ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਮਿੰਟੂ ਬਰਾੜ ਦਾ ਰੂ ਬ ਰੂ
- ਨਿਸ਼ਚੇ ਤੇ ਸਿਰੜ ਨਾਲ ਹਰ ਚੋਟੀ ਦੀ ਸਿਖ਼ਰ ਤੇ ਪਹੁੰਚਿਆ ਜਾ ਸਕਦਾ ਹੈਃ ਮਿੰਟੂ ਬਰਾੜ
ਲੁਧਿਆਣਾਃ 15 ਜੂਨ 2022 - ਨਿਸ਼ਚੇ ਤੇ ਸਿਰੜ ਨਾਲ ਹਰ ਚੋਟੀ ਦੀ ਸਿਖ਼ਰ ਤੇ ਪਹੁੰਚਿਆ ਜਾ ਸਕਦਾ ਹੈ। ਇਹ ਵਿਚਾਰ ਗੁਜਰਾਂ ਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਪ੍ਰਗਟ ਕਰਦਿਆਂ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਚ ਵੱਸਦੇ ਲੇਖਕ, ਸਫ਼ਲ ਕਿਸਾਨ ਤੇ ਮੀਡੀਆ ਚੈਨਲ ਪੇਂਡੂ ਆਸਟਰੇਲੀਆ ਦੇ ਸੰਚਾਲਕ ਸਃ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨੇ ਕਿਹਾ ਹੈ ਕਿ ਹਰਿਆਣਾ ਦੇ ਪਿੰਡ ਮੰਡੀ ਕਾਲਾਂਵਾਲੀ ਤੋਂ ਪੰਦਰਾਂ ਸਾਲ ਪਹਿਲਾਂ ਉਨ੍ਹਾਂ ਆਸਟਰੇਲੀਆ ਚ ਪਰਵਾਸ ਕੀਤਾ ਸੀ। ਇਹ ਪੰਦਰਾਂ ਸਾਲ ਉਸ ਲਈ ਸਿਰੜ ਤੇ ਨਿਸ਼ਚੇਧਾਰੀ ਸੇਧ ਦੇ ਸਾਲ ਸਨ ਜਿੱਥੇ ਰੱਜਵੀਂ ਕਿਰਤ ਦਾ ਪੂਰਾ ਮੁੱਲ ਮਿਲਿਆ।
ਉਸ ਕਿਹਾ ਕਿ ਮਿਹਨਤ ਭਾਰਤ ਚ ਰਹਿੰਦਿਆਂ ਵੀ ਘੱਟ ਨਹੀਂ ਸੀ ਕੀਤੀ ਪਰ ਇਥੇ ਕਿਰਤ ਦੀ ਬੇਕਦਰੀ ਹੋਣ ਕਾਰਨ ਉਸ ਨੂੰ ਇਹ ਵਤਨ ਛੱਡ ਕੇ ਆਸਟਰੇਲੀਆ ਜਾਣਾ ਪਿਆ। ਉਨ੍ਹਾਂ ਕਿਹਾ ਕਿ ਧਰਤੀ ਦੀ ਉਹੀ ਨੁੱਕਰ ਵਿਕਾਸ ਕਰਦੀ ਹੈ, ਜਿੱਥੇ ਕਿਰਤ ਦਾ ਸਤਿਕਾਰ ਹੋਵੇ ਤੇ ਮਿਹਨਤ ਦਾ ਪੂਰਾ ਮੁੱਲ ਮਿਲੇ। ਭਾਰਤ ਵਿੱਚ ਕਿਰਤ ਰੋਲਣ ਵਾਲਿਆਂ ਨੇ ਹੀ ਸਾਨੂੰ ਬਦੇਸ਼ੀ ਧਰਤੀਆਂ ਵੱਲ ਧੱਕਿਆ ਹੈ।
ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾਃ ਤੇਜਿੰਦਰ ਕੌਰ ਨੇ ਸਃ ਗੁਰਸ਼ਮਿੰਦਰ ਸਿੰਘ ਬਰਾੜ ਲਈ ਸੁਆਗਤੀ ਸ਼ਬਦ ਕਹਿੰਦਿਆਂ ਉਨ੍ਹਾਂ ਦੀ ਸ਼ਬਦ ਸਾਧਨਾ ਬਾਰੇ ਜਾਣਕਾਰੀ ਦਿੱਤੀ।
ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਮੁੱਖ ਸਲਾਹਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨੂੰ ਕਰਮਸ਼ੀਲ ਪੱਤਰਕਾਰ ਤੇ ਲੇਖਕ ਵਜੋਂ ਵਡਿਆਉਂਦਿਆਂ ਕਿਹਾ ਕਿ ਉਨ੍ਹਾਂ ਦੀ ਪੁਸਤਕ ਕੈਂਗਰੂਨਾਮਾ ਦੇ ਹੁਣ ਤੀਕ ਪੰਜ ਸੰਸਕਰਨ ਛਪ ਚੁਕੇ ਹਨ। ਇਹ ਆਪਣੇ ਆਪ ਵਿੱਚ ਵਡਮੁੱਲੀ ਪ੍ਰਾਪਤੀ ਹੈ। ਇਨ੍ਹਾਂ ਦਾ ਯੂ ਟਿਉਬ ਸੈਨਲ ਪੇਂਡੂ ਆਸਟਰੇਲੀਆ ਪੂਰੇ ਗਲੋਬ ਤੇ ਵਿਸ਼ੇਸ਼ ਪਛਾਣ ਸਥਾਪਿਤ ਕਰ ਚੁਕਾ ਹੈ।
ਹਰਮਨ ਰੇਡੀਉ ਤੇ ਪੰਜਾਬੀ ਅਖ਼ਬਾਰ ਰਾਹੀਂ ਵੀ ਉਹ ਆਸਟਰੇਲੀਅਨ ਜਨ ਜੀਵਨ ਬਾਰੇ ਜਾਣਕਾਰੀ ਪੂਰੇ ਵਿਸ਼ਵ ਨਾਲ ਅਕਸਰ ਸਾਂਝੀ ਕਰਦੇ ਆ ਰਹੇ ਹਨ।
ਮਿੰਟੂ ਬਰਾੜ ਦੀ ਜ਼ਿੰਦਗੀ ਤੇ ਸਾਹਿੱਤ ਸਾਧਨਾ ਬਾਰੇ ਸੁਖਪ੍ਰੀਤ ਸਿੰਘ ਆਰਟਿਸਟ, ਪ੍ਰੋਃ ਮਨਜੀਤ ਸਿੰਘ ਛਾਬੜਾ ਡਾਇਰੈਕਟਰ, ਜੀ ਜੀ ਐੱਨ ਆਈ ਐੱਮ ਟੀ ਤੇ ਹਰਿਆਣਾ ਤੋਂ ਆਏ ਸਿਰਕੱਢ ਪੱਤਰਕਾਰ ਭੁਪਿੰਦਰ ਪੰਨੀਵਾਲੀਆ ਨੇ ਵੀ ਵਿਚਾਰ ਪ੍ਰਗਟ ਕੀਤੇ।
ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਨੇ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨੂੰ ਕਾਲਿਜ ਪਧਾਰਨ ਤੇ ਫੁਲਕਾਰੀ ਪਹਿਨਾ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਮਿੰਟੂ ਬਰਾੜ ਦੀ ਵਾਰਤਕ ਪੁਸਤਕ ਕੈਂਗਰੂਨਾਮਾ ਦਾ ਸੱਜਰਾ ਸੰਸਕਰਨ ਵੀ ਇਸ ਮੌਕੇ ਲੋਕ ਅਰਪਨ ਕੀਤਾ।
ਕਾਲਿਜ ਪ੍ਰਿੰਸੀਪਲ ਡਾਃ ਅਰਵਿੰਦਰ ਸਿੰਘ ਭੱਲਾ ਨੇ ਧੰਨਵਾਦ ਦੇ ਸ਼ਬਦ ਕਹੇ।
ਇਸ ਮੌਕੇ ਡਾਃ ਭੁਪਿੰਦਰ ਸਿੰਘ ਮੁਖੀ ਪੋਸਟਗਰੈਜੂਏਟ ਪੰਜਾਬੀ ਵਿਭਾਗ, ਡਾਃ ਗੁਰਪ੍ਰੀਤ ਸਿੰਘ, ਡਾਃ ਸ਼ਰਨਜੀਤ ਕੌਰ, ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਰਾਜਿੰਦਰ ਸਿੰਘ ਸਹਿ ਸੰਪਾਦਕ ਪਰਵਾਸ ਤੇ ਕਈ ਹੋਰ ਪ੍ਰਮੁਖ ਸ਼ਖ਼ਸੀਅਤਾਂ ਹਾਜ਼ਰ ਸਨ।