ਚੰਡੀਗੜ੍ਹ, 28 ਦਸੰਬਰ, 2016 : ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਕਾਲਮ ਨਵੀਸ ਸ੍ਰੀ ਨਿੰਦਰ ਘੁਗਿਆਣਵੀ ਦੀ ਬਹੁ-ਚਰਚਿਤ ਸਵੈ-ਜੀਵਨੀ ਪੁਸਤਕ 'ਮੈਂ ਸਾਂ ਜੱਜ ਦਾ ਅਰਦਲੀ' ਦਾ ਹਿੰਦੀ ਤੋਂ ਤੇਲਗੂ ਵਿੱਚ ਮੋਲਾਨਾ ਅਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਹੈਦਰਾਬਾਦ ਦੇ ਪ੍ਰੋਫੈਸਰ ਡਾ.ਪਟਨ ਰਹੀਮ ਖਾਂ ਵੱਲੋਂ ਕੀਤਾ ਅਨੁਵਾਦ ਰਾਮਾਗੁੰਡਮ ਤੇ ਹੈਦਰਾਬਾਦ ਦੇ ਤੇਲਗੂ ਵਿਦਵਾਨਾਂ ਵੱਲੋਂ ਇੱਕ ਭਰਵੇਂ ਇਕੱਠ ਵਿੱਚ ਰਿਲੀਜ਼ ਕੀਤਾ ਗਿਆ। ਤੇਲੰਗਾਨਾ ਤੋਂ ਵਾਪਸ ਪਰਤੇ ਲੇਖਕ ਸ੍ਰੀ ਨਿੰਦਰ ਘੁਗਿਆਣਵੀ ਨੇ ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਉਥੇ ਜਾ ਕੇ ਬਹੁਤ ਅਪਣੱਤ ਮਹਿਸੂਸ ਹੋਈ ਤੇ ਤੇਲੰਗਾਨਾ ਦੇ ਲੋਕਾਂ ਵਲੋਂ ਮਿਲਿਆ ਪਿਆਰ ਤੇ ਮਾਣ ਹਮੇਸ਼ਾ ਯਾਦ ਰਹਿਣ ਵਾਲਾ ਹੈ। ਉਹਨਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਤੇਲੰਗਾਨਾ ਹਾਈਕੋਰਟ ਦੇ ਸਪੈਸ਼ਲ ਜੱਜ ਸ੍ਰੀ ਵੇਰੂਲੀ ਰਵੀ ਕੁਮਾਰ ਸਨ। ਪ੍ਰਧਾਨਗੀ ਸ੍ਰੀ ਵਿਕਰਮਜੀਤ ਦੁੱਗਲ ਆਈ.ਪੀ.ਐੱਸ ਪੁਲੀਸ ਕਮਿਸ਼ਨਰ ਰਾਮਾਗੁੰਡਮ ਨੇ ਕੀਤੀ। ਪਾਠਕਾਂ, ਲੇਖਕਾਂ, ਵਕੀਲਾਂ ਤੇ ਸਮੇਤ ਵਿਦਿਆਰਥੀਆਂ ਨਾਲ ਹਾਲ ਖਚਾ-ਖਚ ਭਰਿਆ ਹੋਇਆ ਸੀ। ਤੇਲਗੂ ਵਿਦਵਾਨ ਡਾ ਸੰਗਲਾ ਭੱਠਲਾ ਨਰਸੱਈਆ ਨੇ ਇਸ ਮੌਕੇ ਤੇਲਗੂ ਸਾਹਿਤ ਦੇ ਇਤਿਹਾਸ ਤੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਅਤੇ ਸੈਂਟਰਲ ਯੂਨੀਵਰਸਿਟੀ ਹੈਦਰਾਬਾਦ ਤੋਂ ਤੇਲਗੂ ਵਿਭਾਗ ਦੇ ਮੁਖੀ ਡਾ. ਦਾਰਲਾ ਵੈਂਕੇਟਸ਼ਵਰ ਰਾਓ ਨੇ ਪੁਸਤਕ ਬਾਰੇ ਮੁਖ ਭਾਸ਼ਣ ਦਿੱਤਾ। ਡਾ ਜੀ ਲਕਸ਼ਮਣਾ ਰਾਓ ਨੇ ਪੁਸਤਕ ਵਿਚੋਂ ਕੁਝ ਹਾਸ-ਭਰਪੂਰ ਕਾਂਡ ਸੁਣਾ ਕੇ ਮਾਹੌਲ ਖੁਸ਼ਗਵਾਰ ਬਣਾ ਦਿੱਤਾ। ਡਾ ਅੰਦੇ ਨੰਦ ਸਵਾਮੀ ਨੇ ਆਖਿਆ ਕਿ ਇਹ ਪੁਸਤਕ ਤੇਲਗੂ ਦੇ ਸਵੈ-ਜੀਵਨੀ ਸਾਹਿਤ ਵਿੱਚ ਵਾਧਾ ਕਰੇਗੀ। ਇਸ ਮੌਕੇ ਆਸਿਫਾਬਾਦ ਜਿਲੇ ਦੇ ਪੁਲੀਸ ਕਪਤਾਨ ਸਨਪ੍ਰੀਤ ਸਿੰਘ ਆਈ.