਾਂ ਦਾ ਵਿਦਿਆਰਥੀ ਰਿਹਾ ਹਾਂ ਪਰ ਨਾਲਾਇਕ। ਉਹ ਅਨੁਸ਼ਾਸਨ ਬੱਧ ਸਨ ਪਰ ਮੈਂ ਅਕਸਰ ਅਰਲੀ ਤੁੜਾ ਜਾਂਦਾ। ਮੇਰਾ ਸਹਿਪਾਠੀ ਮਨਜੀਤ ਉਨ੍ਹਾਂ ਦਾ ਆਗਿਆਕਾਰ ਸੀ।
ਮੇਰੀਆਂ ਸ਼ਿਕਾਇਤਾਂ ਅਕਸਰ ਵੱਡੇ ਭਾ ਜੀ ਕੋਲ ਲੱਗੀ ਜਾਂਦੀਆਂ, ਇਹ ਪੜ੍ਹਦਾ ਨਹੀਂ, ਬਹੁਤਾ ਸਮਾਂ ਕੈਨਟੀਨ ਚ ਐੱਸ ਪੀ ਸਿੰਘ ਕੋਲ ਬੈਠਾ ਰਹਿੰਦਾ ਹੈ। ਪ੍ਰੋਃ ਢੋਡੀ ਗਿਆਨ ਦੇ ਭੰਡਾਰ ਸਨ ਪਰ ਬੇਹੱਦ ਅਨੁਸ਼ਾਸਨ ਬੱਧ। ਹੋਰ ਅਨੇਕ ਗੱਲਾਂ ਮਨ ਦੀਆਂ ਗਲੀਆਂ ਚ ਘੁੰਮਦੀਆਂ ਰਹੀਆਂ ਬੈਠੇ ਬੈਠੇ। ਉਹ ਹਰ ਮੌਸਮ ਵਿੱਚ ਮੈਨੂੰ ਨਿੱਕੇ ਭਰਾ ਵਜੋਂ ਮਾਣ ਦਿੰਦੇ ਹਨ। ਮੇਰੇ ਸੱਜਣ ਕ੍ਰਿਸ਼ਨ ਕੁਮਾਰ ਬਾਵਾ ਨੂੰ ਵੀ ਉਨ੍ਹਾਂ ਕੱਲ੍ਹ ਇਹੀ ਕਿਹਾ।
ਗੱਲ ਤਾਂ ਕਰ ਰਿਹਾ ਸਾਂ ਰੰਗਾਂ ਦੀ ਜ਼ਬਾਨ ਦੀ।
ਮੇਰੀ ਕਾਵਿ ਪੁਸਤਕ ਅਗਨ ਕਥਾ ਸਾਲ 2001 ਵਿੱਚ ਛਪੀ ਸੀ ਪਹਿਲੀ ਵਾਰ। ਉਸ ਚ ਮੇਰੀ ਇੱਕ ਕਵਿਤਾ ਹੈ।
ਰੰਗ ਵੀ ਤਾਂ ਬੋਲਦੇ ਨੇ। ਉਹ ਤੁਸੀਂ ਵੀ ਪੜ੍ਹੋ ਭਾ ਜੀ ਚਰਨਜੀਤ ਸਿੰਘ ਅਟਵਾਲ ਦੀ ਦਸਤਾਰ ਬਹਾਨੇ।
ਰੰਗ ਹੀ ਤਾਂ ਬੋਲਦੇ ਨੇ
ਰੰਗ ਹੀ ਤਾਂ ਬੋਲਦੇ ਨੇ।
ਹੋਵੋ ਜੇ ਉਦਾਸ ਬੈਠੇ ਦੁੱਖ ਸੁਖ ਫ਼ੋਲਦੇ ਨੇ।
ਖੁਸ਼ੀ ਦੇ ਫ਼ੁਹਾਰਿਆਂ 'ਚ ਰਸ ਮਿੱਠਾ ਘੋਲਦੇ ਨੇ।
ਸੁਣੋ! ਰੰਗ ਬੋਲਦੇ ਨੇ।
ਦਾਦੀ ਦੀਆਂ ਬਾਤਾਂ ਅਤੇ ਸੁਣੀਆਂ ਕਹਾਣੀਆਂ 'ਚ।
ਉੱਡਦੀ ਏ ਜਲਪਰੀ ਸੁਪਨੇ ਦੇ ਪਾਣੀਆਂ 'ਚ।
