ਸਰੀ, ਕੈਨੇਡਾ, 22 ਅਪ੍ਰੈਲ 2019 - ਹਰ ਮਹੀਨੇ ਦੇ ਤੀਸਰੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬਰੇਰੀਡੈਲਟਾ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਕੀਤੀ ਹੋਈ ਹੈ। ਇਸ ਸ਼ਾਮ ਦੇ ਪ੍ਰੋਗਰਾਮ ਵਿਚ ਦੋ ਸਾਹਿਤਕ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਹੈ। ਇਸ ਵਾਰ ਬਾਲ ਗੀਤ ਕਾਰ ਬਹਾਦਰ ਡਾਲਵੀ ਤੇ ਅਦਾਕਾਰ ਬੀ ਕੇ ਸਿੰਘ ਰੱਖੜਾ ਸਰੋਤਿਆਂ ਦੇ ਰੂਬਰੂ ਹੋਏ।
ਸਭ ਤੋਂ ਪਹਿਲਾਂ ਇਸ ਸ਼ਾਮ ਦੇ ਸੰਚਾਲਕ ਮੋਹਨ ਗਿੱਲ ਨੇ ਸਮੂਹ ਸਾਹਿਤਕ ਸੰਸਥਾਵਾਂ ਤੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦੇ ਕੇ ਸਮਾਗਮ ਵਿਚ ਆਏ ਸਰੋਤਿਆਂ ਨੂੰ 'ਜੀ ਆਇਆਂ' ਕਿਹਾ ਅਤੇ ਅਜੇਹੇ ਠੰਡੇ ਮੌਸਮ ਵਿਚ ਉਹਨਾਂ ਦੇ ਇਸ ਸਾਹਿਤਕ ਪ੍ਰਗਰਾਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ। ਉਸ ਉਪਰੰਤ ਉਹਨਾਂ ਬਹਾਦਰ ਡਾਲਵੀ ਨੂੰ ਸਰੋਇਆਂ ਸਨਮੁਖ ਕੀਤਾ। ਬਹਾਦਰ ਡਾਲਵੀ ਨੇ ਗਲਬਤਾਤ ਸ਼ੁਰੁ ਕਰਦਿਆਂ ਦਸਿਆ ਕਿ ਬਚਪਨ ਵਿਚ ਹੁੰਦੀ ਬਾਲ ਸਭਾ ਤੋਂ ਉਹਨਾਂ ਨੂੰ ਤੁਕਬੰਦੀ ਦਾ ਸ਼ੌਕ ਪਿਆ ਤੇ ਫਿਰ ਪ੍ਰੋੜ ਲਿਖਾਰੀਆਂ ਨਾਲ ਮੇਲ ਜੋਲ ਰਾਹੀਂ ਉਹ ਗੀਤਕਾਰੀ ਦੇ ਖੇਤ੪ਰ ਵਿਚ ਆਏ। ਉਹਨਾਂ ਦਸਿਆ ਕਿ ਅਨੇਕਾਂ ਗੀਤ ਰੀਕਾਰਡ ਵੀ ਹੋ ਚੁਕੇ ਹਨ । ਉਹਨਾਂ ਕਾਫੀ ਵਿਸਥਾਰ ਨਾਲ ਅਪਣੇ ਲਿਖਣ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ।
ਦੂਜੇ ਸੰਚਾਲਕ ਸ. ਜਰਨੈਲ ਸਿੰਘ ਆਰਟਿਸਟ ਨੇ ਬੀ ਕੇ ਸਿੰਘ ਰੱਖੜਾ ਨੂੰ ਪੇਸ਼ ਕਰਦਿਆਂ ਦਸਿਆ ਕਿ ਇਹ ਵੀ ਸਾਡੇ ਮੋਗੇ ਤੋਂ ਹਨ । ਰੱਖੜਾ ਹੋਰਾਂ ਦਸਿਆ ਕਿ ਉਹ ਇਥੇ ਆਏ ਉਦੋਂ ਥੋੜੇ ਹੀ ਅਪਣੇ ਲੋਕ ਹੁੰਦੇ ਸਨ। ਉਹਨਾਂ ਨਸਲਵਾਦ ਦਾ ਸਾਹਮਣਾ ਕੀਤਾ ਤੇ ਫਿਰ ਯੋਗਰਾਜ ਸੇਢਾ ਦੇ ਸੰਪਰਕ ਵਿਚ ਆਏ ਤਾਂ ਥੀਏਟਰ ਵਲ ਆਏ। ਫਿਰ ਗੁਰਸ਼ਰਨ ਸਿੰਘ ਜਦੋਂ ਕੈਨੇਡਾ ਆਏ ਤਾਂ ਉਹਨਾਂ ਦੇ ਨਾਟਕਾਂ ਵਿਚ ਕੰਮ ਕੀਤਾ। ਫਿਰ ਮੁੱਖ ਧਾਰਾ ਦੇ ਕਲਾਕਾਰਾਂ ਦੇ ਸੰਪਰਕ ਵਿਚ ਆਉਣ ਨਾਲ ਇਸ ਖੇਤਰ ਦੀਆਂ ਹੋਰ ਬਾਰੀਕੀਆਂ ਦਾ ਪਤਾ ਲਗਾ ਤੇ ਬਾਕਾਇਦਾ ਜਿਹਨਾਂ ਕਾਰਜਾਂ ਦੀ ਜ਼ਰੂਰਤ ਸੀ ਉਹਨਾਂ ਦੀ ਸਿਖਲਾਈ ਵੀ ਲਈ।ਉਹਨਾਂ ਦਸਿਆ ਕਿ ਇਹ ਬਹੁਤ ਮਿਹਨਤ ਤੇ ਲਗਨ ਦਾ ਕੰਮ ਹੈ।ਅਨੇਕਾਂ ਅੰਗਰੇਜ਼ੀ,ਪੰਜਾਬੀ , ਹਿੰਦੀ ਨਾਟਕਾਂ ਤੇ ਫਿਲਮਾਂ ਵਿਚ ਅਪਣੇ ਅਨੁਭਵ ਸਾਂਝੇ ਕੀਤੇ।ਅਖੀਰ ਵਿਚ ਉਹਨਾਂ ਅਪਣ ਚੋਣਵੇਂ ਕੁਝ ਫਿਲਮੀ ਤੇ ਥੀਏਟਰ ਦੇ ਸੀਨ ਤੇ ਡਾਇਲਾਗ ਵੀ ਸਰੋਤਿਆਂ ਨੂੰ ਸੁਣਾ ਕੇ ਭਰਪੂਰ ਵਾਹ ਵਾਹ ਹਾਸਲ ਕੀਤੀ। ਕਵਿਤਾ ਤੇ ਅਦਾਕਾਰੀ ਦੀ ਇਹ ਇਕ ਯਾਦਗਾਰੀ ਸ਼ਾਮ ਹੋ ਨਿਬੜੀ। ਇਸ ਸਮੇ ਨਾਵਲਕਾਰ ਜਰਨੈਲ ਸਿੰਘ ਸੇਖਾ,ਪ੍ਰਿਥੀਪਾਲ ਸਿੰਘ ਸੋਹੀ ਤੇ ਹਰਿੰਦਰ ਕੌਰ ਸੋਹੀ, ਬਲਵੀਰ ਢਿਲੋਂ, ਅੰਗਰੇਜ ਬਰਾੜ , ਹਰਦਮ ਸਿੰਘ ਮਾਨ , ਖੁਸ਼ਹਾਲ ਘਲੋਟੀ ਤੇ ਗੁਰਦੀਪ ਭੁੱਲਰ ਹਾਜ਼ਰ ਸਨ।