ਲੁਧਿਆਣਾ, 24 ਫਰਵਰੀ 2019 - ਪੰਜਾਬ ਖੇਤੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬ ਪੁਲਿਸ ਦੇ ਡੀ ਆਈ ਜੀ ਸ: ਗੁਰਪ੍ਰੀਤ ਸਿੰਘ ਤੂਰ ਦੀ ਨਵ ਪ੍ਰਕਾਸ਼ਿਤ ਵਾਰਤਕ ਪੁਸਤਕ ਦਾ ਇੱਕੋ ਸਾਲ ਚ ਆਇਆ ਤੀਸਰਾ ਐਡੀਸ਼ਨ ਅੱਜ ਸਾਦਾ ਪਰ ਪ੍ਰਭਾਵਸ਼ਾਲੀ ਮਿਲਣੀ ਚ ਲੁਧਿਆਣਾ ਚ ਲੋਕ ਅਰਪਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੂਰ ਨੇ ਸਿਰਫ਼ ਨਸ਼ਿਆਂ ਦੇ ਮਾਰੂ ਅਸਰ ਖ਼ਿਲਾਫ਼ ਲਿਖਿਆ ਹੀ ਨਹੀਂ ਸਗੋਂ ਕਰਮਯੋਗੀ ਵਾਂਗ ਮਿਸ਼ਨ ਦੇ ਤੌਰ ਤੇ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਆਪਣੀ ਨਿਜੀ ਜ਼ਿੰਦਗੀ ਚ ਨਸ਼ਾਮੁਕਤ ਵਿਹਾਰ ਅਪਣਾ ਕੇ ਉਸਨੇ ਕਹਿਣੀ ਤੇ ਕਰਨੀ ਨੂੰ ਇੱਕ ਕਰ ਵਿਖਾਇਆ ਹੈ। ਅੱਲ੍ਹੜ ਉਮਰਾਂ ਤਸਖ਼ ਸੁਨੇਹੇ ਪੁਸਤਕ ਨਸ਼ਿਆਂ ਦੀ ਦਲਦਲ ਚ ਖੁਭੀ ਜਵਾਨੀ ਨੂੰ ਬਾਹਰ ਕੱਢਣ ਦਾ ਸੁਚੇਤ ਉਪਰਾਲਾ ਮਾਤਰ ਹੈ।
ਭੁੱਟਾ ਗਰੁੱਪ ਆਫ਼ ਕਾਲਿਜਜ ਦੇ ਡੀਨ ਡਾ: ਮਾਨ ਸਿੰਘ ਤੂਰ ਨੇ ਕਿਹਾ ਕਿ ਇਹੋ ਜਹੀਆਂ ਕਿਤਾਬਾਂ ਦਾ ਪਸਾਰ ਵਿਦਿਅਕ ਅਦਾਰਿਆਂ ਚ ਵਧਾਉਣ ਦੀ ਜ਼ਰੂਰਤ ਹੈ ਤਾਂ ਜੋ ਨਸ਼ਾਮੁਕਤੀ ਚੇਤਨਾ ਦਾ ਦਾਇਰਾ ਵਧੇ।
ਪੰਜਾਬ ਖੇਤੀ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਤੇ ਅਰਥ ਸ਼ਾਸਤਰ ਵਿਭਾਗ ਦੀ ਪ੍ਰੋਫੈਸਰ ਡਾ: ਸਿਮਰਨ ਕੰਗ ਸਿੱਧੂ ਨੇ ਕਿਹਾ ਕਿ ਨਸ਼ਿਆਂ ਦੇ ਵਿਹੁਚੱਕਰ ਦਾ ਸਭ ਤੋਂ ਮੰਦਾ ਅਸਰ ਔਰਤ ਤੇ ਬੱਚਿਆਂ ਦੇ ਵਿਕਾਸ ਤੇ ਪੈਂਦਾ ਹੈ ਜਿਸ ਨਾਲ ਸਮਾਜਿਕ ਤੋਰ ਵਿਗੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਦੁਰ ਪ੍ਰਭਾਵ ਪਿਛਲੇ ਲੁਕਵੇਂ ਕਾਰਨ ਵੀ ਸਮਝਣ ਤੇ ਨਜਿੱਠਣ ਦੀ ਲੋੜ ਹੈ।
