ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਤੁਗਲਵਾਲਾ ਵਿਖੇ ਸਨਮਾਨ
ਲੁਧਿਆਣਾਃ 13 ਅਪ੍ਰੈਲ 2024 - ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਹਾੜੇ ਦੇ ਸ਼ੁਭ ਅਵਸਰ ਤੇ ਅੱਜ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ(ਗੁਰਦਾਸਪੁਰ ) ਵੱਲੋਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਨੂੰ ਸ. ਉੱਤਮ ਸਿੰਘ ਨਿੱਝਰ ਫਾਉਂਡੇਸ਼ਨ ਵੱਲੋਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ ਵੱਲੋਂ ਪ੍ਰਕਾਸ਼ਿਤ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦੀਆਂ ਖਿੱਚੀਆਂ ਤਸਵੀਰਾਂ ਦੀ ਡਾ. ਨਰੇਸ਼ ਕੁਮਾਰ ਤੇ ਗਗਨਦੀਪ ਸਿੰਘ ਵਿਰਕ ਵੱਲੋਂ ਸੰਪਾਦਿਤ ਫੋਟੋ ਚਿਤਰਾਵਲੀ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼ ਧਰਮਸਾਲਾ ਦੇ ਚਾਂਸਲਰ ਡਾ. ਹਰਮਹਿੰਦਰ ਸਿੰਘ ਬੇਦੀ, ਡਾ. ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਵਰਨ ਸਿੰਘ ਵਿਰਕ,ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸਤਿਨਾਮ ਸਿੰਘ ਨਿੱਝਰ,ਲੋਕ ਮੰਚ ਪੰਜਾਬ ਦੇ ਚੇਅਰਮੈਨ ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਸਾਬਕਾ ਪੁਲੀਸ ਕਮਿਸ਼ਨਰ ਜਲੰਧਰ ਸ, ਗੁਰਪ੍ਰੀਤ ਸਿੰਘ ਤੂਰ , ਦੋਆਬਾ ਕਾਲਿਜ ਜਲੰਧਰ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਓਮਿੰਦਰ ਜੌਹਲ, ਡਾ. ਕਰਨੈਲ ਸ਼ੇਰਗਿੱਲ ਯੂ ਕੇ, ਡਾ. ਬਿਕਰਮਜੀਤ, ਡਾ. ਗੁਰਨਾਮ ਕੌਰ ਬੇਦੀ, ਡਾ. ਸੁਖਜਿੰਦਰ ਸਿੰਘ ਬਾਠ ਕੈਨੇਡਾ,ਵਿਸ਼ਾਲ ਸੰਪਾਦਕ ਅੱਖਰ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਪ੍ਰਬੰਧਕੀ ਬੋਰਡ ਦੇ ਮੈਂਬਰ ਦੀਪ ਜਗਦੀਪ ਸਿੰਘ, ਸੁਰਤਿ ਮੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ,ਤੇ ਪ੍ਰਿੰਸੀਪਲ ਗਗਨਦੀਪ ਸਿੰਘ ਵਿਰਕ ਨੇ ਲੋਕ ਅਰਪਨ ਕੀਤੀ।
