Canada: ਮੁਹਾਲੀ ਵਾਸੀ ਲੇਖਿਕਾ ਨੇ ਜਿੱਤਿਆ 25,000 ਕੈਨੇਡੀਅਨ ਡਾਲਰ ਦਾ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ ਇਹ ਇਨਾਮ ਜਿੱਤਣ ਵਾਲੀ ਪਹਿਲੀ ਔਰਤ ਬਣੀ
ਦੋ 10 - 10 ਹਜ਼ਾਰ ਡਾਲਰ ਦੇ ਦੋ ਇਨਾਮ ਜਿੱਤਣ ਵਾਲਿਆਂ 'ਚ ਵੀ ਮੋਹਾਲੀ ਦਾ ਲੇਖਕ ਸ਼ਾਮਲ
ਦੀਪਤੀ ਬਬੂਟਾ ਨੇ ਜਿੱਤਿਆ ਦੁਨੀਆ ਦਾ ਸਭ ਤੋਂ ਅਮੀਰ ਪੰਜਾਬੀ ਸਾਹਿਤ ਇਨਾਮ
ਵੈਨਕੂਵਰ, ਬੀ.ਸੀ. ,17 ਨਵੰਬਰ, 2023: ਮੁਹਾਲੀ ਵਾਸੀ ਲੇਖਿਕਾ ਦੀਪਤੀ ਬਬੂਟਾ ਨੇ ਜਿੱਤਿਆ 25,000 ਕੈਨੇਡੀਅਨ ਡਾਲਰ ਦਾ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ. ਇਹ ਇਨਾਮ ਜਿੱਤਣ ਵਾਲੀ ਉਹ ਪਹਿਲੀ ਔਰਤ ਲੇਖਕ ਹੈ .
ਉਸ ਦੇ ਨਾਲ, ਜਮੀਲ ਅਹਿਮਦ ਪਾਲ ਅਤੇ ਬਲੀਜੀਤ ਨੂੰ ਦੋ ਫਾਈਨਲਿਸਟਾਂ ਵਜੋਂ 10 - 10 ਹਜ਼ਾਰ ਡਾਲਰ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਢਾਹਾਂ ਇਨਾਮ ਪੰਜਾਬੀ ਜ਼ੁਬਾਨ ਵਿੱਚ ਗਲਪ ਕਿਤਾਬਾਂ ਲਈ ਸਭ ਤੋਂ ਵੱਡਾ ਗਲੋਬਲ ਸਾਹਿਤਕ ਪੁਰਸਕਾਰ ਹੈ। ਅੱਜ ਤੱਕ, ਇਸ ਕਿਸਮ ਦਾ ਕੋਈ ਹੋਰ ਇਨਾਮ ਕਿਸੇ ਔਰਤ ਲੇਖਕ ਨੂੰ ਇਸ ਦੀ ਜੇਤੂ ਵਜੋਂ ਨਹੀਂ ਦੇਖਿਆ ਗਿਆ ਹੈ।
10ਵਾਂ ਸਾਲਾਨਾ ਢਾਹਾਂ ਪ੍ਰਾਈਜ਼ ਪੰਜਾਬੀ ਸਾਹਿਤ ਸਮਾਰੋਹ ਸਰੀ ਦੇ ਨੌਰਥਵਿਊ ਗੌਲਫ਼ ਐਂਡ ਕੰਟਰੀ ਕਲੱਬ ਵਿਖੇ 16 ਨਵੰਬਰ, 2023 ਨੂੰ ਕੀਤਾ ਗਿਆ। ਇਸ ਸਮਾਗਮ ਦੌਰਾਨ, ਅਵਾਰਡੀਆਂ ਨੂੰ, ਉਨ੍ਹਾਂ ਦੇ ਪੁਰਸਕਾਰਾਂ ਅਤੇ ਕਲਾਕਾਰ ਦੇ ਹੱਥੀਂ ਤਿਆਰ ਕੀਤੀਆਂ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ।
ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ ਅਤੇ ਸਰੀ ਸ਼ਹਿਰ ਦੀ ਮੇਅਰ ਬਰੈਂਡਾ ਲੌਕ ਵੱਲੋਂ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ “ਪੰਜਾਬੀ ਸਾਹਿਤ ਹਫ਼ਤਾ” ਦੇ ਐਲਾਨਾਂ ਦੀ ਪੇਸ਼ਕਾਰੀ ਵੀ ਇਸ ਸਮਾਗਮ ਦਾ ਹਿੱਸਾ ਬਣੀ।
ਬਬੂਟਾ (ਮੁਹਾਲੀ, ਪੰਜਾਬ, ਭਾਰਤ) ਨੂੰ ਉਸ ਦੇ ਕਹਾਣੀ ਸੰਗ੍ਰਹਿ, ‘ਭੁੱਖ ਇਉਂ ਸਾਹ ਲੈਂਦੀ ਹੈ’ ਲਈ ਜੇਤੂ ਇਨਾਮ ਮਿਲਿਆ।
“ਪੰਜਾਬੀ ਕਲਾ ਅਤੇ ਸਾਹਿਤਕ ਖੇਤਰਾਂ ਵਿੱਚ ਔਰਤਾਂ ਨੂੰ ਅਕਸਰ ਘੱਟ ਨੁਮਾਇੰਦਗੀ ਦਿੱਤੀ ਜਾਂਦੀ ਹੈ”, ਢਾਹਾਂ ਪ੍ਰਾਈਜ਼ ਦੇ ਸੰਸਥਾਪਕ ਬਾਰਜ ਢਾਹਾਂ ਦਾ ਕਹਿਣਾ ਹੈ। “ਅਸੀਂ ਇਸ ਦੀ ਸ਼ੁਰੂਆਤ ਇੱਕ ਖੁੱਲ੍ਹੀ ਪ੍ਰਣਾਲੀ ਨਾਲ ਕੀਤੀ ਹੈ ਤਾਂ ਜੋ ਪੰਜਾਬੀ ਬੋਲੀ ਵਿੱਚ ਕਿਸੇ ਵੀ ਪਿਛੋਕੜ ਵਾਲੇ ਲੇਖਕ ਵੱਲੋਂ ਗਲਪ ਦੀਆਂ ਨਵੀਆਂ ਰਚਨਾਵਾਂ ਨੂੰ ਵਿਚਾਰਿਆ ਜਾ ਸਕੇ। ਸਾਨੂੰ ਇਹ ਕਹਿੰਦੇ ਮਾਣ ਮਹਿਸੂਸ ਹੋ ਰਿਹਾ ਹੈ ਕਿ 10 ਸਾਲਾਂ ਬਾਅਦ, ਅਸੀਂ ਆਪਣੀ ਪਹਿਲੀ ਔਰਤ ਜੇਤੂ ਦਾ ਐਲਾਨ ਕਰ ਰਹੇ ਹਾਂ, ਜੋ ਕਿ ਸਿਰਫ ਰਚੇ ਹੋਏ ਸਾਹਿਤ ਦੀ ਗੁਣਵੱਤਾ ਦੇ ਆਧਾਰ ’ਤੇ ਹੈ।
