ਝੋਨੇ ਦੀ ਫਸਲ ਮੁੰਜਰਾਂ ਕੱਢ ਰਹੀ ਹੈ। ਖੇਤਾਂ 'ਚ ਇਕਸਾਰ ਖੜ੍ਹੇ ਝੋਨੇ ਉਤੋਂ ਦੀ ਜੇਕਰ ਸਿੱਧੀ-ਸਪਾਟ ਤੇ ਉਡਦੀ ਨਜ਼ਰ ਮਾਰੀਏ, ਜਾਂ ਕਹਿ ਲਓ ਕਿ ਇਸਦੀ ਹਰਿਆਵਲ ਨੂੰ ਅੱਖਾਂ ਵਿਚ ਭਰੀਏ, ਤਾਂ ਲਗਦੈ ਕਿ ਕੁਦਰਤ ਨੇ ਸਾਨੂੰ ਹਰਿਆਵਲ ਨਾਲ ਲੱਦੀ ਲੰਮੀ ਤੋਂ ਲੰਮੀ ਤੇ ਚੌੜੀ ਤੋਂ ਚੌੜੀ ਚਾਦਰ ਸੌਗਾਤ ਵਜੋਂ ਦਿੱਤੀ ਹੈ, ਜਿਸਦੇ ਅਖਰੀਲੇ ਲੜਾਂ ਤੀਕ ਵੀ ਵੇਖੀ ਜਾਈਏ, ਨਾ ਅਕੇਵਾਂ ਲਾਗੇ ਆਵੇ ਨਾ ਥਕੇਵਾਂ! ਅੱਖੀਆਂ ਨੂੰ ਠੰਢਕ ਪੈਂਦੀ ਹੈ ਜਿਵੇਂ ਹਰੇ ਰੰਗੇ ਭਜਨ ਧਾਰਾ ਦੀ ਸਿਲਾਈ ਵਿਚ ਪਾ ਲਈ ਹੋਵੇ ਅੱਖੀਆਂ ਵਿਚ! ਮਨ ਚਾਹੇ ਮੈਂ ਪੰਛੀ ਹੋਵਾਂ, ਤੇ ਕਦੇ ਨਾ ਮੁੱਕਣ ਵਾਲੀ ਇੱਕ ਲੰਬੀ ਉਡਾਰੀ ਇਸ ਹਰੀ-ਭਰੀ ਚਾਦਰ ਉਤੋਂ ਦੀ ਭਰਾਂ, ਤੇ ਉਡਦਾ ਹੀ ਉਡਦਾ ਜਾਵਾਂ, ਮਸਤੀ 'ਚ ਖੰਭ ਫੜਫੜਾਵਾਂ ਤੇ ਮਨ ਮਰਜ਼ੀ ਦਾ ਨਗਮਾ ਗਾਵਾਂ! ਪਰ ਮੇਰੀ ਕਿਸਮਤ ਵਿਚ ਏਹ ਕਿੱਥੇ ਲਿਖਿਆ ਹੈ ਤੈਂ ਕੁਦਰਤੇ, ਮੇਰਾ ਪੰਛੀ ਹੋਣਾ, ਹਰਿਆਵਲੀ ਚਾਦਰ 'ਤੇ ਉਡਣਾ-ਖੇਡਣਾ, ਗਾਉਣਾ ਤੇ ਮਸਤਾਉਣਾ। ਕਿੰਨੇ ਪਿਆਰੇ-ਪਿਆਰੇ ਤੇ ਭਾਗਵੰਤੇ ਨੇ ਇਹ ਪੰਛੀ ਨਿੱਕੇ-ਨਿੱਕੇ ਪਰਾਂ ਸਦਕੇ ਲੰਬੀਆਂ ਉਡਾਰੀਆਂ ਭਰਨ ਵਾਲੇ,ਕਰਮਾਂ ਵਾਲੜੇ ਇਹ ਪੰਛੀ ਹਰੀ ਚਾਦਰ ਉਤੇ ਉਡਦੇ ਚਹਿਕ ਰਹੇ ਨੇ, ਗਾ ਰਹੇ ਨੇ ਤੇ ਸਵੇਰ ਦੀ ਮਿੱਠੀ-ਮਿੱਠੀ ਠੰਢਕ ਨੂੰ ਰਮਣੀਕ ਬਣਾ ਰਹੇ ਹਨ।
