ਡਾ. ਦਰਸ਼ਨ ਸਿੰਘ ‘ਆਸ਼ਟ ਦੀ ਬਾਲ ਪੁਸਤਕ ‘ਪੰਜਾਬੀ ਬਾਲ ਰਿਸਾਲੇ’ ਸ਼ਾਹਮੁਖੀ ਲਿੱਪੀ ਵਿਚ ਲਾਹੌਰ ਤੋਂ ਪ੍ਰਕਾਸ਼ਿਤ
ਗੁਰਪ੍ਰੀਤ ਸਿੰਘ ਜਖ਼ਵਾਲੀ
ਪਟਿਆਲਾ 21 ਜੁਲਾਈ 2024:- ਭਾਸ਼ਾ ਵਿਭਾਗ,ਪੰਜਾਬ ਦੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਸਨਮਾਨਿਤ ਡਾ. ਦਰਸ਼ਨ ਸਿੰਘ ‘ਆਸ਼ਟ‘, ਜੋ ਅੱਜਕੱਲ੍ਹ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਸੇਵਾਵਾਂ ਨਿਭਾ ਰਹੇ ਹਨ ਅਤੇ ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਭਾਰਤੀ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਅਤੇ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਵੀ ਪ੍ਰਾਪਤ ਹੋ ਚੁੱਕੇ ਹਨ। ਦੀ ਖੋਜ ਭਰਪੂਰ ਪੁਸਤਕ ’ਪੰਜਾਬੀ ਬਾਲ ਰਿਸਾਲੇ’ ਲਾਹੌਰ (ਪਾਕਿਸਤਾਨ) ਵੱਲੋਂ ਪੰਜਾਬੀ ਸਾਹਿਤ ਅਦਬੀ ਬੋਰਡ ਵੱਲੋਂ ਛਾਪੀ ਗਈ ਹੈ। ਇਸ ਪੁਸਤਕ ਨੂੰ ਉਘੇ ਪੰਜਾਬੀ ਬਾਲ ਸਾਹਿਤ ਲਿਖਾਰੀ ਅਤੇ ਲਾਹੌਰ ਤੋਂ ਛਪ ਰਹੇ ਪੰਜਾਬੀ ਬਾਲ ਰਿਸਾਲੇ ’ਪਖੇਰੂ’ ਦੇ ਸੰਪਾਦਕ ਅਸ਼ਰਫ਼ ਸੁਹੇਲ ਨੇ ਗੁਰਮੁਖੀ ਲਿਪੀ ਤੋਂ ਸ਼ਾਹਮੁਖੀ ਲਿਪੀ ਵਿਚ ਲਿਪੀਅੰਤ੍ਰਿਤ ਕੀਤਾ ਹੈ।
ਇਹ ਪੁਸਤਕ ਪੰਜਾਬੀ ਭਾਸ਼ਾ ਵਿਚ ਲਗਭਗ ਇਕ ਸੌ ਸਾਲ ਤੋਂ ਛਪਦੇ ਰਹੇ ਪੰਜਾਬੀ ਬਾਲ ਰਿਸਾਲਿਆਂ ਦੇ ਇਤਿਹਾਸ ਅਤੇ ਖੋਜ ਨਾਲ ਸੰਬੰਧਤ ਹੈ। ਜਿਸ ਵਿਚ ਉਨ੍ਹਾਂ ਦੇ ਟਾਈਟਲ ਵੀ ਛਾਪੇ ਗਏ ਹਨ।ਇਸ ਪੁਸਤਕ ਬਾਰੇ ਵੇਰਵੇ ਸਾਂਝੇ ਕਰਦਿਆਂ ਡਾ. ’ਆਸ਼ਟ’ ਨੇ ਕਿਹਾ ਕਿ ਉਹਨਾਂ ਨੇ ਇਸ ਪੁਸਤਕ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਲਾਇਬ੍ਰੇਰੀਆਂ ਵਿਚ ਨਿੱਜੀ ਤੌਰ ਤੇ ਜਾ ਕੇ ਅਤੇ ਇਹਨਾਂ ਰਿਸਾਲਿਆਂ ਦੇ ਸੰਪਾਦਕਾਂ ਜਾਂ ਪਰਿਵਾਰਾਂ ਨਾਲ ਲੰਮਾ ਸਮਾਂ ਰਾਬਤਾ ਕਰਨ ਉਪਰੰਤ ਲਿਖਿਆ ਹੈ।ਇਹ ਪੁਸਤਕ ਪੰਜਾਬੀ ਬਾਲ ਸਾਹਿਤ ਅਤੇ ਬਾਲ ਪੱਤਰਕਾਰੀ ਦੇ ਖੇਤਰ ਦੀ ਪਹਿਲੀ ਪੁਸਤਕ ਹੈ ਜਿਸ ਵਿਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵੱਡੀ ਗਿਣਤੀ ਦੇ ਬਾਲ ਰਿਸਾਲਿਆਂ ਬਾਰੇ ਇਤਿਹਾਸਕ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।ਜਿ਼ਕਰਯੋਗ ਹੈ ਕਿ ਸ਼ਾਹਮੁਖੀ ਲਿਪੀ ਵਿਚ ਛਪਣ ਵਾਲੀ ਇਹ ਪੁਸਤਕ ਨੇੜ ਭਵਿੱਖ ਵਿਚ ਗੁਰਮੁਖੀ ਲਿਪੀ ਵਿਚ ਵੀ ਛਪ ਰਹੀ ਹੈ।
ਡਾ. ’ਆਸ਼ਟ’ ਦੀਆਂ ਪੰਜਾਬੀ ਭਾਸ਼ਾ ਵਿਚ ਬੱਚਿਆਂ ਲਈ ਪਹਿਲਾਂ ਵੀ 5 ਪੁਸਤਕਾਂ ਲਾਹੌਰ ਤੋਂ ਸ਼ਾਹਮੁਖੀ ਲਿਪੀ ਵਿਚ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਇਕ ਬਾਲ ਨਾਵਲ ’ਵਾਪਸੀ’ ਕਾਇਦ ਇ ਆਜ਼ਮ ਯੂਨੀਵਰਸਿਟੀ,ਇਸਲਾਮਾਬਾਦ ਦੇ ਖੋਜਾਰਥੀਆਂ ਲਈ ਵੀ ਪੰਜਾਬੀ ਪਾਠਕ੍ਰਮ ਵਜੋਂ ਸਿਲੇਬਸ ਦਾ ਹਿੱਸਾ ਰਿਹਾ ਹੈ।