ਜੇ ਆਉਣਾ ਹੋਇਆ ਏਧਰ ਨੂੰ
ਤਾਂ ਮੇਰੇ ਘਰ ਵੱਲ ਦੀ ਨਾ ਆਵੀਂ
ਬਾਹਰ ਤਾਰਾਂ ਡਾਲੀਆਂ 'ਤੇ
ਹਰਫ਼ ਸੁੱਕਣੇ ਪਾਏ ਹਨ ਹੁਣੇ-
ਭਿੱਜ ਗਏ ਸਨ
ਕੁਝ ਅੱਥਰੂਆਂ ਨਾਲ
ਤੇ ਕੁਝ ਰਾਜੇ ਦੇ ਚਗਲੇ ਕੁਫ਼ਰ ਸੰਗ-
ਅੱਜ ਨਹੀਂ ਤਾਂ ਫਿਰ ਕਦੇ ਆ ਜਾਵੀਂ
ਹਰਫ਼ ਕਿਹੜਾ ਨਿੱਤ
ਬਾਹਰ ਨਿਕਲਦੇ
ਅੱਖਰ ਕਿਹੜਾ ਰੋਜ਼ ਪਾਉਣ ਸ਼ਹਾਦਤ-
ਬੱਚਿਆਂ ਨੂੰ ਕਹੋ
ਘਰ ਜਲਦੀ ਵਾਪਿਸ ਆਇਆ ਕਰਨ-
ਸੁਰੱਖਿਆ ਵਧਾ ਦਿਤੀ ਹੈ-
ਜੇ ਜਾਣਾ ਹੈ ਤਾਂ
ਆਖਰੀ ਸਲਾਮ ਕਹਿ ਕੇ ਜਾਣਾ-
ਟਰੈਫ਼ਿਕ 'ਤੇ ਸਖ਼ਤ ਨਿਯਮ ਗੱਡੇ ਹਨ-
ਘਰਾਂ ਤੋਂ ਜਾਣ ਵਾਲੇ
ਅਰਦਾਸਾਂ ਕਰਦੇ ਜਾਣ
ਵਾਪਿਸ ਆ ਕੇ ਜਦ ਦਰ ਦੇਖਣ
ਲੰਬੀ ਉਮਰ ਦਾ ਸ਼ੁਕਰ ਮਨਾਣ
ਫ਼ੋਟੋ ਅੱਗੇ ਖੜ੍ਹ 2
ਕੱਲ ਲਈ ਫਿਰ ਕਰਨ ਅਰਜ਼ੋਈਆਂ
ਕਿੰਨੇ ਸੁਰੱਖਿਅਤ ਪ੍ਰਬੰਧ ਨੇ
ਸੜਕ ਤੇ ਬੱਚੀ ਦੀ ਲਾਸ਼ ਪਈ ਹੈ
ਨੇੜੇ ਜਾਣ ਨੂੰ ਨਹੀਂ ਤਿਆਰ- ਕੋਈ
ਕਾਨੂੰਨ ਸੁਰੱਖਿਆ ਏਨੀ-
ਜਿਹਨੂੰ ਮਰਜ਼ੀ ਜਿੱਥੇ ਵੀ
ਮੁੱਕਤੀ ਦੇ ਸਕਦੇ ਹਾਂ-
ਫ਼ੁਰਮਾਣ ਨਾ ਸਮਝੋ-
ਕੁਝ ਆਪ ਵੀ ਸੋਚੋ-!!