ਬਬੂਟਾ ਨੇ ਕਿਹਾ, “ਸ਼ਬਦ ਮੇਰੀ ਜ਼ਿੰਦਗੀ ਹਨ ਪਰ ਅੱਜ ਮੈਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਸ਼ਬਦ ਨਹੀਂ ਮਿਲ ਰਹੇ। ਫਿਰ ਵੀ ਜੇ ਜਜ਼ਬਿਆਂ ਨੂੰ ਸ਼ਬਦਾਂ ਦਾ ਬਾਣਾ ਪੁਆਉਣਾ ਹੀ ਹੈ ਤਾਂ, ਇੰਝ ਲੱਗ ਰਿਹੈ ਜਿਵੇਂ ਕਿਸੇ ਬਾਂਝ ਔਰਤ ਦੀ ਅਰਸੇ ਬਾਅਦ ਸੰਤਾਨ ਨਾਲ ਝੋਲੀ ਭਰ ਜਾਏ। ਉਹ ਪਰਿਵਾਰ ਵਿੱਚ ਹੀ ਨਹੀਂ ਸਮਾਜ ਵਿੱਚ ਵੀ ਕਬੂਲੀ ਜਾਵੇ। ਢਾਹਾਂ ਇਨਾਮ ਦੀ ਜੇਤੂ ਹੋਣਾ ਮੇਰੀ ਹੋਂਦ ਦੀ ਪਛਾਣ ਹੈ। ਮੈਨੂੰ ਲੱਗ ਰਿਹੈ ਜਿਵੇਂ ਮੰਨਤਾਂ ਮੰਨ ਕੇ ਮੇਰੇ ਪਿਤਾ ਦੀ ਮੁਰਾਦ ’ਚੋਂ ਹੋਇਆ ਮੇਰਾ ਜਨਮ ਸਫਲਾ ਹੋ ਗਿਆ ਹੋਵੇ। ਇਹ ਜਿੱਤ ਮੇਰੀ ਨਹੀਂ ਹਰ ਉਸ ਨਾਰੀ ਦੀ ਹੈ ਜੋ ਆਪਣੇ ਸੁਪਨਿਆਂ ਦੀ ਜੰਗ ਘਰ ਤੋਂ ਲੜਨੀ ਸ਼ੁਰੂ ਕਰਦੀ ਹੈ। ਫਿਰ ਸਮਾਜ ਨਾਲ ਟੱਕਰ ਲੈਂਦਿਆਂ ਆਖਿਰ ਸੁਪਨੇ ਨੂੰ ਸੱਚ ਕਰ ਦਿਖਾਉਂਦੀ ਹੈ। ਮੈਨੂੰ ਹਮੇਸ਼ਾ ਤੋਂ ਲੱਗਦਾ ਸੀ ਮੇਰਾ ਜਨਮ ਕਿਸੇ ਖ਼ਾਸ ਮਕਸਦ ਲਈ ਹੋਇਆ ਹੈ ਤੇ ਹੁਣ ਢਾਹਾਂ ਇਨਾਮ ਇਸ ਮਕਸਦ ਦੀ ਸ਼ਾਹਦੀ ਹੋ ਨਿਬੜਿਆ ਹੈ।”
ਅਹਿਮਦ ਪਾਲ (ਲਹੌਰ, ਪੰਜਾਬ, ਪਾਕਿਸਤਾਨ) ਨੂੰ ਸ਼ਾਹਮੁਖੀ ਲਿਪੀ ਵਿੱਚ ਲਿਖੇ ਆਪਣੇ ਕਹਾਣੀ ਸੰਗ੍ਰਹਿ, ‘ਮੈਂਡਲ ਦਾ ਕਾਨੂੰਨ’ ਲਈ ਫਾਈਨਲਿਸਟ ਦਾ ਇਨਾਮ ਮਿਲਿਆ।
ਅਹਿਮਦ ਪਾਲ ਨੇ ਸਾਂਝਾ ਕੀਤਾ, “ਜੀਵਨ ਦਾ ਸਭ ਨਾਲੋਂ ਖ਼ੁਸ਼ਗਵਾਰ ਦਿਨ ਉਹ ਸੀ ਜਦੋਂ ਜ਼ੁਬੈਰ ਅਹਿਮਦ ਅਤੇ ਫਿਰ ਬਾਰਜ ਢਾਹਾਂ ਨੇ ਫ਼ੋਨ ’ਤੇ ਓਹੀ ਖ਼ਬਰ ਸੁਣਾਈ ਜਿਹਦੀ ਮੈਨੂੰ ਉਡੀਕ ਸੀ। ਮੈਂ ਓਸ ਵੇਲੇ ਅੰਮੀ ਜੀ ਲਈ ਨਾਸ਼ਤਾ ਲੈ ਕੇ ਜਾ ਰਿਹਾ ਸਾਂ ਜਿਨ੍ਹਾਂ ਨੇ ਕਹਾਣੀ, ਮੇਰੇ ਕੰਨੀਂ ਪਾਈ ਸੀ। ਨਾਸ਼ਤਾ ਦੇਣ ਦੀ ਥਾਂ ਮੈਂ ਓਹਨਾਂ ਨੂੰ ਜੱਫੀ ਪਾ ਲਈ ਤਾਂ ਓਹ ਹੈਰਾਨ ਹੋ ਕੇ ਪੁੱਛਣ ਲੱਗੇ, ਕੀ ਹੋਇਆ ਈ? ਢਾਹਾਂ ਇਨਾਮ ਲਿਖਾਰੀਆਂ ਲਈ ਇਕ ਆਦਰ ਵਾਲਾ ਇਨਾਮ ਹੋਵੇਗਾ, ਮੇਰੇ ਲਈ ਤਾਂ ਦੁੱਖ ਤੋਂ ਨਜਾਤ ਦਾ ਇਕ ਵਸੀਲਾ ਵੀ ਬਣ ਗਿਆ। ਪਤਨੀ ਦੀ ਕੁੱਝ ਮਹੀਨੇ ਪਹਿਲਾਂ ਹੋਈ ਮੌਤ ਦੇ ਬਾਅਦ ਇਹ ਖ਼ਬਰ ਮੇਰੇ ਲਈ ਇੰਜ ਸੀ ਜਿਵੇਂ ਕਾਲੀ ਅਨ੍ਹੇਰੀ ਰਾਤ ਦੇ ਅੱਧ ਵਿਚਕਾਰ ਹੀ ਸੂਰਜ ਚੜ੍ਹ ਆਇਆ ਹੋਵੇ। ਪੰਜਾਬੀ ਲਿਖਣਾ ਪਹਿਲਾਂ ਵੀ ਮੇਰੇ ਲਈ ਇਬਾਦਤ ਸੀ, ਹੁਣ ਮਾਣ ਵੀ ਹੈ ਕਿ ਪੰਜਾਬੀ ਵਿੱਚ ਲਿਖੀ ਮੇਰੀ ਕਿਤਾਬ ਨੂੰ ਢਾਹਾਂ ਇਨਾਮ ਨੇ ਸਨਮਾਨਿਆ ਹੈ।”
ਬਲਜੀਤ (ਮੁਹਾਲੀ,ਪੰਜਾਬ, ਭਾਰਤ) ਨੇ ਆਪਣੇ ਕਹਾਣੀ ਸੰਗ੍ਰਹਿ,‘ਉੱਚੀਆਂ ਆਵਾਜ਼ਾਂ’ ਦੇ ਫਾਈਨਲਿਸਟ ਵਜੋਂ ਇਨਾਮ ਹਾਸਲ ਕੀਤਾ।
ਬਲੀਜੀਤ ਨੇ ਕਿਹਾ, “ਚੜ੍ਹਦੇ ਅਤੇ ਲਹਿੰਦੇ ਪੰਜਾਬ ਤੋਂ ਇਲਾਵਾ ਦੁਨੀਆ ਦੇ ਕੋਨੇ ਕੋਨੇ ਵਿੱਚ ਵਸੇ ਕਿਸੇ ਵੀ ਪੰਜਾਬੀ ਲੇਖਕ ਦਾ ਸੁਪਨਾ ਹੁੰਦਾ ਕਿ ਢਾਹਾਂ ਇਨਾਮ ਉਸਦੇ ਦਰਵਾਜ਼ੇ 'ਤੇ ਦਸਤਕ ਦੇਵੇ। ਮੈਨੂੰ ਬਤੌਰ ਲੇਖਕ ਖ਼ੁਸ਼ੀ ਤੇ ਮਾਣ ਏ ਕਿ ਮੇਰੇ ਵਰਗੇ ਜਨ ਸਧਾਰਨ ਬੰਦੇ ਵੱਲੋਂ ਲਿਖੀ ਗਈ ਕਿਤਾਬ ਉੱਚੀਆਂ ਆਵਾਜ਼ਾਂ ਨੂੰ ਫਾਈਨਲਿਸਟ ਇਨਾਮ ਮਿਲਿਆ ਏ। ਪਿਛਲੇ ਦਸਾਂ ਸਾਲਾਂ ਤੋਂ ਇਸ ਇਨਾਮ ਨੇ ਜੁਰਅਤ ਕੀਤੀ ਕਿ ਉਹ ਮਨੁੱਖਤਾ ਦੇ ਅੱਤ ਹਨੇਰੇ ਖੂੰਜਿਆਂ ਤੱਕ ਪਹੁੰਚ ਕਰੇ। ਇਹ ਇਨਾਮ ਪੰਜਾਬੀ ਬੋਲੀ ਅਤੇ ਇਸ ਵਿੱਚ ਰਚੇ ਸਾਹਿਤ ਨੂੰ ਗਲੋਬਲ ਪੱਧਰ ਉੱਤੇ ਲੈ ਕੇ ਜਾ ਰਿਹਾ ਹੈ। ਇਹ ਰੈਡਕਲਿੱਫ ਲਾਈਨ ਦੁਆਰਾ ਵੰਡੇ ਹੋਏ ਪੰਜਾਬ ਨੂੰ ਭਾਸ਼ਾ, ਸਭਿਅਤਾ ਅਤੇ ਬੌਧਿਕ ਪੱਧਰ ਉੱਤੇ ਜੋੜਣ ਲਈ ਪੁਲ ਦਾ ਕੰਮ ਕਰ ਰਿਹਾ ਏ। ਮਾਂ ਬੋਲੀ ਦੀ ਸੇਵਾ ਵਿੱਚ ਜੁਟੇ ਬਾਰਜ ਢਾਹਾਂ ਅਤੇ ਉਨ੍ਹਾਂ ਦੀ ਟੀਮ ਨੇ ਪਿਛਲੇ ਦਸ ਸਾਲਾਂ ਵਿੱਚ ਨਵੇਂ ਇਤਿਹਾਸ ਦੀ ਸਿਰਜਣਾ ਕਰ ਦਿੱਤੀ ਹੈ।”
ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (CIES) ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC) ਦੁਆਰਾ 2013 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ, ਢਾਹਾਂ ਪ੍ਰਾਈਜ਼ ਨੇ ਆਲੋਚਨਾਤਮਕ ਪ੍ਰਸੰਸਾ ਪ੍ਰਾਪਤ ਕੀਤੀ ਹੈ। ਇਸ ਪ੍ਰਾਈਜ਼ ਰਾਹੀਂ ਅਭਿਲਾਸ਼ੀ ਅਤੇ ਸਥਾਪਿਤ ਲੇਖਕਾਂ ਨੂੰ ਮਹੱਤਵਪੂਰਨ ਐਕਸਪੋਜ਼ਰ ਵੀ ਮਿਲਿਆ ਹੈ। ਲੇਖਕਾਂ ਦੀਆਂ ਕਿਤਾਬਾਂ ਨੂੰ ਵਿਆਪਕ ਅਤੇ ਬਹੁ-ਭਾਸ਼ਾਈ ਸਰੋਤਿਆਂ ਤੱਕ ਪਹੁੰਚਾਉਣ ਲਈ ਪੜਾਅ ਵੀ ਨਿਰਧਾਰਤ ਕੀਤਾ ਗਿਆ ਹੈ।
ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (CIES) ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC) ਦੁਆਰਾ 2013 