- ਪੰਜਾਬ ਨੂੰ ਹੋਰ ਨਾਟਕਕਾਰ, ਨਾਟਕ ਲੇਖਕ ਪੈਦਾ ਕਰਨ ਦੀ ਲੋੜ : ਡਾ. ਸੁਰਜੀਤ ਪਾਤਰ
ਚੰਡੀਗੜ੍ਹ, 29 ਫਰਵਰੀ 2020 - ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਅਚਾਰੀਆਕੁਲ ਸੰਸਥਾ ਦੇ ਸਹਿਯੋਗ ਨਾਲ ਗਾਂਧੀ ਭਵਨ ਸੈਕਟਰ 16 ਵਿੱਚ ਇੱਕ ਸਾਹਿਤਕ ਸਮਾਗਮ ਦੌਰਾਨ ਉੱਘੇ ਰੰਗਕਰਮੀ ਤੇ ਲੇਖਕ ਬਲਕਾਰ ਸਿੱਧੂ ਦੀ ਪੁਸਤਕ 'ਸੱਸੀ-ਪੁੰਨੂੰ' ਨੂੰ ਲੋਕ ਅਰਪਣ ਕੀਤਾ ਗਿਆ। ਸੱਚੇ ਇਸ਼ਕ ਨੂੰ ਬਿਆਨ ਕਰਦੀ ਸੱਸੀ-ਪੂੰਨੂੰ ਦੀ ਦਾਸਤਾਂ ਸੁਣਾਉਂਦੀ ਉਕਤ ਨਾਟਕ ਦੇ ਰੂਪ ਵਿਚ ਬਲਕਾਰ ਸਿੱਧੂ ਦੀ ਇਸ ਕਿਤਾਬ ਨੂੰ ਪਦਮਸ੍ਰੀ ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਜੌਹਲ, ਕੇ. ਕੇ. ਸ਼ਾਰਦਾ, ਪ੍ਰੇਮ ਵਿੱਜ ਤੇ ਦੀਪਕ ਸ਼ਰਮਾ ਚਨਾਰਥਲ ਹੁਰਾਂ ਵੱਲੋਂ ਸਾਂਝੇ ਤੌਰ 'ਤੇ ਲੋਕ ਅਰਪਣ ਕੀਤਾ ਗਿਆ।
ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਹੁਰਾਂ ਨੇ ਲੇਖਕ ਬਲਕਾਰ ਸਿੱਧੂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਕਵਿਤਾ ਤਾਂ ਅੰਦਰਝਾਤ ਮਾਰ ਕੇ ਵੀ ਲਿਖੀ ਜਾ ਸਕਦੀ ਹੈ ਪਰ ਨਾਟਕ ਲਿਖਣ ਲਈ ਜਿੱਥੇ ਪੂਰੇ ਸੰਸਾਰ 'ਚ ਝਾਤ ਮਾਰਨੀ ਪੈਂਦੀ ਹੈ, ਉੱਥੇ ਝੀਥਾਂ ਰਾਹੀਂ ਵੀ ਝਾਕਣਾ ਪੈਂਦਾ ਹੈ। ਉਕਤ ਨਾਟਕ ਨੂੰ ਦੇਸ਼ ਭਰ ਵਿਚ ਮਿਲੇ ਵੱਡੇ ਸਨਮਾਨਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਸੁਰਜੀਤ ਪਾਤਰ ਹੁਰਾਂ ਨੇ ਜਿੱਥੇ ਬਲਕਾਰ ਸਿੱਧੂ ਅਤੇ ਉਨ੍ਹਾਂ ਦੀ ਟੀਮ ਨੂੰ ਇਹ ਨਾਟਕ ਪੰਜਾਬ ਕਲਾ ਭਵਨ ਦੇ ਵਿਹੜੇ ਖੇਡਣ ਦਾ ਸੱਦਾ ਦਿੱਤਾ ਉਥੇ ਹੀ ਉਨ੍ਹਾਂ ਗੰਭੀਰਤਾ ਨਾਲ ਕਿਹਾ ਕਿ ਪੰਜਾਬ ਵਿੱਚੇ ਕਵੀ, ਕਹਾਣੀਕਾਰ, ਵਾਰਤਕਕਾਰ ਤੇ ਨਾਵਲ ਲੇਖਕ ਤਾਂ ਅਸੀਂ ਬਹੁਤ ਪੈਦਾ ਕੀਤੇ ਹਨ ਪਰ ਅੱਜ ਪੰਜਾਬ ਨੂੰ ਵੱਡੀ ਗਿਣਤੀ ਵਿਚ ਨਾਟਕਕਾਰਾਂ ਦੀ ਤੇ ਨਾਟਕ ਲੇਖਕਾਂ ਦੀ ਬਹੁਤ ਜ਼ਰੂਰਤ ਹੈ।
ਇਸੇ ਤਰ੍ਹਾਂ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਆਖਿਆ ਕਿ ਨਾਟਕ ਸਿਰਜਣਾ ਇੱਕ ਨਿਵੇਕਲੀ ਤੇ ਮਾਰਕੇ ਵਾਲੀ ਵਿਧਾ ਹੈ। ਉਨ੍ਹਾਂ ਕਿਹਾ ਕਿ ਬਲਕਾਰ ਸਿੱਧੂ ਆਪਣੇ ਆਪ 'ਚ ਇੱਕ ਅਜਾਇਬਘਰ ਹੈ ਜਿਸ ਕੋਲ ਰੰਗਮੰਚ ਵੀ ਹੈ, ਕਵਿਤਾ ਵੀ ਹੈ, ਭੰਗੜਾ ਵੀ ਹੈ, ਕੱਥਕ ਵੀ ਹੈ, ਸੰਗੀਤ ਵੀ ਹੈ ਤੇ ਉਹ ਉਰਦੂ, ਪੰਜਾਬੀ ਸਣੇ ਕਿੰਨੀਆਂ ਭਾਸ਼ਾਵਾਂ ਦਾ ਮਾਹਿਰ ਵੀ ਹੈ। ਡਾ. ਜੌਹਲ ਨੇ ਆਖਿਆ ਕਿ ਮੈਂ ਬਲਕਾਰ ਸਿੱਧੂ ਨੂੰ ਜਾਣਦਾ ਤਾਂ ਪਹਿਲਾਂ ਤੋਂ ਹੀ ਸੀ ਪਰ ਉਸ ਬਾਰੇ ਜਾਨਣ ਦਾ ਅਸਲ ਮੌਕਾ ਮੈਨੂੰ ਹੁਣ ਹੀ ਮਿਲਿਆ ਹੈ।
ਕਿਤਾਬ 'ਤੇ ਵਿਸਥਾਰਤ ਪਰਚਾ ਪੜ੍ਹਦਿਆਂ ਡਾ. ਬਲਜੀਤ ਸਿੰਘ ਨੇ ਕਿਹਾ ਕਿ ਖਰੜਾ ਪੜ੍ਹਨਾ ਤੇ ਫਿਰ ਸੰਪੂਰਨ ਕਿਤਾਬ ਪੜ੍ਹਨਾ ਬਹੁਤ ਵੱਖਰਾ ਹੁੰਦਾ ਹੈ। ਬਲਕਾਰ ਸਿੱਧੂ ਦੇ ਨਾਟਕ ਨੂੰ ਉਚ ਪਾਏ ਦੀ ਰਚਨਾ ਕਰਾਰ ਦਿੰਦਿਆਂ ਡਾ. ਬਲਜੀਤ ਸਿੰਘ ਨੇ ਕਿਹਾ ਕਿ ਜਿਹੜਾ ਨਾਟਕ ਕਿਤਾਬ ਦਾ ਰੂਪ ਧਾਰਨ ਤੋਂ ਪਹਿਲਾਂ ਹੀ ਵੱਡੇ ਤੇ ਰਾਸ਼ਟਰੀ ਪੱਧਰ ਦੇ ਇਨਾਮ ਜਿੱਤ ਚੁੱਕਿਆ ਹੋਵੇ ਉਹ ਆਪਣੇ ਆਪ 'ਚ ਸਫ਼ਲ ਰਚਨਾ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਗਾਂਧੀ ਸਮਾਰਕ ਨਿਧੀ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਾਰਦਾ ਨੇ ਜਿੱਥੇ ਇਸ ਸਮਾਗਮ ਨੂੰ ਗਾਂਧੀ ਭਵਨ 'ਚ ਕਰਨ 'ਤੇ ਪੰਜਾਬੀ ਲੇਖਕ ਸਭਾ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਤੇ ਜੌਹਲ ਸਾਹਿਬ ਸਣੇ ਸਾਹਿਤ ਦੀਆਂ, ਰੰਗਮੰਚ ਦੀਆਂ ਤੇ ਹੋਰ ਵੱਖੋ-ਵੱਖ ਖੇਤਰਾਂ ਦੀਆਂ ਜਦੋਂ ਅਦੀਬ ਹਸਤੀਆਂ ਗਾਂਧੀ ਭਵਨ ਆਉਂਦੀਆਂ ਹਨ ਤਾਂ ਇਹ ਵਿਹੜਾ ਖਿੜ ਉਠਦਾ ਹੈ। ਸ਼ਾਰਦਾ ਨੇ ਆਖਿਆ ਕਿ ਅਜਿਹੇ ਕਾਰਜਾਂ ਲਈ ਗਾਂਧੀ ਭਵਨ ਦੇ ਬੂਹੇ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਬਲਕਾਰ ਸਿੱਧੂ ਨੂੰ 'ਸੱਸੀ-ਪੂੰਨੂੰ' ਦੇ ਰੂਪ ਵਿਚ ਨਾਟਕ ਦੀ ਕਿਤਾਬ ਆਉਣ 'ਤੇ ਮੁਬਾਰਕ ਵੀ ਦਿੱਤੀ।
ਜ਼ਿਕਰਯੋਗ ਹੈ ਕਿ ਸਮਾਗਮ ਦੀ ਸ਼ੁਰੂਆਤ ਵਿਚ ਜਿੱਥੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਸਭਾ ਨੇ ਫੁੱਲਾਂ ਨਾਲ ਕੀਤਾ, ਉਥੇ ਹੀ ਸ਼ਬਦਾਂ ਨਾਲ ਵਿਸ਼ੇਸ਼ ਮਹਿਮਾਨਾਂ ਦਾ ਤੇ ਸਮੂਹ ਸਰੋਤਿਆਂ ਦਾ ਸਵਾਗਤ ਅਚਾਰੀਆਕੁਲ ਦੀ ਅਗਵਾਈ ਕਰਨ ਵਾਲੇ ਉਘੇ ਸਾਹਿਤਕਾਰ ਪ੍ਰੇਮ ਵਿੱਜ ਹੁਰਾਂ ਨੇ ਕੀਤਾ। ਇਸੇ ਤਰ੍ਹਾਂ ਪੁਸਤਕ ਲੋਕ ਅਰਪਣ ਹੋਣ ਤੋਂ ਪਹਿਲਾਂ ਤੇ ਵਿਚਾਰਾਂ ਸ਼ੁਰੂ ਹੋਣ ਤੋਂ ਪਹਿਲਾਂ ਸੁਰਜੀਤ ਸਿੰਘ ਧੀਰ ਹੁਰਾਂ ਨੇ ਆਪਣੀ ਮਿੱਠੜੀ ਅਵਾਜ਼ ਵਿਚ ਕਬੀਰ ਜੀ ਦੇ 'ਬਸੰਤ ਰਾਗ' ਨੂੰ ਮੰਚ ਤੋਂ ਪੇਸ਼ ਕਰਕੇ ਸਮਾਗਮ ਵਿਚ ਰੂਹਾਨੀਅਤ ਭਰ ਦਿੱਤੀ। ਕਿਤਾਬ ਦੇ ਹਵਾਲੇ ਨਾਲ ਦੀਪਤੀ ਬਬੂਟਾ, ਅਰੁਣ ਸ਼ਰਮਾ ਤੇ ਹਰਮਿੰਦਰ ਕਾਲੜਾ ਹੁਰਾਂ ਨੇ ਵਿਚਾਰ ਸਾਂਝੇ ਕਰਕੇ ਸਮਾਗਮ ਵਿਚ ਨਿਵੇਕਲੇ ਰੰਗ ਭਰੇ।