ਗੁਰਪ੍ਰੀਤਸਿੰਘ ਤੂਰ ਨੇ ਬੋਲਦਿਆਂ ਕਿਹਾ ਕਿ ਨਸ਼ਿਆਂ ਦੀ ਮਹਿਮਾ ਵਾਲੇ ਗੀਤ, ਸਮਾਜਿਕ ਸਮਾਰੋਹਾਂ ਵਿੱਚ ਸ਼ਰਾਬ ਦੀ ਵਧ ਰਹੀ ਸਤਿਕਾਰਯੋਗਤਾ ਤੇ ਸ਼ਰਾਬੀ ਨੂੰ ਹਾਸੇ ਦਾ ਪਾਤਰ ਬਣਾਉਣ ਨਾਲ ਵੀ ਇਹ ਕੁਰੀਤੀ ਵਧ ਰਹੀ ਹੈ। ਪੰਜਾਬੀ ਸਮਾਜ ਨੂੰ ਨਸ਼ਿਆਂ ਨੂੰ ਭਿਆਨਕ ਮਹਾਂਮਾਰੀ ਵਾਂਗ ਨਜਿੱਠਣ ਦੀ ਲੋੜ ਹੈ।
ਸੀਨੀਅਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਹਰ ਜੁਰਮ ਦਾ ਮੂਲ ਨਸ਼ਾ ਹੀ ਹੁੰਦਾ ਹੈ। ਇਸ ਤਰ੍ਹਾਂ ਦੀਆਂ ਕਿਤਾਬਾਂ ਪਿੰਡ ਪਿੰਡ ਪਹੁੰਚਾਉਣ ਲਈ ਸਰਕਾਰੀ ਗੈਰਸਰਕਾਰੀ ਅਦਾਰਿਆਂ ਨੂੰ ਅੱਗੇ ਆਉਣ ਦੀ ਲੋੜ ਹੈ।
ਇਸ ਮੌਕੇ ਡਾ: ਸਤਵੰਤ ਕੌਰ ਢੰਡਾ, ਉੱਘੇ ਫੋਟੋ ਕਲਾਕਾਰ ਤੇਜਪ੍ਰਤਾਪ ਸਿੰਘ ਸੰਧੂ, ਸਤਿਬੀਰ ਕੌਰ ਸੰਧੂ, ਸੀਅਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਡਾ: ਰੁਪਿੰਦਰ ਕੌਰ ਤੂਰ, ਪਰਮਜੀਤ ਸਿੰਘ ਧਾਲੀਵਾਲ ਰੀਟ: ਕਾਰਜਕਾਰੀ ਚੀਫ਼ ਇੰਜਨੀਅਰ ਬਿਜਲੀ , ਕਿਰਨਜੀਤ ਕੌਰ ਧਾਲੀਵਾਲ, ਹਰਪ੍ਰੀਤ ਸਿੰਘ ਸਿੱਧੂ ਸੀਨੀ: ਜਨਰਲ ਮੈਨੇਜਰ, ਮੰਡੀਕਰਨ ਬੋਰਡ, ਕਰਨਬੀਰ ਸਿੰਘ ਸਿੱਧੂ ਤੇ ਜਸਨੂਰ ਕੌਰ ਸਿੱਧੂ, ਐਨਾ ਤੂਰ,ਕੰਵਲਜੀਤ ਸਿੰਘ ਸ਼ੰਕਰ ਉਪ ਮੰਡਲ ਅਫਸਰ ਟੈਲੀਫੋਨਜ ਤੇ ਮੇਜਰ ਅਮਰਜੀਤ ਸਿੰਘ ਬਾਠ ਵੀ ਹਾਜ਼ਰ ਸਨ।