ਪੀ.ਐੱਸ ਨੇ ਪੰਜਾਬੀ ਬੋਲੀ ਦੀ ਮਹੱਤਤਾ ਬਾਰੇ ਤੇਲਗੂ ਲੋਕਾਂ ਨੂੰ ਚਾਨਣਾ ਪਾਇਆ। ਪੁ
ਸਤਕ ਰਿਲੀਜ਼ ਕਰਨ ਉਪਰੰਤ ਪੁਸਤਕ ਦੇ ਮੂਲ ਲੇਖਕ ਨਿੰਦਰ ਘੁਗਿਆਣਵੀ ਅਤੇ ਅਨੁਵਾਦ ਕਰਤਾ ਡਾ ਪਟਨ ਰਹੀਮ ਖਾਂ ਨੂੰ ਤੇਲਗੂ ਪਗੜੀਆਂ ਅਤੇ ਰੰਗਦਾਰ ਸ਼ਾਲਾਂ ਨਾਲ ਸਨਮਾਨਿਆ ਗਿਆ ਅਤੇ ਲੋਕਾਂ ਨੇ ਲੇਖਕਾਂ ਉਪਰੋਂ ਫੁੱਲਾਂ ਦੀ ਵਰਖਾ ਕੀਤੀ। ਸ੍ਰੀ ਵਿਕਰਮਜੀਤ ਦੁੱਗਲ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਵਿੱਚ ਇਸ ਪੁਸਤਕ ਦਾ ਅਨੁਵਾਦ ਹੋਣ ਮਗਰੋਂ ਹੀ ਇਹ ਪੁਸਤਕ ਤੇਲਗੂ ਪਾਠਕਾਂ ਵਿੱਚ ਪਹੁੰਚੀ ਹੈ ਇਸ ਲਈ ਹਿੰਦੀ ਭਾਸ਼ਾ ਦਾ ਮਹੱਤਵ ਵੀ ਅਹਿਮ ਹੈ ਅਤੇ ਪੰਜਾਬੀ ਰਚਨਾ ਦਾ ਤੇਲਗੂ ਵਿਚ ਆਉਣਾ ਸ਼ੁਭ ਸ਼ਗਨ ਹੈ। ਮੂਲ ਲੇਖਕ ਨਿੰਦਰ ਘੁਗਿਆਣਵੀ ਨੇ ਇਸ ਮੌਕੇ ਇਸ ਪੁਸਤਕ ਦੀ ਸਿਰਜਣ ਪ੍ਰਿਕਰਿਆ ਬਾਰੇ ਗੱਲਾਂ ਕੀਤੀਆ। ਮੁੱਖ ਮਹਿਮਾਨ ਜੱਜ ਵੇਰੂਲੀ ਰਵੀ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਆਪਣੇ ਕਾਰਜਕਾਲ ਦੇ ਤਜੱਰਬੇ ਵੀ ਸਾਂਝੇ ਕੀਤੇ ਪੁਸਤਕ ਦੇ ਲੇਖਕ ਤੇ ਅਨੁਵਾਦਕ ਨੂੰ ਮੁਬਾਰਕ ਦਿੱਤੀ ਬਾਬਾ ਸੇਖ ਫਰੀਦ ਸਾਹਿਤ ਵਿਚਾਰ ਮੰਚ ਵੱਲੋਂ ਵਿਰਕਮਜੀਤ ਦੁੱਗਲ ਨੂੰ ਡਾ.ਐਮ.ਐਸ.ਰੰਧਾਵਾ ਅਤੇ ਡਾ.ਪਟਨ ਰਹੀਮ ਖਾਂ ਨੂੰ 2016 ਦਾ 'ਸੇਖ ਫਰੀਦ ਸਾਹਿਤ ਪੁਰਸਕਾਰ' (ਰਾਸ਼ੀ 11 ਹਜ਼ਾਰ) ਖੇਲਾ ਪਰਿਵਾਰ ਸਿਡਨੀ ਵੱਲੋਂ ਭੇਟ ਕੀਤੀ ਗਈ। ਧੰਨਵਾਦ ਕਰਨ ਦੀ ਰਸਮ ਡਿਪਟੀ ਪੁਲੀਸ ਕਮਿਸ਼ਨਰ ਕੇ. ਵਜਿੰਦਰ ਰੈਡੀ ਨੇ ਨਿਭਾਈ ਅਤੇ ਮੰਚ ਸੰਚਾਲਨ ਪ੍ਰੋ ਦਇਆ ਨੰਦ ਸਵਾਮੀ ਨੇ ਕੀਤਾ।