- ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਭਾਗ ਲਿਆ
ਲੁਧਿਆਣਾ: 13 ਮਾਰਚ 2021 - ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਵੱਲੋਂ ਚੌਥਾ ਹਰਭਜਨ ਹਲਵਾਰਵੀ ਪੁਰਸਕਾਰ ਤੇ ਕਵੀ ਦਰਬਾਰ ਸਮਾਗਮ ਅੱਜ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ (ਲੁਧਿਆਣਾ) ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕੀਤੀ।
ਇਹ ਟਰਸਟ ਆਸਟਰੇਲੀਆ ਵੱਸਦੇ ਸਭਿਆਚਾਰਕ ਕਾਮੇ ਸ: ਦਲਬੀਰ ਸਿੰਘ ਹਲਵਾਰਵੀ ਪਰਿਵਾਰ ਵੱਲੋਂ ਸਥਾਪਿਤ ਇਸ ਟਰਸਟ ਵੱਲੋਂ ਇਹ ਸਮਾਗਮ ਕਿਰਤੀ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ।
ਟਰਸਟ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਮੁੱਖ ਮਹਿਮਾਨ , ਲੇਖਕਾਂ ਤੇ ਇਲਾਕੇ ਦੇ ਸਿਰਕੱਢ ਵਿਅਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਲਵਾਰਾ ਨੂੰ ਕੌਮੀ ਪੱਧਰ ਤੇ ਸਭਿਆਚਾਰਕ ਕੇਂਦਰ ਵਜੋਂ ਵਿਕਸਤ ਕਰਨ ਵਿੱਚ ਇਹ ਸਮਾਗਮ ਮੂਲ ਆਧਾਰ ਬਣੇਗਾ। ਉਨ੍ਹਾਂ ਕਿਸਾਨੀ ਸੰਕਟ ਬਾਰੇ ਮੁੱਖ ਬੁਲਾਰੇ ਡਾ. ਸੁਖਪਾਲ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਤੇ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਡਾ. ਅਰਵਿੰਦਰ ਕੌਰ ਕਾਕੜਾ ਤੇ ਸ੍ਵ: ਹੰਸਾ ਸਿੰਘ ਬਿਆਸ ਪਰਿਵਾਰ ਦੇ ਜੀਆਂ ਨੂੰ ਵੀ ਇਸ ਪੁਰਸਕਾਰ ਦੀ ਮੁਬਾਰਕ ਦਿੱਤੀ।
ਟਰਸਟ ਦੇ ਸਕੱਤਰ ਡਾ: ਨਿਰਮਲ ਜੌੜਾ ਨੇ ਮੰਚ ਸੰਚਾਲਨ ਕਰਦਿਆਂ ਪਹਿਲਾ ਪੰਜਾਬ ਦਾ ਖੇਤੀ ਸੰਕਟ, ਸੰਘਰਸ਼ ਅੰਤਹੀਣ ਵਿਸ਼ੇ ਤੇ ਬੋਲਣ ਨੂੰ ਕਿਹਾ।
ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਤਿੰਨੇ ਖੇਤੀ ਬਿੱਲ ਦੇਸ਼ ਦੇ ਖੇਤੀ ਅਰਥਚਾਰੇ ਨੂੰ ਤਬਾਹੀ ਦੇ ਕੰਢੇ ਲਿਜਾਣ ਵਾਲੇ ਹਨ ਕਿਉਂ ਕਿ ਖੇਤੀ ਰਾਜਾਂ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੇ ਵਪਾਰ ਤੇ ਵਣਜ ਦੇ ਖਾਤੇ ਵਿੱਚ ਇਸ ਨੂੰ ਸਭ ਕਾਨੂੰਨੀ ਹੱਦਾਂ ਪਾਰ ਕਰਕੇ ਪਾਸ ਕੀਤਾ ਹੈ। ਕਿਸਾਨ ਫ਼ਸਲ ਪੈਦਾ ਕਰਕੇ ਮੰਡੀਕਰਨ ਕਰਦਾ ਹੈ, ਭੋਜਨ ਦਾ ਵਣਜ ਨਹੀਂ ਕਰਦਾ। ਸਰਕਾਰੀ ਤੇ ਨਿਜੀ ਮੰਡੀਆਂ ਦੀ ਸਥਾਪਤੀ ਸਾਨੂੰ ਪ੍ਰਾਈਵੇਟ ਅਜਾਰੇਦਾਰਾਂ ਦੇ ਹਵਾਲੇ ਕਰ ਦੇਵੇਗੀ, ਜਿਸ ਤੇ ਸਰਕਾਰੀ ਤੰਤਰ ਦਾ ਨਾ ਤਾਂ ਕਾਬੂ ਹੋਵੇਗਾ ਤੇ ਨਾ ਹੀ ਮਾਲੀਆ ਮਿਲੇਗਾ। ਕਿਰਤੀਆਂ ਦੀ ਦਿਹਾੜੀ ਮੁੱਕੇਗੀ ਅਤੇ ਨਵੇਂ ਕਾਨੂੰਨ ਦੀ ਸਥਾਪਨਾ ਨਾਲ 5 ਏਕੜ ਤੋਂ ਘੱਟ ਜ਼ਮੀਨ ਵਾਲੇ 80 ਫੀ ਸਦੀ ਕਿਸਾਨ ਖੇਤੀ ਕਿੱਤੇ ਚੋਂ ਬਾਹਰ ਹੋ ਜਾਣਗੇ। ਉਨ੍ਹਾ ਕਿਹਾ ਕਿ ਕਿਸਾਨ ਖ਼ੁਦਕੁਸ਼ੀ ਵਾਲੇ ਟੱਬਰਾਂ ਦੀ ਹਾਲਤ ਅੱਜ ਖੇਤ ਮਜ਼ਦੂਰ ਤੋਂ ਵੀ ਬਦਤਰ ਹੈ। ਅਜਿਹੇ ਪਰਿਵਾਰਾਂ ਚੋਂ ਤਿੰਨ ਫੀ ਸਦੀ ਧੀਆ ਦੇ ਰਿਸ਼ਤੇ ਟੁੱਟ ਰਹੇ ਹਨ।
ਡਾ: ਸੁਖਪਾਲ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਚ ਅੱਜ 700 ਕਰੋੜ ਲੋਕਾਂ ਚੋਂ ਲਗਪਗ 150 ਤੋਂ 250 ਕਰੋੜ ਲੋਕ ਭੁੱਖਣ ਭਾਣੇ ਸੌਂਦੇ ਹਨ ਜਦ ਕਿ ਅਨਾਜ ਉਤਪਾਦਨ 1100 ਕਰੋੜ ਲੋਕਾਂ ਨੂੰ ਰੱਜਵਾਂ ਅਨਾਜ ਦੇ ਸਕਦਾ ਹੈ। ਸਹੀ ਵੰਡ ਪ੍ਰਨਾਲੀ ਨਾ ਹੋਣ ਕਾਰਨ ਸਭ ਲੋਕਾਂ ਤੀਕ ਖ਼ੁਰਾਕ ਦੀ ਸਹੀ ਪਹੁੰਚ ਨਹੀਂ ਹੈ। ਟਰਸਟ ਵੱਲੋਂ ਡਾ. ਸੁਖਪਾਲ ਨੂੰ ਦੋਸ਼ਾਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਹਰਭਜਨ ਹਲਵਾਰਵੀ ਪੁਰਸਕਾਰ ਵਿਜੇਤਾ ਤੇ ਕਿਰਤੀ ਕਿਸਾਨ ਮੋਰਚੇ ਚ ਅੱਗੇ ਵਧ ਕੇ ਯੋਗਦਾਨ ਪਾਉਣ ਵਾਲੀ ਅਗਾਂਹਵਧੂ ਪੰਜਾਬੀ ਲੇਖਕਾ ਤੇ ਸਮਾਲੋਚਕ ਡਾ: ਅਰਵਿੰਦਰ ਕੌਰ ਕਾਕੜਾ ਪ੍ਰੋਫੈਸਰ, ਪਬਲਿਕ ਕਾਲਿਜ ਸਮਾਣਾ (ਪਟਿਆਲਾ) ਬਾਰੇ ਟਰਸਟ ਸਕੱਤਰ ਮਨਜਿੰਦਰ ਧਨੋਆ ਤੇ ਕਿਸਾਨ ਮਜ਼ਦੂਰ ਸੰਘਰਸ਼ ਲਈ ਨਾਟਕ ਖੇਡਦਿਆਂ ਜਾਨ ਕੁਰਬਾਨ ਕਰ ਗਏ ਨਾਟਕਕਾਰ ਤੇ ਰੰਗ ਕਰਮੀ ਸ: ਹੰਸਾ ਸਿੰਘ ਬਿਆਸ (ਅੰਮ੍ਰਿਤਸਰ)ਬਾਰੇ ਟਰਸਟ ਦੇ ਮੀਤ ਪ੍ਰਧਾਨ ਡਾ: ਗੋਪਾਲ ਸਿੰਘ ਬੁੱਟਰ ਨੇ ਸ਼ੋਭਾਪੱਤਰ ਪੜ੍ਹਿਆ। ਪ੍ਰੋ. ਰਵਿੰਦਰ ਭੱਠਲ, ਗੁਰਭਜਨ ਗਿੱਲ, ਡਾ. ਨਿਰਮਲ ਜੌੜਾ, ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ, ਡਾ. ਨਵਤੇਜ ਸਿੰਘ ਹਲਵਾਰਵੀ, ਮਨਜਿੰਦਰ ਧਨੋਆ ਤੇ ਸ. ਗੁਰਮੀਤ ਸਿੰਘ ਦਿੱਲੀ ਨੇ ਸਨਮਾਨ ਦੇਣ ਦੀ ਰਸਮ ਅਦਾ ਕੀਤੀ। ਪੁਰਸਕਾਰ ਵਿੱਚ ਦੋਹਾਂ ਹਸਤੀਆਂ ਨੂੰ 21-21 ਹਜ਼ਾਰ ਰੁਪਏ ਦੀ ਧਨ ਰਾਸ਼ੀ, ਦੋਸ਼ਾਲਾ ਤੇ ਸ਼ਲਾਘਾ ਪੱਤਰ ਭੇਂਟ ਕੀਤਾ ਗਿਆ।
ਡਾ: ਅਰਵਿੰਦਰ ਕੌਰ ਕਾਕੜਾ ਤੇ ਹੰਸਾ ਸਿੰਘ ਪਰਿਵਾਰ ਵੱਲੋਂ ਉਨ੍ਹਾਂ ਦੇ ਸਪੁੱਤਰ ਕਰਾਂਤੀਪਾਲ ਨੇ ਧੰਨਵਾਦ ਦੇ ਸ਼ਬਦ ਕਹੇ।
ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਕਿਰਤੀ ਕਿਸਾਨ ਸੰਘਰਸ਼ ਦੌਰਾਨ ਜਾਨਾਂ ਕੁਰਬਾਨ ਕਰ ਗਏ ਕਿਰਤੀਆਂ ਤੇ ਕਿਸਾਨ ਸ਼ਹੀਦਾਂ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆ।