ਜਿਸ ਰੰਗੇ ਲੀੜੇ ਪਾ ਕੇ ਅੱਖਾਂ ਅੱਗੇ ਆਉਂਦੀ ਏ।
ਉਹੋ ਜਹੇ ਮਨ 'ਚ ਖ਼ਿਆਲਾਂ ਨੂੰ ਜਗਾਉਂਦੀ ਏ।
ਰੰਗਾਂ ਨੂੰ ਲਿਬਾਸ ਵਾਲੀ ਹੁੰਦੀ ਭਾਵੇਂ ਲੋੜ ਨਾ।
ਪਰ ਸਦਾ ਰੰਗਾਂ ਨੂੰ ਨੰਗੇਜ਼ ਵਲੋਂ ਮੋੜਨਾ।
ਜੀਹਦੇ ਹੱਥ ਕੂਚੀ ਉਹਦਾ ਰੰਗ ਹੀ ਧਰਮ ਹੈ।
ਰੰਗਾਂ ਦੀ ਵੀ ਅੱਖ 'ਚ ਬਾਰੀਕ ਜਹੀ ਸ਼ਰਮ ਹੈ।
ਏਸ ਨੂੰ ਪਛਾਨਣਾ ਤੇ ਜਾਨਣਾ ਜ਼ਰੂਰੀ ਹੈ।
ਵਧ ਜਾਣੀ ਨਹੀਂ ਤਾਂ ਹੋਰ ਰੰਗਾਂ ਕੋਲੋਂ ਦੂਰੀ ਹੈ।
ਕੁਝ ਰੰਗ ਨਿਰੀ ਹੀ ਬੇਸ਼ਰਮੀ ਨੇ ਘੋਲਦੇ।
ਜਦੋਂ ਵੀ ਬੁਲਾਉ ਅੱਗੋਂ ਅਵਾ ਤਵਾ ਬੋਲਦੇ।
ਧਰਤੀ 'ਚ ਜੰਮੇ ਜਾਏ ਰੁੱਖ ਜਦੋਂ ਬੋਲਦੇ।
ਬਕ ਬਕੀ ਜ਼ਿੰਦਗੀ 'ਚ ਰੰਗ ਜਾਣ ਘੋਲਦੇ।
ਆਪਣੀ ਪਿਆਸ ਵਾਲੇ ਰੰਗ ਵਿਚ ਰੰਗ ਕੇ।
ਰੰਗਾਂ ਨੂੰ ਮਨੁੱਖ ਰੱਖੇ ਸੂਲੀ ਉੱਤੇ ਟੰਗ ਕੇ।
ਪਾਣੀ ਨੂੰ ਵੀ ਆਦਮੀ ਹੀ ਰੰਗਾਂ 'ਚ ਵਟਾਉਂਦਾ ਹੈ।
ਜਿਹੋ ਜਿਹੀ ਪਿਆਸ ਹੋਵੇ ਉਹੋ ਜਿਹੀ ਬਣਾਉਂਦਾ ਹੈ।
ਨੱਥ ਪਾਈਏ ਇਹੋ ਜਹੇ ਅਵਾਰਾ ਹੋਏ ਟੋਲੇ ਨੂੰ।
ਬਹੁਤਾ ਹੀ ਖਿਲਾਰੀ ਜਾਂਦੇ ਰੰਗ ਬੜਬੋਲੇ ਨੂੰ।
ਲਿੱਬੜੀ ਦੀਵਾਰ ਵੇਖੋ ਰੰਗ ਪਾਉਂਦਾ ਸ਼ੋਰ ਹੈ।
ਰੰਗ ਦਾ ਸਲੀਕਾ ਤਾਂ ਰਕਾਨ ਵਾਲੀ ਤੋਰ ਹੈ।
ਵੇਖੋ ਵਣਜਾਰੇ ਚਾਲਾਂ ਨਵੀਆਂ ਚਲਾ ਰਹੇ।
ਆਖਦੇ ਸੁਮੇਲ ਰੰਗ ਰੰਗਾਂ 'ਚ ਮਿਲਾ ਰਹੇ।
ਨਵੇਂ ਨਵੇਂ ਨਾਮ ਲੈ ਕੇ ਮੰਡੀ ਵਿਚ ਆ ਰਹੇ।
ਰੀਝਾਂ ਦੇ ਬਹਾਨੇ ਸਾਡੀ ਜੇਬ ਹੱਥ ਪਾ ਰਹੇ।
ਮਨਾਂ ਵਿਚੋਂ ਕੱਢ ਦਿਓ ਡਾਢਿਆਂ ਦੇ ਰੋਅਬ ਨੂੰ।
ਇਕੋ ਰੰਗ ਰੰਗਣਾ ਜੋ ਚਾਹੁੰਦੇ ਨੇ ਗਲੋਬ ਨੂੰ।
ਵੇਚ ਕੇ ਬਾਜ਼ਾਰੀ ਧਾਗੇ ਕਰਨਗੇ ਖੱਟੀਆਂ।
ਕਿਤੇ ਮੇਰੀ ਭੈਣ ਘਰੇ ਰੰਗ ਲਏ ਨਾ ਅੱਟੀਆਂ।
ਇਕੋ ਡੋਬੇ ਵਿਚ ਚਾਹੁੰਦੇ ਚਾਅ ਸਾਡੇ ਰੰਗਣਾ।
ਚੂੜੀਆਂ ਬਲੌਰੀ ਹੋਕਾ ਪਿੰਡ 'ਚੋਂ ਨਹੀਂ ਲੰਘਣਾ।
ਕੱਪੜੇ ਮਸ਼ੀਨੀ ਉੱਤੇ ਫੁੱਲ ਵੀ ਮਸ਼ੀਨ ਦੇ।
ਸੁਣੂ ਤੇ ਸੁਣਾਊ ਕੌਣ ਦੁੱਖੜੇ ਜ਼ਮੀਨ ਦੇ।
ਰੰਗਾਂ ਨੂੰ ਸੰਭਾਲਣਾ ਵੀ ਸਾਡੀ ਜ਼ਿੰਮੇਵਾਰੀ ਏ।
ਇਨ੍ਹਾਂ ਹੀ ਬਚਾਉਣੀ ਸਾਡੇ ਖੰਭਾਂ ਦੀ ਉਡਾਰੀ ਏ।
ਰੰਗਾਂ ਦਿਓ ਵਾਰਸੋ ਤੇ ਧਰਤੀ ਦੇ ਪੁੱਤਰੋ।
ਸਮੇਂ ਦੀ ਵੰਗਾਰ ਨੂੰ ਪਛਾਣੋ ਹੇਠਾਂ ਉੱਤਰੋ।
ਤੇਜ਼ ਵਣਜਾਰਾ ਕਿਤੇ ਸਾਨੂੰ ਚਾਰ ਜਾਵੇ ਨਾ।
ਵੇਖਿਓ ਮਸ਼ੀਨ ਕੋਲੋਂ ਹੱਥ ਹਾਰ ਜਾਵੇ ਨਾ।
ਪੈਸੇ ਦੀਆਂ ਪੀਰ ਨੇ, ਹਕੂਮਤਾਂ ਨਿਲੱਜੀਆਂ।
ਖਾ ਖਾ ਮੁਰਦਾਰ ਅਜੇ ਨੀਤਾਂ ਨਹੀਂਓਂ ਰੱਜੀਆਂ।
ਹੱਡਾ ਰੋੜੀ ਵਿਚੋਂ ਆਈਆਂ ਇੱਲਾਂ ਭਾਵੇਂ ਰੱਜ ਕੇ।
ਇਨ੍ਹਾਂ ਕੋਲੋਂ ਜ਼ਿੰਦਗੀ ਬਚਾਉ ਗੱਜ ਵੱਜ ਕੇ।
ਰੰਗਾਂ ਦੇ ਬਹਾਨੇ ਇਹ ਤਾਂ ਧੜੇ ਕਦੀ ਬਣਾਉਂਦਾ ਹੈ।
ਫੇਰ ਉਨ੍ਹਾਂ ਰੰਗਾਂ ਨੂੰ ਵੀ ਆਪਸੀ ਲੜਾਉਂਦਾ ਹੈ।
ਰਖਵਾਲੀ ਰੰਗਾਂ ਦੀ ਬਹਾਨਾ ਬਣੇ ਜੰਗ ਦਾ।
ਵੱਸਦੇ ਘਰਾਂ ਦੀ ਜਾਨ ਨੇਜ਼ੇ ਉੱਤੇ ਟੰਗਦਾ।
ਸਾਰੇ ਹਥਿਆਰਾਂ ਮੂੰਹੋਂ ਇੱਕੋ ਜੇਹੀ ਅੱਗ ਹੈ।
ਲਾਟਾਂ ਵਾਲਾ ਰੰਗ ਇੱਕੋ ਕੌਣ ਕਹੇ ਅਲੱਗ ਹੈ?