ਸੂਏ ਦੀ ਬੰਨੀ ਉਤੇ ਖਲੋਤਾ ਦੇਖ ਰਿਹਾ ਹਾਂ ਕਿ ਸੂਏ ਵਿਚ ਲਾਲ ਮਿੱਟੀ ਰੰਗਾ ਪਾਣੀ ਨੱਕੋ-ਨੱਕ ਭਰ ਭਰ ਵਗਦਾ ਜਾ ਰਿਹਾ ਹੈ, ਪਿਛਾਂਹ ਸ਼ੂਕਦੇ ਦਰਿਆਵਾਂ ਨੇ ਜਿਵੇਂ ਸਬਕ ਦੇ ਕੇ ਵਗਣ ਲਈ ਘੱਲਿਆ ਹੋਵੇ ਕਿ ਜਾ ਝੋਨੇ ਦੀ ਫਸਲ ਨੂੰ ਤਾਕਤਵਰ ਕਰ ਤੇ ਭਰ-ਭਰ ਵਗ। ਹੁਣ ਜੱਟਾਂ ਨੂੰ ਇਸ ਪਾਣੀ ਦੀ ਓਨੀ ਲੋੜ ਨਹੀਂ। ਝੋਨਾ ਮੁੰਜਰਾਂ ਕੱਢ ਖਲੋਤਾ ਹੈ ਤੇ ਜੱਟ ਉਡੀਕ ਕਰ ਰਹੇ ਨੇ ਝੋਨੇ ਦੇ ਮੁੱਢਾਂ 'ਚੋਂ ਪਾਣੀ ਸੁੱਕਣ ਦੀ। ਸਪਰੇਆਂ ਜੋਰੋ-ਜੋਰ ਹੋ ਰਹੀਆਂ ਤੇ ਕਈ-ਕਈ ਬੋਰੇ ਖਾਦਾਂ ਦੇ ਸੁੱਟ੍ਹੇ ਗਏ ਨੇ ਝੋਨਾ ਚੰਗਾ ਕੱਢਣ ਵਾਸਤੇ। ਦੂਰ ਤੀਕ ਦੇਖਿਆ, ਸਾਡੇ ਪਿੰਡ ਦੀਆਂ ਬੁੱਢੀਆਂ ਦਲਿਤ ਔਰਤਾਂ ਕੋਡੀਆਂ ਹੋ-ਹੋ ਝੋਨੇ 'ਚੋਂ ਤਾਲ (ਗੰਦ) ਕੱਢ ਰਹੀਆਂ ਨੇ। ਇਹ ਅੱਧੀ ਦਿਹਾੜੀ ਲਾਉਣਗੀਆਂ ਤੇ ਜਦ ਸੂਰਜ ਨੇ ਸਿਰੀ ਤਿੱਖੀ ਕਰ ਲਈ ਤਾਂ ਮੁੜ੍ਹਕੇ ਨਾਲ ਭਿੱਜੀਆਂ ਘਰਾਂ ਨੂੰ ਆਉਣਗੀਆਂ। ਮੈਂਨੂੰ ਤਰਸ ਆਉਂਦਾ ਹੈ ਇੰਨ੍ਹਾਂ ਉਤੇ ਪਰ ਮੈਨੂੰ ਅਫਸੋਸ ਹੈ ਕਿ ਮੈਂ ਮਨ ਮਸੋਸਣ ਤੋਂ ਬਿਨਾਂ ਇਹਨਾਂ ਵਾਸਤੇ ਕੁਝ ਨਹੀਂ ਕਰ ਸਕਦਾ। ਜੇ ਮੈਂ ਕੁਝ ਕਰ ਸਕਣ ਦੇ ਸਮਰੱਥ ਹੁੰਦਾ ਤਾਂ ਆਪਣੀ ਮਾਂ, ਦਾਦੀ ਤੇ ਤਾਈਆਂ ਦੀ ਥਾਵੇਂ ਲਗਦੀਆਂ ਮਜਦੂਰਨਾਂ ਲਈ ਕੁਝ ਜ਼ਰੂਰ ਕਰਦਾ ਪਰ ਮੇਰੇ ਵੱਸ ਨਹੀਂ।
ਜਦ ਕਦੇ ਹਲਕੀ ਕਾਲੀ ਬੱਦਲੀ ਬਣ ਕੇ ਉਡਣ ਲਗਦੀ ਹੈ ਤਾਂ ਕਿਸਾਨ ਫਿਕਰ ਕਰਨ ਲਗਦੇ ਨੇ-"ਰੱਬਾ ਹੁਣ ਹੋਰ ਨਹੀਂ ਲੋੜ, ਬਸ ਹੁਣ ਤਾਂ ਮਿਹਰ ਈ ਰੱਖ।" ਕਿਸਾਨ ਆਪਣੇ ਨਿੱਕੇ ਨਿਆਣਿਆਂ ਨੂੰ ਪੁਛਦੇ ਨੇ ਮੌਨਸੂਨ ਪੌਣਾਂ ਬਾਬਤ ਕਿ ਮੁੜ ਗਈਆਂ ਪਿਛਾਂਹ ਕਿ ਨਹੀਂ, ਜਾਂ ਹਾਲੇ ਏਥੇ ਈ ਫਿਰਦੀਆਂ ਗੇੜੇ ਦਿੰਦੀਆਂ ਮੁੰਡਿਓ, ਵੇਖੋ ਖਾਂ ਥੋਡਾ ਫੋਨ ਜਿਆ੍ਹ ਕੀ ਆਂਹਦੈ...ਆਹ ਤਿੱਤਰ ਖੰਭ੍ਹੀਆਂ ਤੋਂ ਡਰ ਲਗਦੈ...ਕਰੁੱਤੀਆਂ ਕਣੀਆਂ ਨਾ ਆ ਜਾਣ ਹੁਣ...। ਅੱਜ ਦੀ ਸੈਰ ਤੋਂ ਮੁੜਦਿਆਂ ਮੈਂ ਹਰੀ-ਭਰੀ ਚਾਦਰ ਨੂੰ ਅੱਖਾਂ ਵਿਚ ਭਰ ਕੇ ਮੁੜਿਆਂ ਹਾਂ, ਕਦੇ-ਕਦੇ ਮਨ ਹਰਿਆ-ਭਰਿਆ ਕਰਨ ਲਈ ਮੁੜ-ਮੁੜ ਸਕਾਰ ਕਰਾਂਗਾ ਅੱਖਾਂ ਅੱਗੇ ਇਹ ਹਰਿਆਵਲੀ ਚਾਦਰ! ਝੋਨੇ ਦੀ ਫਸਲ ਸਮੇਟ ਕੇ ਖੇਤ ਨੂੰ ਸੁੰਭਰੇ-ਸੰਵਾਰੇਗਾ ਕਿਰਸਾਨ। ਕਣਕ ਦੀ ਬਿਜਾਂਦ ਲਈ ਵਾਹਣ ਤਿਆਰ ਕਰੇਗਾ। ਮੇਰੇ ਪਿੰਡ ਦੇ ਕਾਫੀ ਕਿਰਸਾਨ, (ਜਿੰਨ੍ਹਾਂ 'ਚੋਂ ਬਹੁਤੇ ਗਰੀਬ ਤਬਕੇ ਨਾਲ ਸਬੰਧਤ ਹੋਣਗੇ), ਗੋਭੀ ਤੇ ਟਮਾਟਰ ਲਾਉਣਗੇ। ਮੈਂ ਖੇਤਾਂ ਵੱਲ ਗਿਆ ਸਾਂ ਅੱਜ ਸਵੇਰੇ, ਦੇਖਿਆ ਕਿ ਗੋਭੀ ਦੀ ਪਨੀਰੀ ਤਿਆਰ ਹੋ ਗਈ ਹੈ। ਗੋਭੀ ਦੀ ਪਨੀਰੀ ਨੂੰ ਰਲੀ-ਮਿਲੀ ਠੰਢ ਤੇ ਦੁਪੈਹਿਰ ਦੀ ਗਰਮਾਇਸ਼ ਤੋਂ ਬਚਾਉਣ ਵਾਸਤੇ ਤੰਬੂ ਤਾਣੇ ਹੋਏ ਨੇ। ਲਗਭਗ ਢਾਈ ਜਾਂ ਪੌਣੇ ਤਿੰਨ ਮਹੀਨੇ ਗੋਭੀ ਦੀ ਫਸਲ ਰਹੇਗੀ ਤੇ ਉਸ ਮਗਰੋਂ ਟਮਾਟਰਾਂ ਦੀ ਪਨੀਰੀ ਲਾਈ ਜਾਵੇਗੀ। ਛੇ ਮਹੀਨਿਆਂ ਵਿਚ ਦੋ ਫਸਲਾਂ ਉਗਾਉਣ ਵਾਲਾ ਕਿਸਾਨ ਕਣਕ ਬੀਜਣ ਤੋਂ ਪਾਸਾ ਵੱਟੇਗਾ। (ਗੋਭੀ ਤੇ ਟਮਾਟਰ ਕਿਰਾਏ ਦੀਆਂ ਗੱਡੀਆਂ ਵਿਚ ਭਰ ਕੇ ਦੂਰ ਵੱਡੇ ਸ਼ਹਿਰਾਂ ਦੀਆਂ ਸਬਜ਼ੀ ਮੰਡੀਆਂ ਵਿਚ ਵੇਚਣ ਜਾਣਗੇ, ਪੂਰਾ ਮੁੱਲ ਤਾਂ ਕੀ ਮਿਲਣਾ, ਜਦ ਗੱਡੀ ਦਾ ਕਿਰਾਇਆ ਵੀ ਪੂਰਾ ਨਾ ਹੋਇਆ, ਤਦ ਹੱਥ ਮਲਦੇ ਪਛਤਾਣਗੇ ਤੇ ਚੁੱਪ-ਚੁਪੀਤੇ ਘਰ ਮੁੜ ਆਣਗੇ,ਜਿਸ ਜੱਟ ਤੋਂ ਪੈਲੀ ਠੇਕੇ 'ਤੇ ਲੈ ਕੇ ਫਸਲ ਬੀਜੀ ਸੀ,ਉਸਦੇ ਨੂੰ ਦੇਣੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇਗਾ!) ਇਹ ਮੰਜ਼ਰ ਮੈਂ ਅੱਖੀਂ ਦੇਖਦਾ ਹਾਂ ਹਰ ਵਰ੍ਹੇ!
