ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 17 ਨਵੰਬਰ 2021-ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਜ਼ੂਮ ਰਾਹੀਂ ਹੋਈ। ਸਤਨਾਮ ਸਿੰਘ ਢਾਅ ਨੇ ਮੀਟਿੰਗ ਦਾ ਸੰਚਾਲਨ ਕਰਦਿਆਂ ਸਾਰੇ ਸਾਹਿਤਕ ਦੋਸਤਾਂ ਨੂੰ ਜੀ ਆਇਆਂ ਆਖਿਆ। ਸੰਸਾਰ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ,ਦਿਵਾਲ਼ੀ ਤੇ ਬੰਦੀ-ਛੋਡ ਦਿਵਸ ਦੀ ਵਧਾਈ ਦਿੱਤੀ।
ਸਰੂਪ ਸਿੰਘ ਮੰਡੇਰ ਨੇ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਕਵੀਸ਼ਰੀ ਰੰਗ ਵਿੱਚ ਪੇਸ਼ ਕੀਤਾ। ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਉਜਾੜੀ ਜਾ ਰਹੀ ਕਿਸਾਨੀ ਦੀ ਦਾਸਤਾਨ ਪੇਸ਼ ਕੀਤੀ। ਉਨ੍ਹਾਂ ਅੰਮ੍ਰਿਤਸਰ ਦੀ ਦਿਵਾਲੀ ਦੇ ਜਲੌ ਅਤੇ ਸਿੱਖੀ ਇਤਿਹਾਸ ਵਿੱਚ ਇਸ ਦੀ ਮਹਤੱਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਹਰਗੋਬਿੰਦ ਰਾਏ ਜੀ ਨੇ 52 ਪਹਾੜੀ ਰਾਜਿਆਂ ਨੂੰ ਆਪਣੇ ਨਾਲ ਗਵਾਲੀਅਰ ਦੀ ਜੇਲ੍ਹ ਵਿੱਚੋਂ ਰਿਹਾਅ ਕਰਵਾਇਆ। ਅਜਾਇਬ ਸਿੰਘ ਸੇਖੋਂ ਨੇ ਭਾਈ ਗੁਰਦਾਸ ਦੀ ਵਾਰ ਰਾਹੀਂ ਉਸ ਸਮੇਂ ਦੇਸ਼ ਦੇ ਰਾਜਨੀਤਿਕ ਅਤੇ ਸਮਾਜਿਕ ਹਾਲਾਤ ਅਤੇ ਜਬਰ ਜ਼ੁਲਮ ਦੇ ਹਨੇਰ ਨੂੰ ਦਰਸਾਇਆ।
ਜਗਜੀਤ ਸਿੰਘ ਰਹਿਸੀ ਨੇ ਉਰਦੂ ਸ਼ੇਅਰ ਪੇਸ਼ ਕੀਤੇ ਅਤੇ ਮੁਹੰਮਦ ਰਫ਼ੀ ਦਾ ਇੱਕ ਗੀਤ ਆਪਣੀ ਬੁਲੰਦ ਅਵਾਜ਼ ਵਿੱਚ ਪੇਸ਼ ਕੀਤਾ। ਜੋਗਾ ਸਿੰਘ ਸਹੋਤਾ ਨੇ ਹਰਮੋਨੀਅਮ ਨਾਲ ਗ਼ਜ਼ਲ ਪੇਸ਼ ਕੀਤੀ। ਜਰਨੈਲ ਸਿੰਘ ਤੱਗੜ ਨੇ ਕਿਸਾਨੀ ਅੰਦੋਲਨ ਅਤੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਬਾਰੇ ਵਿਚਾਰ ਰੱਖੇ ਅਤੇ ਨਸ਼ਿਆਂ ਬਾਰੇ ਇੱਕ ਦੁਖੀ ‘ਮਾਂ ਦੀ ਪੁਕਾਰ’ ਨਾਂ ਦੀ ਬਹੁਤ ਹੀ ਸੰਵੇਦਨਸ਼ੀਲ ਕਵਿਤਾ ਸਾਂਝੀ ਕੀਤੀ। ਡਾ. ਮਨਮੋਹਨ ਸਿੰਘ ਬਾਠ ਨੇ ਯਮਲੇ ਜੱਟ ਦਾ ਗੁਰੂ ਨਾਨਕ ਦੇਵ ਜੀ ਬਾਰੇ ਗਾਇਆ ਗੀਤ ਪੇਸ਼ ਕੀਤਾ।
ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ‘ਸੁੱਕਾ ਪੱਤਾ ਨਾਲ ਹਵਾਵਾਂ ਲੜਿਆ ਹੈ’ ਗ਼ਜ਼ਲ ਪੇਸ਼ ਕੀਤੀ। ਸੁਖਵਿੰਦਰ ਸਿੰਘ ਤੂਰ ਨੇ ਸੁਰਜੀਤ ਪਾਤਰ ਦੀ ਗ਼ਜ਼ਲ ‘ਐ ਪੰਜਾਬ ਤੂੰ ਜਿਉਣਾ ਦੱਸਿਆ ਹੈ’ ਸੁਰੀਲੀ ਅਵਾਜ਼ ਵਿਚ ਪੇਸ਼ ਕੀਤੀ। ਇਕਬਾਲ ਖ਼ਾਨ ਨੇ ‘ਅਹਿਸਾਸ’ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਤੇਜਾ ਸਿੰਘ ਥਿਆੜਾ ਨੇ ਵੀ ਇਸ ਸਾਹਿਤਕ ਵਿਚਾਰ ਚਰਚਾ ਵਿੱਚ ਯੋਗਦਾਨ ਪਾਇਆ।
ਸਤਨਾਮ ਸਿੰਘ ਢਾਅ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਰਤਾਰ ਸਿੰਘ ਸਰਾਭਾ ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਕੁਰਬਾਨੀ ਕਵਿਤਾ ਦੇ ਰੂਪ ਵਿਚ ਸਾਂਝੀ ਕੀਤੀ।