ਇਸ ਮੌਕੇ ਆਪਣੀ ਸਿਰਜਣਾ ਦਾ ਅਤੇ ਇਸ ਤੋਂ ਪਹਿਲਾਂ ਵੱਖੋ-ਵੱਖ ਥਾਵਾਂ 'ਤੇ ਨਾਟਕ ਦੇ ਰੂਪ ਵਿਚ ਇਸ ਦੇ ਮੰਚਨ ਦੀ ਕਹਾਣੀ ਤੇ ਫਿਰ ਭਾਸ਼ਾਵਾਂ ਦਾ ਸੁਮੇਲ ਤੇ ਕਿਤਾਬ ਦੀ ਸਿਰਜਣਾ ਦੀ ਬਾਤ ਲੇਖਕ ਬਲਕਾਰ ਸਿੱਧੂ ਹੁਰਾਂ ਨੇ ਪਾਉਂਦਿਆਂ ਸਭਨਾਂ ਦਾ ਧੰਨਵਾਦ ਵੀ ਕੀਤਾ ਤੇ ਸਮੁੱਚੇ ਸਮਾਗਮ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਬਾਖੂਬੀ ਨਿਭਾਈ।
ਇਸ ਮੌਕੇ ਡਾ. ਅਵਤਾਰ ਸਿੰਘ ਪਤੰਗ, ਪ੍ਰੋ. ਦਲਗੀਰ, ਮਨਜੀਤ ਕੌਰ ਮੀਤ, ਪ੍ਰੱਗਿਆ ਸ਼ਾਰਦਾ, ਗੁਰਦੀਪ ਕੌਰ ਗੁਲ, ਮਨਮੋਹਨ ਸਿੰਘ ਦਾਊਂ, ਭੁਪਿੰਦਰ ਮਲਿਕ, ਸਿਮਰਜੀਤ ਗਰੇਵਾਲ, ਪਾਲ ਅਜਨਬੀ, ਧਿਆਨ ਸਿੰਘ ਕਾਹਲੋਂ, ਅਰੁਣ ਸ਼ਰਮਾ, ਊਸ਼ਾ ਆਹੂਜਾ, ਦੀਪਤੀ ਬਬੂਟਾ, ਰਾਜੀਵ ਮਹਿਤਾ, ਬਲਜੀਤ ਸਿੰਘ, ਜੇ. ਐਸ. ਖੁਸ਼ਦਿਲ, ਨਲਿਨ ਅਚਾਰੀਆ, ਨਿੰਮੀ ਵਸ਼ਿਸ਼ਟ, ਅਸ਼ੋਕ ਭੰਡਾਰੀ ਨਾਦਿਰ, ਮਨਜੀਤ ਕੌਰ ਮੁਹਾਲੀ, ਗੁਰਦਰਸ਼ਨ ਮਾਵੀ, ਦਰਸ਼ਨ ਸਿੱਧੂ, ਬਲਜੀਤ ਕੌਰ ਦਾਊਂ, ਤੇਜਾ ਸਿੰਘ ਥੂਹਾ, ਬੂਟਾ ਸਿੰਘ ਅਸ਼ਾਂਤ, ਬਾਬੂ ਰਾਮ ਦੀਵਾਨਾ, ਹਰਮਿੰਦਰ ਕਾਲੜਾ, ਦਰਸ਼ਨ ਤ੍ਰਿਊਣਾ, ਪਰਮਜੀਤ ਪਰਮ, ਸਰਦਾਰਾ ਸਿੰਘ ਚੀਮਾ, ਸੁਖਵਿੰਦਰ ਸਿੰਘ ਸਿੱਧੂ, ਸੁਰਿੰਦਰ ਗਿੱਲ ਸਣੇ ਵੱਡੀ ਗਿਣਤੀ ਵਿਚ ਰੰਗਕਰਮੀ, ਸਾਹਿਤਕਾਰ ਤੇ ਸਾਹਿਤ ਪ੍ਰੇਮੀ ਤੇ ਥੀਏਟਰ ਨੂੰ ਪਿਆਰ ਕਰਨ ਵਾਲੇ ਲੋਕ ਮੌਜੂਦ ਸਨ।