ਸਮਾਗਮ ਵਿੱਚ ਸ਼ਾਮਿਲ ਲੇਖਕਾਂ ਤੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਬਾਜਵਾ ਜੀ ਨੇ ਆਪਣੇ ਹੱਥੀਂ ਆਪਣੀ ਲਾਇਬਰੇਰੀ ਤੇ ਰਸਾਲੇ ਸਾਡੀ ਸੰਸਥਾ ਨੂੰ ਸੌਂਪੇ ਹਨ ਜਿਸ ਨਾਲ ਅਸੀਂ ਆਪਣੀ ਲਾਇਬਰੇਰੀ ਵਿੱਚ ਹਰਭਜਨ ਸਿੰਘ ਬਾਜਵਾ ਵਿੰਗ ਬਣਾ ਦਿੱਤਾ ਹੈ।
ਮੰਚ ਸੰਚਾਲਨ ਕਰਦਿਆਂ ਡਾ. ਨਰੇਸ਼ ਕੁਮਾਰ ਮੁਖੀ ਪੰਜਾਬੀ ਤੇ ਡੋਗਰੀ ਵਿਭਾਗ ਸੈਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਨੇ ਕਿਹਾ ਕਿ ਪੰਜਾਬੀ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ,ਪ੍ਰੋ. ਸਾਹਿਬ ਸਿੰਘ, ਸ. ਸੋਭਾ ਸਿੰਘ ਆਰਟਿਸਟ,ਡਾ. ਮਹਿੰਦਰ ਸਿੰਘ ਰੰਧਾਵਾ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਪ੍ਰਿੰਸੀਪਲ ਸੁਜਾਨ ਸਿੰਘ,ਕਰਤਾਰ ਸਿੰਘ ਦੁੱਗਲ, ਭਾਪਾ ਪ੍ਰੀਤਮ ਸਿੰਘ ਨਵਯੁਗ, ਪ੍ਰਭਜੋਤ ਕੌਰ ਤੇ ਕਰਨਲ ਨਰਿੰਦਰਪਾਲ ਸਿੰਘ ਦੀ ਇੱਕ ਰੋਜ਼ ਜ਼ਿੰਦਗੀ ਦੀ ਸਟਿੱਲ ਫੋਟੋਗਰਾਫ਼ੀ ਕਰਕੇ ਸ. ਹਰਭਜਨ ਸਿੰਘ ਬਾਜਵਾ ਨੇ ਨਿਵੇਕਲੀ ਪਹਿਲਕਦਮੀ ਕੀਤੀ ਸੀ ਹੁਣ ਇਸ ਨੂੰ ਮਹਾਨ ਸੰਸਥਾ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਨੇ ਆਪਣੇ ਸੋਮਿਆਂ ਨਾਲ ਪ੍ਰਕਾਸ਼ਿਤ ਕਰਕੇ ਵਡਮੁੱਲਾ ਇਤਿਹਾਸਕ ਖ਼ਜ਼ਾਨਾ ਸਾਡੇ ਲਈ ਸੰਭਾਲਿਆ ਹੈ। ਮੈਨੂੰ ਮਾਣ ਹੈ ਕਿ ਇਹ ਜ਼ੁੰਮੇਵਾਰੀ ਮੈਂ ਪੂਰੀ ਤਨਦੇਹੀ ਨਾਲ ਆਪਣੇ ਪਿਆਰੇ ਵੀਰ ਗਗਨਦੀਪ ਸਿੰਘ ਵਿਰਕ ਦੇ ਸੰਗ ਸਾਥ ਨਿਭਾਈ ਹੈ।
ਪੰਜਾਬ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੀਡਰ ਦਾ ਬੇਰਹਿਮੀ ਨਾਲ ਕਤਲ
ਪਦਮ ਸ੍ਰੀ ਡਾ. ਹਰਮਹਿੰਦਰ ਸਿੰਘ ਬੇਦੀ ਅਤੇ ਡਾ, ਗੁਰਨਾਮ ਕੌਰ ਬੇਦੀ ਜੀ ਨੇ ਕਿਹਾ ਕਿ ਸ਼ਾਂਤੀ ਨਿਕੇਤਨ ਨਾਲੋਂ ਵੀ। ਮਵੇਕਲੀ ਸੰਸਥਾ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਨੇ ਉਹ ਪੁਸਤਕ ਪ੍ਰਕਾਸ਼ਿਤ ਕਰਕੇ ਭਵਿੱਖ ਮੁਖੀ ਜ਼ੁੰਮੇਵਾਰੀ ਨਿਭਾਈ ਹੈ ਜੋ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਸੀ। ਉਨ੍ਹਾਂ ਪੁਸਤਕ ਦੇ ਸੰਪਾਦਕਾਂ ਨੂੰ ਮੁਬਾਰਕ ਦਿੱਤੀ।
ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਬਾਜਵਾ ਨਾਲ ਮੇਰੀ ਸਾਂਝ ਦਾ ਇਹ 58ਵਾਂ ਸਾਲ ਹੈ। ਉਸ ਦੇ ਕੈਮਰੇ ਨੇ ਪੰਜਾਬ ਦਾ ਸੱਭਿਆਚਾਰਕ ਇਤਿਹਾਸ ਸੰਭਾਲਿਆ ਹੈ। ਉਸ ਦੀ ਕਦਰਦਾਨੀ ਕਰਕੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਤੇ ਪ੍ਰਬੰਧਕਾਂ ਨੇ ਜੱਸ ਖੱਟ ਲਿਆ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਭਜਨ ਸਿੰਘ ਬਾਜਵਾ ਸਾਡੇ ਸਮਿਆਂ ਦਾ ਕਲਾਵੰਤ ਰਿਸ਼ੀ ਹੈ ਜਿਸ ਨੂੰ ਸ. ਸੋਭਾ ਸਿੰਘ ਜੀ ਨੇ ਪੇਂਟਿੰਗ ਦੀ ਥਾਂ ਫੋਟੋਗਰਾਫੀ ਵੱਲ ਤੋਰਿਆ। ਉਸ ਦੇ ਸੁਭਾਅ ਵਿਚਲੀ ਕੌੜ ਕਾਰਨ ਉਸ ਨੂੰ ਸਨਮਾਨ ਲਈ ਮਨਾਉਣਾ ਵੀ ਪ੍ਰਬੰਧਕਾਂ ਦੀ ਬਹਾਦਰੀ ਹੈ। ਉਹ ਸਭ ਕੁਝ ਤੋਂ ਅਲੱਗ ਬੇਪ੍ਰਵਾਹੀ ਦੇ ਆਲਮ ਦਾ ਵਾਸੀ ਹੈ।
ਇਸ ਮੌਕੇ ਸਭ ਬੁਲਾਰਿਆਂ ਨੇ ਹਰਭਜਨ ਸਿੰਘ ਬਾਜਵਾ ਤੇ ਉਸ ਦੇ ਫੋਟੋਕਾਰੀ ਕਾਰਜ ਨੂੰ ਵਡਿਆਇਆ।
ਸ. ਬਾਜਵਾ ਨੇ ਆਪਣੇ ਸੰਬੋਧ ਚ ਕਿਹਾ ਕਿ ਮੈਂ ਕਿਸੇ ਹੋਰ ਵਾਸਤੇ ਨਹੀ ਸਗੋਂ ਆਪਣੀ ਰੂਹ ਵਾਸਤੇ ਇਹ ਕੰਮ ਕੀਤੇ ਹਨ। ਜੇਕਰ ਤੁਹਾਨੂੰ ਚੰਗੇ ਲੱਗੇ ਹਨ ਤਾਂ ਸ਼ੁਕਰੀਆ। ਉਨ੍ਹਾਂ ਦੱਸਿਆ ਕਿ ਉਹ ਆਪਣਾ ਸਮੁੱਚੀ ਫੋਟੋ ਖ਼ਜ਼ਾਨਾ ਪੰਜਾਬੀ ਸੱਥ ਲਾਬੜਾ(ਜਲੰਧਰ) ਦੇ ਸੰਚਾਲਕ ਡਾ. ਨਿਰਮਲ ਸਿੰਘ ਜੀ ਨੂੰ ਸੌਂਪ ਚੁਕੇ ਹਨ।
ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਦੀਪ ਜਗਦੀਪ ਸਿੰਘ, ਵਿਸ਼ਾਲ,ਗੁਰਜੀਤ ਕੌਰ ਅਜਨਾਲਾ, ਡਾ. ਓਮਿੰਦਰ ਜੌਹਲ,ਡਾ. ਬਿਕਰਮਜੀਤ ਤੇ ਡਾ. ਕਰਨੈਲ ਸ਼ੇਰਗਿੱਲ ਯੂ ਕੇ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਬੋਲਦਿਆਂ ਸ. ਉੱਤਮ ਸਿੰਘ ਨਿੱਝਰ ਫਾਉਂਡੇਸ਼ਨ ਬਟਾਲਾ ਦੇ ਚੇਅਰਮੈਨ ਡਾ. ਸਤਿਨਾਮ ਸਿੰਘ ਨਿੱਝਰ ਨੇ ਕਿਹਾ ਕਿ ਹਰਭਜਨ ਸਿੰਘ ਬਾਜਵਾ ਨੂੰ ਨੇੜ ਭਵਿੱਖ ਵਿੱਚ ਬਟਾਲਾ ਵਿੱਚ ਵੀ ਸਨਮਾਨਿਤ ਕੀਤਾ ਜਾਵੇਗਾ। ਗਗਨਦੀਪ ਸਿੰਘ ਵਿਰਕ ਨੇ ਸਭ ਮਹਿਮਾਨਾਂ ਦਾ ਸਮਾਗਮ ਵਿੱਚ ਪੁੱਜਣ ਲਈ ਧੰਨਵਾਦ ਕੀਤਾ। ਕਾਲਿਜ ਵੱਲੋਂ ਸਭ ਮਹਿਮਾਨਾਂ ਨੂੰ ਜੈਵਿਕ ਗੁੜ, ਬਾਸਮਤੀ ਚੌਲ ਤੇ ਫੁਲਕਾਰੀਆਂ ਭੇ਼ਟ ਕਰਕੇ ਵਿਦਾਇਗੀ ਦਿੱਤੀ ਗਈ।