ਤਵੀਆਂ ਤੇ ਬੈਠੋ
ਛਵੀਲਾਂ ਤੇ ਨਾ ਖੜ੍ਹੋ-
ਸਮਾਂ ਬਰਬਾਦ ਹੁੰਦਾ ਹੈ-
ਅਮਨ ਸ਼ਾਂਤੀ
ਸਾਡਾ ਧਰਮ ਕਰਮ ਹੈ-
ਹਿੱਕ ਚ ਗੋਲੀਆਂ ਆਪਣੇ ਹਿੱਸੇ ਦੀਆਂ
ਬਾਅਦ 'ਚ ਗਿਣਦੇ ਰਹਿਣਾਂ-
ਪੀਤਾ ਹੋਵੇਗਾ ਅੰਮ੍ਰਿਤ-
ਸਾਡੇ ਦਰ ਆਵੀਂ
ਗੋਲੀ ਖ਼ੋਰਾਂਗੇ ਸਾਹਾਂ ਚ-
ਤੇਰੀ ਵੱਡੀ ਆਉਧ ਲਈ-
ਹੁਣ 'ਨੰਦਪੁਰ ਕਿਹੜਾ ਜਾਂਦਾ ਹੈ ਖੈਰਾਂ ਮੰਗਣ
ਅਸੀਂ ਬੈਠੇ ਹਾਂ-
ਲਓ ਛਕੋ ਪਿਆਲੇ ਜ਼ਹਿਰ ਦੇ
ਇਹ ਹੈ-ਸਨਮਾਨ ਤੁਹਾਡੇ ਸੱਚ ਲਈ
ਮਿਲਣਾ ਹੈ ਤਾਂ
ਚੰਦੀਗੜ੍ਹ ਆਵੀਂ
ਐਂਵੇਂ ਨਾ 'ਨੰਦਪੁਰ ਸਮਾਂ ਗੁਆਈਂ-
ਚਿੱਟੀਆਂ ਕਾਰਾਂ ਦੇ ਕਾਫ਼ਲੇ
ਦੇਖ 2 ਪਛਾਣਿਆ ਕਰ
ਜਾਂ ਨਜ਼ਰ ਉੱਚੀ ਕਰ 2 ਤੱਕਿਆ ਕਰ
ਹੈਲੀਕਾਪਟਰ ਉੱਡਦੇ- ਆਉਂਦੇ
ਖੇਤਾਂ ਫ਼ਸਲਾਂ ਦੀਆਂ ਤਕਦੀਰਾਂ ਲਿਖਦੇ-
ਸੜਕਾਂ ਤੇ ਨਹੀਂ ਸਮਾਂ ਗੁਆਈ ਦਾ -
ਓਹਨਾਂ ਤੇ ਤਾਂ ਲੋਕਾਂ ਦੀ ਕਿਸਮਤ ਲਿਖੀਦੀ-
ਵੋਟਾਂ ਕੱਠੀਆਂ ਕਰ ਸਾਡੇ ਡੱਬੇ ਲਈ
ਚਿਖਾਵਾਂ ਦੇ ਧੂੰਏਂ ਵੱਲ ਨਾ ਦੇਖ
ਲਾਸ਼ਾਂ ਸਰਾ੍ਣੇ ਵਕਤ ਨਾ ਗੁਆ
ਕੁੱਦਰਤ ਹੈ ਇਹ-ਰਾਤ ਲਿਖੀ ਸੀ
ਭਾਣਾ ਸੀ ਕੱਲ ਵਰਤ ਗਿਆ-
ਥੋੜੇ ਬਹੁਤੇ ਹੰਝੂ ਸਾਂਭ ਕੇ ਰੱਖ
ਹੋਰ ਜ਼ਨਾਜੇ ਨਾਲ ਵੀ ਤੁਰਨਾ ਹੈ-
ਬੰਦ 2 ਭੇਟ ਨਹੀਂ ਅਸੀਂ ਮੰਗਦੇ ਅੱਜਕਲ
ਚਰਖੜ੍ਹੀਆਂ ਤੇ ਨਹੀਂ ਦਿੰਦੇ ਝੂਟੇ-
ਖੋਪਰੀਆਂ ਵੀ ਅਸੀਂ ਕੀ ਕਰਨੀਆਂ-
ਨਹਿਰਾਂ ਵਗਣ ਪੁਲ ਖੇਤ ਬਥੇਰੇ-
ਆ ਤੇਰੀ ਵੀ ਕੰਬਦੀ ਹਿੱਕ ਮਿਣੀਏ
ਦਿੱਲ ਖ਼ੋਲ ਮੇਚਦੇ ਤਗਮੇਂ ਗਿਣੀਏ-
ਰਹਿੰਦੀਆਂ ਹੋਰ ਚਿਖਾਵਾਂ ਚਿਣੀਏ
ਰਹਿਮਤ ਬਖ਼ਸ਼ੀਂ ਨੀ ਕਿਣਮਿਣੀਏ