ਰਣਜੀਤ ਸਿੰਘ ਮਾਨ ਦਾ ਪਲੇਠਾ ਨਾਵਲ ’ਅਜੇ ਸਵੇਰਾ ਦੂਰ ਹੈ’ ਕੀਤਾ ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ,23ਫਰਵਰੀ2024: ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਬਠਿੰਡਾ ਵੱਲੋਂ ਇੱਥੋਂ ਦੇ ਪੈਨਸ਼ਨਰ ਭਵਨ ਵਿਖੇ ਪ੍ਰਸਿੱਧ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ ਦੁਆਰਾ ਸੰਪਾਦਿਤ ਮਰਹੂਮ ਰਣਜੀਤ ਸਿੰਘ ਮਾਨ ਦਾ ਨਾਵਲ ’ਅਜੇ ਸਵੇਰਾ ਦੂਰ ਹੈ’ ਲੋਕ-ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ, ਜਨਰਲ ਸਕੱਤਰ ਦਰਸ਼ਨ ਸਿੰਘ ਮੌੜ, ਪ੍ਰਸਿੱਧ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ, ਸੁਰਿੰਦਰਪ੍ਰੀਤ ਘਣੀਆਂ, ਜਸਪਾਲ ਮਾਨਖੇੜਾ, ਨਾਵਲਕਾਰ ਦੀ ਭੈਣ ਸੁਰਜੀਤ ਪਾਲ ਕੌਰ, ਭਣੋਈਆ ਐਡਵੋਕੇਟ ਜਗਦੇਵ ਸਿੰਘ ਤੇ ਭਾਣਜਾ ਲੂਈਸ ਪਾਲ , ਲਛਮਣ ਮਲੂਕਾ, ਕੰਵਰਜੀਤ ਸਿੰਘ ਭੱਠਲ ਅਤੇ ਬਲਬਹਾਦਰ ਸਿੰਘ ਨੇ ਕੀਤੀ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਕਿਹਾ ਕਿ ਇਹ ਨਾਵਲ ਮਹਿਜ ਇੱਕ ਪ੍ਰੇਮ ਕਹਾਣੀ ਹੀ ਨਹੀਂ ਬਲਕਿ ਇਹ 20ਵੀਂ ਸਦੀ ਦੇ ਆਖਰੀ ਦਹਾਕਿਆਂ ਦੀਆਂ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਸੱਭਿਆਚਾਰਕ ਪਰਿਸਥਿਤੀਆਂ ਦੀ ਯਥਾਰਥਿਕ ਤਸਵੀਰ ਪੇਸ਼ ਕਰਦਾ ਹੈ।
ਉਹਨਾਂ ਕਿਹਾ ਕਿ ਕਲਾ ਪੱਖ ਤੋਂ ਵੀ ਇਹ ਨਾਵਲ ਇੰਨਾ ਪਰਪੱਕ ਅਤੇ ਸੁਹਜਮਈ ਹੈ ਕਿ ਲੱਗਦਾ ਹੀ ਨਹੀਂ ਕਿ ਨਾਵਲਕਾਰ ਦਾ ਇਹ ਪਹਿਲਾ ਨਾਵਲ ਹੈ। ਨਾਵਲਕਾਰ ਜਸਵਿੰਦਰ ਜੱਸ ਅਤੇ ਜਗਮੇਲ ਸਿੰਘ ਜਠੌਲ ਨੇ ਕਿਹਾ ਕਿ ਨਾਵਲਕਾਰ ਖੱਬੇ ਪੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਦਿਖਾਈ ਦਿੰਦਾ ਹੈ ਤੇ ਉਸ ਨੂੰ ਪਿੰਡ ਤੋਂ ਲੈ ਕੇ ਸੰਸਾਰ ਪੱਧਰ ਦੇ ਵਰਤਾਰਿਆਂ ਦੀ ਡੂੰਘੀ ਸਮਝ ਹੈ।।ਉਹਨਾਂ ਕਿਹਾ ਕਿ ਨਾਵਲਕਾਰ ਦਾ ਜੇ ਬੇਵਕਤ ਦੇਹਾਂਤ ਨਾ ਹੁੰਦਾ ਤਾਂ ਉਸਨੇ ਹੋਰ ਵੀ ਅਨੇਕਾਂ ਸ਼ਾਹਕਾਰ ਰਚਨਾਵਾਂ ਸਾਹਿਤ ਜਗਤ ਨੂੰ ਪ੍ਰਦਾਨ ਕਰਨੀਆਂ ਸਨ। ਕਹਾਣੀਕਾਰ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਅਤੇ ਲਛਮਣ ਮਲੂਕਾ ਨੇ ਸੰਪਾਦਕ ਅਤੇ ਨਾਵਲਕਾਰ ਦੇ ਪਰਿਵਾਰ ਨੂੰ ਵਧਾਈ ਦਿੱਤੀ। ਸਮਾਗਮ ਦੌਰਾਨ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਅਤੇ ਕਹਾਣੀਕਾਰ ਸੁਖਜੀਤ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਦਰਸ਼ਨ ਸਿੰਘ ਮੌੜ ਨੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਰਹਿਣ ਲਈ ਕਿਹਾ ਹਰਭਜਨ ਸਿੰਘ ਸੇਲਬਰਾਹ ਨੇ ਨਾਵਲ ’ਅਜੇ ਸਵੇਰਾ ਦੂਰ ਹੈ’ ਦੇ ਸੰਪਾਦਨ ਅਤੇ ਪ੍ਰਕਾਸ਼ਨ ਨਾਲ ਸਬੰਧਤ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਜਮਹੂਰੀ ਅਧਿਕਾਰ ਸਭਾ, ਦੇ ਸਕੱਤਰ ਪ੍ਰਿਤਪਾਲ ਸਿੰਘ ਨੇ 27 ਫਰਵਰੀ ਨੂੰ ਜਲੰਧਰ ਕਨਵੈਂਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸਮਾਗਮ ਦੇ ਅਖੀਰ ਵਿੱਚ ਰਣਜੀਤ ਸਿੰਘ ਸਿੱਧੂ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਲੇਖਕ ਕਰਮ ਸਿੰਘ ਫੂਲ ਨੇ ਨਿਭਾਈ। ਇਸ ਮੌਕੇ ਗੁਰਦੇਵ ਸਿੰਘ ਕੋਟਫੱਤਾ, ਪ੍ਰੋ. ਮੁਖਤਿਆਰ ਸਿੰਘ ਬਰਾੜ, ਨਛੱਤਰ ਸਿੰਘ ਧੰਮੂ, ਪਰਬੁੱਧ ਪਾਠਕ ਜਗਨੰਦਨ ਸਿੰਘ ਬਰਾੜ, ਰਣਵੀਰ ਰਾਣਾ, ਟਰੇਡ ਯੂਨੀਅਨ ਆਗੂ ਗਗਨਦੀਪ ਸਿੰਘ ਭੁੱਲਰ, ਪ੍ਰਿੰ.ਜੋਗਿੰਦਰ ਸਿੰਘ ਸੋਹਲ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।