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ, ਢਾਹਾਂ ਪ੍ਰਾਈਜ਼ ਨੇ ਆਲੋਚਨਾਤਮਕ ਪ੍ਰਸੰਸਾ ਪ੍ਰਾਪਤ ਕੀਤੀ ਹੈ। ਇਸ ਪ੍ਰਾਈਜ਼ ਰਾਹੀਂ ਅਭਿਲਾਸ਼ੀ ਅਤੇ ਸਥਾਪਿਤ ਲੇਖਕਾਂ ਨੂੰ ਮਹੱਤਵਪੂਰਨ ਐਕਸਪੋਜ਼ਰ ਵੀ ਮਿਲਿਆ ਹੈ। ਲੇਖਕਾਂ ਦੀਆਂ ਕਿਤਾਬਾਂ ਨੂੰ ਵਿਆਪਕ ਅਤੇ ਬਹੁ-ਭਾਸ਼ਾਈ ਸਰੋਤਿਆਂ ਤੱਕ ਪਹੁੰਚਾਉਣ ਲਈ ਪੜਾਅ ਵੀ ਨਿਰਧਾਰਤ ਕੀਤਾ ਗਿਆ ਹੈ।
ਢਾਹਾਂ ਪ੍ਰਾਈਜ਼ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਪਿਤ ਕੀਤਾ ਗਿਆ ਸੀ, ਜਿੱਥੇ ਪੰਜਾਬੀ ਲੋਕਾਂ, ਭਾਸ਼ਾ ਅਤੇ ਸੱਭਿਆਚਾਰ ਦਾ ਇਕ ਅਮੀਰ ਇਤਿਹਾਸ ਹੈ। ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ੁਬਾਨ ਹੈ, ਅਤੇ ਦੇਸ਼ ਦੇ ਬਹੁ-ਸਭਿਆਚਾਰਕ ਤਾਣੇ-ਬਾਣੇ ਵਿੱਚ ਇਕ ਮਜ਼ਬੂਤ ਧਾਗਾ ਹੈ।
ਇਨਾਮ ਦਾ ਪੇਸ਼ਕਾਰੀ ਸਾਥੀ ਆਰ ਬੀ ਸੀ ਫਾਊਂਡੇਸ਼ਨ ਹੈ। ਬਾਰਜ ਅਤੇ ਰੀਟਾ ਢਾਹਾਂ, ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ, ਪ੍ਰਾਇਮਰੀ ਫੰਡਰ ਹਨ।
2023 ਦੇ ਸਪਾਂਸਰਾਂ ਵਿੱਚ ਆਰ ਬੀ ਸੀ ਡੋਮੀਨੀਅਨ ਸਕਿਓਰਿਟੀਜ਼ - ਹਾਰਜ ਐਂਡ ਦਰਸ਼ਨ ਗਰੇਵਾਲ, ਜੀ.ਐੱਲ. ਸਮਿੱਥ ਪਲੈਨਿੰਗ ਐਂਡ ਡਿਜ਼ਾਈਨ ਇੰਕ., ਵੈਸਟਲੈਂਡ ਇੰਸ਼ੋਰੈਂਸ, ਸੀ ਆਈ ਬੀ ਸੀ, ਏਡਰੀਅਨ ਕੀਨਨ ਪਰਸਨਲ ਰੀਅਲ ਐਸਟੇਟ ਕਾਰਪੋਰੇਸ਼ਨ (ਰੀਮੈਕਸ, ਮੇਅਨ-ਪੈਂਡਰ), ਐੱਸੋ ਅਤੇ ਟਿੱਮ ਹੌਰਟਨਜ਼ ਸ਼ਾਮਲ ਹਨ।