ਪਰਮੁੱਖ ਪੰਜਾਬੀ ਕਵੀ ਗੁਰਚਰਨ ਰਾਮਪੁਰੀ ਕੈਨੇਡਾ ਚ ਸਦੀਵੀ ਅਲਵਿਦਾ ਕਹਿ ਗਏ।
ਗੁਰਭਜਨ ਗਿੱਲ
ਬਹੁਤ ਹੀ ਦੁਖੀ ਹਿਰਦੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਹਾਂ ਕਿ ਕੈਨੇਡਾ ਚ ਸਾਹਿੱਤਕ ਲਹਿਰ ਸਥਾਪਤ ਕਰਨ ਵਾਲੇ ਨਾਮਵਰ ਸ਼ਾਇਰ ਸ੍ਰੀ ਗੁਰਚਰਨ ਰਾਮਪੁਰੀ ਜੀ (ਕੈਨੇਡਾ)ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਦੇ ਜੰਮਪਲ ਤੇ ਲਿਖੀਰੀਵਸਭਾ ਰਾਮਪੁਰ ਦੇ ਬਾਨੀਆਂ ਚੋਂ ਪਰਮੁੱਖ ਗੁਰਚਰਨ ਰਾਮਪੁਰੀ ਲੰਮੇ ਸਮੇਂ ਤੋਂ ਬੀਮਾਰ ਸਨ ਪਰ ਉਤਂਸ਼ਾਹ ਪੱਖੋਂ ਕਮਾਲ ਸਨ।
ਕੌਲ ਕਰਾਰ, ਕਣਕਾਂ ਦੀ ਖ਼ੁਸ਼ਬੋ, ਅੰਨ੍ਹੀ ਗਲੀ ਤੇ ਦੋਹਾਵਲੀ ਉਨ੍ਹਾਂ ਦੀਆਂ ਪਰਮੁੱਖ ਕਾਵਿ ਰਚਨਾਵਾਂ ਸਨ।
ਇਕਬਾਲ ਮਾਹਲ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ 1987 ਚ
ਇਸ਼ਕ ਠੋਕਰ ਤੇ ਮੁਸਕਰਾਉਂਦਾ ਹੈ
ਨਾਮੀ ਕੈਸਿਟ ਅੰਦਰ ਸੁਰਿੰਦਰ ਕੌਰ, ਡੌਲੀ ਗੁਲੇਰੀਆ ਤੇ ਜਗਜੀਤ ਸਿੰਘ ਜ਼ੀਰਵੀ ਦੀ ਆਵਾਜ਼ ਚ ਰੀਕਾਰਡ ਕੀਤਾ।
ਆਪਣੀ ਆਖਰੀ ਭਾਰਤ ਫੇਰੀ ਦੌਰਾਨ ਉਨ੍ਹਾਂ ਨੇ ਆਪਣੀ ਆਵਾਜ਼ ਚ ਵੀ ਕੁਝ ਨਜ਼ਮਾਂ
ਨਦੀ ਨਾਦ
ਹੇਠ ਰੀਕਾਰਡ ਕੀਤੀਆਂ। ਦੋਹਾਵਲੀ ਦਾ ਪ੍ਰਕਾਸ਼ਨ ਵੀ ਉਦੋਂ ਹੀ ਕੀਤਾ ਜਿਸਨੂੰ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਾਂ ਵਿੱਚ ਲੋਕ ਅਰਪਨ ਕਰਨ ਦਾ ਸੁਭਾਗ ਪੀ ਏ ਯੂ ਸਾਹਿੱਤ ਸਭਾ ਨੂੰ ਮਿਲਿਆ। ਉਸ ਫੇਰੀ ਦੌਰਾਨ ਉਹ ਦਸ ਬਾਰਾਂ ਵਾਰ ਪੰਜਾਬ ਖੇਤੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਚ ਸਾਨੂੰ ਆਸ਼ੀਰਵਾਦ ਦੇਣ ਪੁੱਜੇ। ਇੰਦਰਜੀਤ ਹਸਨਪੁਰੀ,ਪੁਰਦਮਨ ਸਿੰਘ ਬੇਦੀ, ਡਾ: ਗੁਲਜ਼ਾਰ ਪੰਧੇਰ, ਡਾ: ਨਿਰਮਲ ਜੌੜਾ ਸਮੇਤ ਮੇਰੇ ਨਾਲ ਉਨ੍ਹਾਂ ਕਈ ਦੁਪਹਿਰਾਂ ਗੁਜ਼ਾਰੀਆਂ।
ਪਿਛਲੇ ਸਾਲ ਅਕਤੂਬਰ ਚ ਪੰਜਾਬ ਭਵਨ ਸੱਰੀ ਕੈਨੇਡਾ ਵੱਲੋਂ ਕਰਵਾਏ ਸਾਹਿਤ ਸੰਮੇਲਨ ਵਿੱਚ Life time Achievements ਨਾਲ ਡਾ: ਸੁਰਜੀਤ ਪਾਤਰ, ਡਾ: ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ, ਸੁੱਖੀ ਬਾਠ,ਡਾ: ਰਘੁਬੀਰ ਸਿੰਘ ਸਿਰਜਣਾ, ਡਾ: ਸਾਧੂ ਸਿੰਘ ਤੇ ਗੁਰਭਜਨ ਗਿੱਲ ਹੱਥੋਂ ਸਨਮਾਨਿਤ ਕਰਵਾਇਆ ਗਿਆ।
ਵਿਸ਼ਵ ਅਮਨ ਲਹਿਰ ਦੇ ਪਰਮੁੱਖ ਪੰਜਾਬੀ ਕਵੀਆਂ ਪਿਆਰਾ ਸਿੰਘ ਸਹਿਰਾਈ,ਜਰਨੈਲ ਸਿੰਘ ਅਰਸ਼ੀ, ਸੰਤੋਖ ਸਿੰਘ ਧੀਰ, ਅਜਾਇਬ ਚਿਤਰਕਾਰ, ਸੁਰਜੀਤ ਰਾਮਪੁਰੀ, ਇੰਦਰਜੀਤ ਹਸਨਪੁਰੀ ਸੱਜਣ ਗਰੇਵਾਲ ਵਰਗੇ ਮਾਣਕ ਮੋਤੀਆਂ ਦੀ ਮਾਲਾ ਚੋਂ ਆਖਰੀ ਮਣਕਾ ਵੀ ਕਿਰ ਗਿਆ। ਜਰਨੈਲ ਸਿੰਘ ਸੇਖਾ ਜੀ ਵੱਲੋਂ ਅੱਜ ਸਵੇਰ ਸਾਰ ਇਹ ਖ਼ਬਰ ਮਿਲੀ ਤਾਂ ਗੁਰਚਰਨ ਰਾਮਪੁਰੀ ਦੇ ਬੋਲ ਜ਼ਬਾਨ ਤੇ ਤਾਰੀ ਹੋ ਗਏ।
ਸੀ ਪਾਲ਼ੀ ਧੀਆਂ ਵਾਂਗ ਵੇ
ਅੱਜ ਗਈ ਪਰਾਈ ਹੋ।
ਵੇ ਮਾਹੀਆ! ਕਣਕਾਂ ਦੀ ਖੁਸ਼ਬੋ।
ਵੱਡੇ ਵੀਰ, ਵੱਡੇ ਸ਼ਾਇਰ ਦੇ ਸਦੀਵੀ ਵਿਛੋੜੇ ਤੇ ਮਨ ਦਾ ਬਗੀਚਾ ਬੇਹੱਦ ਉਦਾਸ ਹੋਇਆ ਹੈ।
ਗੁਰਭਜਨ ਗਿੱਲ
9.10.2018