ਜੰਗ ਪਿਛੋਂ ਸੂਹਾ ਖ਼ੂਨ ਇਕੋ ਤਰ੍ਹਾਂ ਵਹਿੰਦਾ ਏ।
ਸੁਣੋ ਜਾਂ ਨਾ ਸੁਣੋ ਸਦਾ ਇੱਕੋ ਗੱਲ ਕਹਿੰਦਾ ਏ।
ਆਪਣੀ ਲੜਾਈ ਕਾਹਨੂੰ ਬਹਿ ਕੇ ਨਹੀਂ ਨਿਬੇੜਦੇ।
ਰਾਜਨੀਤੀ ਵਾਸਤੇ ਕਿਉਂ ਰੰਗਾਂ ਨੂੰ ਲਬੇੜਦੇ।
ਅੱਗ ਤੇ ਅਨਾਰ ਵਿਚ ਕੋਹਾਂ ਲੰਮੀ ਦੂਰੀ ਹੈ।
ਸੁੱਚਮ ਜਿਉਂਦਾ ਰਹੇ ਰੰਗਾਂ ਲਈ ਜ਼ਰੂਰੀ ਹੈ।
ਰੰਗਾਂ 'ਚੋਂ ਪਛਾਣੋ ਕਿਸੇ ਏਹੋ ਜਹੇ ਰੰਗ ਨੂੰ।
ਤਿੜਕੇ ਨਾ ਚੂੜਾ ਪਵੇ ਖ਼ਤਰਾ ਨਾ ਵੰਗ ਨੂੰ।
ਉੱਡਦੇ ਦੁਪੱਟੇ ਸੂਹੇ ਲਹਿਰੀਏ ਤੇ ਡੋਰੀਏ।
ਹਵਾ 'ਚ ਗੜੂੰਦ ਵੇਖੋ ਸਰ੍ਹੋਂ ਫੁੱਲ ਤੋਰੀਏ।
ਇਕ ਦੂਜੇ ਨਾਲ ਖਹਿ ਕੇ ਫੇਰ ਵੀ ਮੁਲਾਇਮ ਨੇ।
ਮੋਰ ਦਿਆਂ ਖੰਭਾਂ ਵਿਚ ਸੱਤੇ ਰੰਗ ਕਾਇਮ ਨੇ।
ਘੁੱਗੀਆਂ ਸਲੇਟੀ ਗਲ ਗੋਲ ਗੋਲ ਗਾਨੀਆਂ।
ਲੱਗਦੈ ਪ੍ਰੇਮੀਆਂ ਨੇ ਦਿੱਤੀਆਂ ਨਿਸ਼ਾਨੀਆਂ।
ਜੀਣ ਰੰਗ, ਰਾਗ ਤੇ ਸੁਹਾਗ ਫੁਲਕਾਰੀਆਂ।
ਰੰਗਾਂ ਦਿਓ ਪਾਹਰੂਓ ਸੰਭਾਲੋ ਜ਼ਿੰਮੇਵਾਰੀਆਂ।
ਟੁੱਕਦੇ ਨੇ ਫ਼ਲ ਤੋਤੇ ਚੁੰਝਾਂ ਲਾਲ ਲਾਲ ਨੇ।
ਧਰਤੀ ਦੇ ਲੋਕਾਂ ਲਈ ਇਹ ਬਲਦੇ ਸੁਆਲ ਨੇ।
ਚਲੋ! ਤੁਰੋ ਆਓ! ਲਾਈਏ ਅੰਬਰੀਂ ਉਡਾਰੀਆਂ।
ਧਰਤੀ ਆਕਾਸ਼ ਨੂੰ ਨਾ ਹੁੰਦੇ ਬੂਹੇ ਬਾਰੀਆਂ।
ਬੀਜ ਦਿਉ ਕਿਆਰੀਆਂ 'ਚ ਰੀਝ ਤੇ ਉਮੰਗ ਨੂੰ।
ਜੜ੍ਹਾਂ ਤੋਂ ਉਖਾੜ ਦਿਉ, ਹਾਉਕੇ ਬਦਰੰਗ ਨੂੰ।
ਕਰੋ ਅਰਦਾਸ ਰੰਗ ਕਦੇ ਨਾ ਉਦਾਸ ਹੋਵੇ।
ਰੰਗਾਂ ਤੇ ਸੁਗੰਧਾਂ 'ਚ ਪਰੁੱਚਿਆ ਸਵਾਸ ਹੋਵੇ।
ਸਮਾਂ ਤੇ ਸਥਾਨ ਵੇਖ ਬੰਦਾ ਨਹੀਉਂ ਬੋਲਦਾ।
ਦਿਲ ਵਿਚ ਘੁੰਡੀ ਰੱਖੇ ਗੰਢ ਨਹੀਉਂ ਖੋਲ੍ਹਦਾ।
ਏਹੋ ਜੇਹੀ ਚੁੱਪ ਵੇਲੇ ਰੰਗ ਹੀ ਤਾਂ ਬੋਲਦੇ ਨੇ।
ਚਿਹਰੇ ਵਾਲੇ ਰੰਗ ਸਭ ਗੁੰਝਲਾਂ ਨੂੰ ਖੋਲ੍ਹਦੇ ਨੇ,
ਸੁਣੋ! ਰੰਗ ਬੋਲਦੇ ਨੇ।