ਦੇਖਦਾ ਹਾਂ, ਟਮਾਟਰ ਦੇ ਢੇਰ ਤੇ ਗੋਭੀ ਦੇ ਫੁੱਲ ਖੇਤਾਂ ਕਿਨਾਰੇ ਪਹਿਆਂ ਉਤੇ ਰੁਲਦੇ ਤੇ ਗਲਦੇ ਨੇ। ਪਸੂ ਵੀ ਨਹੀਂ ਮੂੰਹ ਮਾਰਦੇ ਇਹਨਾਂ ਨੂੰ। ਬਹੁਤਾਤ ਵਿਚ ਹੋ ਗਈ ਗੋਭੀ ਨੂੰ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਚੁਕਦਾ। ਪਿਛਲੇ ਤੋਂ ਪਿਛਲੇ ਸਾਲ ਕੱਦੂ ਰੱਜ-ਰੱਜ ਕੇ ਰੁਲੇ। ਲਵੇ-ਲਵੇ ਅਲੂੰਏ ਕੱਦੂ ਕਿਸੇ ਨੇ ਮੁਫਤੀ ਵੀ ਨਾ ਖਾਧੇ, ਤੇ ਵੱਲਾਂ ਨਾਲ ਲੱਗੇ ਰਹੇ, ਪੱਕ-ਪੱਕ ਕੇ ਪਾਗਲ ਹੋ ਗਏ,ਬੇਹਿਸਾਬੇ ਮੋਟੇ, ਤੇ ਅਗਲੀ ਵਾਰ ਆਪਣਾ ਬੀਜ ਦੇਣ ਨੂੰ ਤਿਆਰ। ਸਾਡੇ ਪਿੰਡ ਦੇ ਕਿਰਤੀ ਬੌਰੀਏ ਬੜੇ ਮਿਹਨਤੀ ਨੇ, ਸਿਰੇ ਦੇ ਅਣਥੱਕ ਇਹ ਮੁਸ਼ੱਕਤੀ ਕਾਮੇ ਸਾਰਾ ਸਾਰਾ ਦਿਨ ਆਪਣੇ ਟੱਬਰਾਂ ਸਮੇਤ ਖੇਤਾਂ ਵਿਚ ਮੁੜ੍ਹਕਾ ਡੋਲ੍ਹ-ਡੋਲ੍ਹ ਬੜੇ ਚਾਅ ਤੇ ਆਸਾਂ ਨਾਲ ਫਸਲ ਤਿਆਰ ਕਰਦੇ ਨੇ। ਜਦ ਮਿਹਨਤ ਦਾ ਮੁੱਲ ਨਹੀਂ ਮਿਲਦਾ ਤਾਂ ਝੁਰਦੇ ਨੇ, ਉਹਨਾਂ ਨੂੰ ਦੇਖ-ਦੇਖ ਮੈਂ ਵੀ ਝੁਰਦਾ ਹਾਂ। ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੀਕਰ ਦੇਖ ਰਿਹਾਂ ਕਿ ਸਾਡੇ ਪਿੰਡ ਦਿਆਂ ਖੇਤਾਂ ਵਿਚ ਮਟਰ, ਬੈਂਗਣ-ਬੈਂਗਣੀ, ਕੱਦੂ-ਅੱਲਾਂ, ਦੇਸੀ ਤੋਰੀਆਂ, ਸੂੰਗਰੇ-ਮੂੰਗਰੇ, ਔਲੇ, ਗਾਜਰ, ਮੂਲੀ, ਗੁਆਰੇ ਦੀਆਂ ਫਲੀਆਂ, ਪਾਲਕ, ਮੇਥੀ, ਮਿਰਚ,ਸ਼ਲਗਮ, ਖੱਖੜੀ, ਖਰਬੂਜੇ ਤੇ ਮਤੀਰੇ ਦੀ ਬਿਜਾਂਦ ਹੁੰਦੀ ਹੈ। ਚਿੱਬੜ੍ਹ ਤੇ ਬਾਥੂ ਆਪ-ਮੁਹਾਰੇ ਹੀ ਉੱਗ ਪੈਂਦਾ ਹੈ। ਸਰੋਂ ਦਾ ਸਾਗ ਕਦੇ ਕਰਾਰਾ-ਕਰਾਰਾ ਹੁੰਦਾ ਸੀ ਮੇਰੇ ਪਿੰਡ ਦਾ, ਹੁਣ ਖਾਰਾ-ਖਾਰਾ ਜਿਹਾ ਸੁਆਦ ਆਉਂਦਾ ਹੈ।
