ਹਰਦਮ ਮਾਨ
ਸਰੀ, 15 ਨਵੰਬਰ 2019 - ਕੈਨੇਡਾ ਵਸਦੇ ਪੰਜਾਬੀ ਕਵੀ ਪਾਲ ਢਿੱਲੋਂ ਦੇ ਨਵੇਂ ਗ਼ਜ਼ਲ ਸੰਗ੍ਰਹਿ “ਮੰਜ਼ਿਲ ਦਾ ਤਰਜੁਮਾ” ਰਿਲੀਜ਼ ਕਰਨ ਲਈ ਪੰਜਾਬ ਭਵਨ ਸਰੀ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਬੀ. ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਵੱਲੋਂ ਕਰਵਾਏ ਇਸ ਸਮਾਰੋਹ ਦੀ ਪ੍ਰਧਾਨਗੀ ਸ਼ਾਇਰ ਪਾਲ ਢਿੱਲੋਂ, ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ, ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ, ਸ਼ਾਇਰ ਮੰਗਾ ਬਾਸੀ, ਮੋਹਨ ਗਿੱਲ ਅਤੇ ਗੁਰਦੇਵ ਚੌਹਾਨ ਨੇ ਕੀਤੀ।
ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਨੇ ਇਸ ਪੁਸਤਕ ਉਪਰ ਆਪਣਾ ਪਰਚਾ ਪੜ੍ਹਿਆ। ਸ੍ਰੀਮਤੀ ਬਰਾੜ ਨੇ ਕਿਹਾ ਕਿ ਪਾਲ ਢਿੱਲੋਂ ਦੀ ਸ਼ਾਇਰੀ ਸਮਾਜ ਵਿਚਲੇ ਹਰੇਕ ਧਾਰਮਿਕ, ਰਾਜਨੀਤਕ, ਆਰਥਿਕ ਵਰਤਾਰੇ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ ਅਤੇ ਲੋਕਾਈ ਦੀ ਗੱਲ ਕਰਦੀ ਹੈ। ਉਸ ਦੇ ਦਿਲ ਵਿਚ ਆਪਣੀ ਜਨਮ ਭੋਇੰ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੈ ਅਤੇ ਉਸ ਦੀਆਂ ਗ਼ਜ਼ਲਾਂ ਵਿਚ ਪੰਜਾਬੀ ਪ੍ਰਤੀ ਸਿਨੇਹ ਡੁੱਲ੍ਹ ਡੁੱਲ੍ਹ ਪੈਂਦਾ ਹੈ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਪਾਲ ਢਿੱਲੋਂ ਪ੍ਰੋਢ ਪੰਜਾਬੀ ਸ਼ਾਇਰ ਹੈ ਅਤੇ ਇਹ ਉਸ ਦਾ ਛੇਵਾਂ ਗ਼ਜ਼ਲ ਸੰਗ੍ਰਹਿ ਹੈ। ਗੁਰਦੇਵ ਚੌਹਾਨ, ਸੁੱਖੀ ਬਾਠ ਅਤੇ ਮੰਗਾ ਬਾਸੀ ਨੇ ਪਾਲ ਢਿੱਲੋਂ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਉਸਤਾਦ ਸ਼ਾਇਰ ਨਦੀਮ ਪਰਮਾਰ ਦਾ ਗ਼ਜ਼ਲ ਸੰਗ੍ਰਹਿ ਅਤੇ ਤਰਸੇਮ ਰਾਣਾ ਦੀ ਕਾਵਿ ਪੁਸਤਕ ਵੀ ਰਿਲੀਜ਼ ਕੀਤੇ ਗਏ। ਇਨ੍ਹਾਂ ਪੁਸਤਕਾਂ ਉਪਰ ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਅਤੇ ਕਵਿੰਦਰ ਚਾਂਦ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਸਾਧੂ ਸਿੰਘ, ਡਾ. ਸਾਧੂ ਬਿਨਿੰਗ, ਡਾ. ਰਘਬੀਰ ਸਿੰਘ ਸਿਰਜਣਾ, ਹਰਜੀਤ ਦੌਧਰੀਆ, ਨਾਵਲਕਾਰ ਜਰਨੈਲ ਸਿੰਘ ਸੇਖਾ, ਇੰਦਰਜੀਤ ਕੌਰ ਸਿੱਧੂ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਡਾ. ਪ੍ਰਿਥੀਪਾਲ ਸੋਹੀ, ਹਰਚੰਦ ਸਿੰਘ ਬਾਗੜੀ, ਦਰਸ਼ਨ ਸੰਘਾ, ਸੁਖਵਿੰਦਰ ਚੋਹਲਾ, ਅਮਰੀਕ ਡੋਗਰਾ, ਹਰਦਮ ਮਾਨ, ਅੰਗਰੇਜ਼ ਸਿੰਘ ਬਰਾੜ, ਜਸਬੀਰ ਮਾਨ, ਮਨਜੀਤ ਕੌਰ ਗਿੱਲ, ਅਮਰੀਕ ਪਲਾਹੀ, ਬਿੰਦੂ ਮਠਾੜੂ, ਸੁਖਵੰਤ ਹੁੰਦਲ, ਖੁਸ਼ਹਾਲ ਗਲੋਟੀ, ਪਰਮਿੰਦਰ ਸਵੈਚ, ਹਰਦੇਵ ਸਿੰਘ ਸ਼ਾਮਲ ਹੋਏ।