ਇਸ ਕਵੀ ਦਰਬਾਰ ਵਿੱਚ ਨਾਮਵਰ ਪੰਜਾਬੀ ਕਵੀ ਪ੍ਰੋ: ਰਵਿੰਦਰ ਭੱਠਲ,ਸੇਵਾ ਸਿੰਘ ਭਾਸ਼ੋ, ਭਗਵਾਨ ਢਿੱਲੋਂ,ਪ੍ਰਭਜੋਤ ਸਿੰਘ ਸੋਹੀ,ਸਰਬਜੀਤ ਕੌਰ ਜੱਸ,ਮੁਕੇਸ਼ ਆਲਮ,ਦਲਜਿੰਦਰ ਰਹਿਲ(ਇਟਲੀ) ਤਰਸੇਮ ਨੂਰ, ਰਮਨਦੀਪ ਕੌਰ ਵਿਰਕ , ਰਾਜਦੀਪ ਸਿੰਘ ਤੂਰ,ਅਮਨਦੀਪ ਸਿੰਘ ਟੱਲੇਵਾਲੀਆ ਤੇ ਸੁਖਦੀਪ ਔਜਲਾ ਨੇ ਹਿੱਸਾ ਲਿਆ। ਮਾਸਟਰ ਅਵਤਾਰ ਸਿੰਘ ਬੁਰਜ ਲਿਟਾਂ ਨੇ ਹਲਵਾਰਾ ਪਿੰਡ ਦੀ ਸਥਾਪਨਾ, ਨਾਇਕ ,ਖਲਨਾਇਕ ਕਿਰਦਾਰਾਂ ਤੇ ਸਾਹਿੱਤਕ ਹਸਤੀਆਂ ਦੇ ਹਵਾਲੇ ਨਾਲ ਵਿਸ਼ੇਸ਼ ਜਾਣ ਪਛਾਣ ਕਰਵਾਈ।
ਗੁਰੂ ਰਾਮ ਦਾਸ ਕਾਲਿਜ ਹਲਵਾਰਾ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਤੇ ਹਰਭਜਨ ਹਲਵਾਰਵੀ ਜੀ ਦੇ ਨਿੱਕੇ ਵੀਰ ਤੇ ਇਤਿਹਾਸਕਾਰ ਡਾ: ਨਵਤੇਜ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਭ ਸਹਿਯੋਗੀ ਧਿਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ,ਸਨਮਾਨਿਤ ਸ਼ਖਸੀਅਤਾਂ,ਹਾਜ਼ਰ ਕਵੀਆਂ ਤੋਂ ਇਲਾਵਾ ਹਲਵਾਰਾ ਸਥਿਤ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਸੰਧੂ , ਪ੍ਰਿੰਸੀਪਲ ਨਵਨੀਤ ਕੌਰ ਸੰਧੂ, ਰਾਮ ਗੋਪਾਲ ਰਾਏਕੋਟੀ ਤੇ ਚਰਨਜੀਤ ਸਿੰਘ ਢਿੱਲੋਂ ਨੂੰ ਵੀ ਪ੍ਰੋ: ਗੁਰਭਜਨ ਗਿੱਲ ਤੇ ਤੇਜਪਰਤਾਪ ਸਿੰਘ ਸੰਧੂ ਦੀ ਸਾਂਝੀ ਕੌਫੀ ਟੇਬਲ ਪੁਸਤਕ ਪੱਤੇ ਪੱਤੇ ਲਿਖੀ ਇਬਾਰਤ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸ: ਗੁਰਮੀਤ ਸਿੰਘ ਦਿੱਲੀ ਤੇ ਦਿਲਦਾਰ ਸਿੰਘ ਹਲਵਾਰਾ ਨੇ ਸਮੁੱਚੇ ਸਮਾਗਮ ਦੀ ਪ੍ਰਬੰਧਕੀ ਦੇਖ ਰੇਖ ਕੀਤੀ। ਇਸ ਸਮਾਗਮ ਨੂੰ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਇਸ ਸਾਲ ਸਨਮਾਨ ਲਈ ਚੁਣੇ ਗਏ ਲੇਖਕ ਗੁਰਦੇਵ ਸਿੰਘ ਰੁਪਾਣਾ, ਬਾਲ ਸਾਹਿੱਤ ਲੇਖਕ ਡਾ: ਕਰਨੈਲ ਸਿੰਘ ਸੋਮਲ ਤੇ ਨੌਜਵਾਨ ਕਵੀ ਦੀਪਕ ਧਲੇਵਾਂ ਨੂੰ ਹਾਜ਼ਰ ਲੇਖਕਾ ਵੱਲੋਂ ਮੁਬਾਰਕਬਾਦ ਦਿੱਤੀ ਗਈ।