(ਆਲੂ ਨਹੀਂ ਬੀਜਦੇ, ਕੋਈ ਟਾਵਾਂ-ਟਾਵਾਂ ਕਿਰਸਾਨ ਹੀ ਆਲੂ ਬੀਜਦਾ ਹੈ, ਸੌ ਵਿਚੋਂ ਪੰਜ ਦੇ ਬਰਾਬਰ)। ਮੇਰੇ ਪਿੰਡ ਦੇ ਖੇਤਾਂ 'ਚ ਟਿੱਬਿਆਂ 'ਤੇ ਕੌੜ-ਤੁੰਮਿਆਂ ਦੀਆਂ ਵੇਲਾਂ ਕਦੇ ਨਾ ਸੁੱਕੀਆਂ, ਕਦੇ ਨਾ ਮੁੱਕੇ ਕੌੜ ਤੁੰਮੇ! ਅਜੇ ਵੀ ਦੂਰੋਂ-ਦੂਰੋਂ ਵੈਦ ਆ ਜਾਂਦੇ ਨੇ ਤੋੜਨ ਕੌੜ-ਤੁੰਮੇਂ, ਦੇਸੀ ਦਵਾਈਆਂ ਵਿਚ ਪਾਉਣ ਲਈ। ਕਦੇ ਮੇਰਾ ਤਾਇਆ ਪਸੂਆਂ ਵਾਸਤੇ ਕੌੜ-ਤੁੰਮਿਆਂ ਦਾ ਅਚਾਰ ਪਾ ਲੈਂਦਾ ਸੀ। ਕੋਈ ਬੀਮਾਰੀ ਨੇੜੇ ਨਾ ਸੀ ਢੁਕਦੀ ਪਸੂਆਂ ਦੇ ,ਤੇ ਕਦੇ ਕੋਈ ਪਸੂ ਦੁੱਧ ਨਾ ਨਹੀਂ ਸੀ ਸੁਕਦਾ। ਝਾੜ ਕਰੇਲੇ ਵੀ ਵਾਧੂੰ ਹੁੰਦੇ, ਹੁਣ ਵੀ ਹੈਗੇ! ਡੇਲਿਆਂ ਦਾ ਅਚਾਰ ਪਾਉਂਦੇ ਸਨ ਲੋਕ, ਕਰੀਰਾਂ ਨੂੰ ਡੇਲੇ ਲਗਦੇ ਕਿ ਤੋੜ ਨਾ ਹੁੰਦੇ। ਹੁਣ ਕਈ-ਕੋਈ ਕਰੀਰ ਬਚਿਆ ਦਿਸਦਾ ਹੈ ਪਿੰਡ ਦੀ ਨੁੱਕਰੇ ਕਿਧਰੇ! ਬਾਬੇ ਦੀ ਖਾਨਗਾਹ 'ਤੇ ਪੁਰਾਣੇ ਕਰੀਰ ਹਨ ਪਰ ਉਹਨਾਂ ਨੂੰ ਡੇਲੇ ਲੱਗਣੋਂ ਹਟ ਗਏ! ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਆਮ ਹੀ ਪੈਂਦਾ, ਜੇ ਨਾ ਵੀ ਪੈਂਦਾ, ਤਾਂ ਬੱਕਰੀਆਂ ਤੇ ਬੱਕਰੀਆਂ ਨੂੰ ਕਿੱਕਰਾਂ ਦੇ ਤੁੱਕੇ ਚਾਰੇ ਜਾਂਦੇ। ਚੇਤਾ ਹੈ, ਇੱਕ ਵਾਰ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਲੱਗਿਆ ਸੀ ਸਾਡੇ ਪਿੰਡ ਤੇ ਰਣਜੀਤ ਕੌਰ ਗਾਉਂਦੀ ਹੋਈ ਸਦੀਕ ਨੂੰ ਕਹਿੰਦੀ ਹੈ, "ਵੇ ਬਾਬਾ, ਤੁੱਕੇ ਹੋਰ ਲਿਆਵਾਂ, ਰੋਟੀ ਖਾ ਰਿਹਾ ਏਂ ਬਾਬਾ, ਵੇ ਬਾਬਾ ਤੁੱਕੇ ਹੋਰ ਲਿਆਵਾਂ...?" ਸਦੀਕ ਅੱਗੋਂ ਕਹਿੰਦਾ ਹੈ, "ਸਹੁਰੀ ਦੀਏ ਬਾਬਾ ਕਿਹੜਾ ਬੋਕ ਐ।" ਲੋਕ ਹੱਸੇ।
ninder_ghugianvi@yahoo.com