ਸਿੱਖਿਅਕ ਜਗਤ ਦੀ ਉੱਘੀ ਹਸਤੀ ਪ੍ਰਿੰਸੀਪਲ ਡਾ. ਸੁਖਚੈਨ ਸਿੰਘ ਬਰਾੜ ਦਾ ਜ਼ਿਲ੍ਹਾ ਲਿਖ਼ਾਰੀ ਸਭਾ ਰੂਪਨਗਰ ਵੱਲੋਂ ਵਿਸ਼ੇਸ਼ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 19 ਨਵੰਬਰ 2024 - ਮਾਲਵੇ ਦੀ ਧਰਤੀ ਉੱਪਰ ਸਥਿੱਤ ਮੇਜਰ ਅਜਾਇਬ ਸਿੰਘ ਸਿੱਖਿਆ ਸੰਸਥਾ ਦੇ ਸੰਸਥਾਪਕ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਪ੍ਰਿੰਸੀਪਲ ਡਾ. ਸੁਖਚੈਨ ਸਿੰਘ ਬਰਾੜ ਦਾ ਜ਼ਿਲ੍ਹਾ ਲਿਖਾਰੀ ਸਭਾ (ਰਜਿ.) ਰੂਪਨਗਰ ਵੱਲੋਂ ਵਿਸ਼ੇਸ਼ ਵਿੱਦਿਅਕ ਹਸਤੀ ਵਜੋਂ ਸਨਮਾਨ ਕੀਤਾ ਗਿਆ। ਇਸ ਸਨਮਾਨ ਵਿੱਚ ਡਾ. ਬਰਾੜ ਦੀਆਂ ਪ੍ਰਾਪਤੀਆਂ ਉੱਪਰ ਅਧਾਰਿਤ ਸਨਮਾਨ ਪੱਤਰ ਅਤੇ ਦੁਸ਼ਾਲਾ ਭੇਂਟ ਕੀਤਾ ਗਿਆ । ਇਹ ਸਨਮਾਨ ਡਾ. ਦੇਵਿੰਦਰ ਸੈਫ਼ੀ ਦੀ ਨਵੀਂ ਪੁਸਤਕ "ਮੁਹੱਬਤ ਨੇ ਕਿਹਾ" ਉੱਪਰ ਗੋਸ਼ਟੀ ਦੌਰਾਨ ਇਕੱਤਰਤ ਵੱਡੇ ਬੁੱਧੀਜੀਵੀਆਂ , ਸਾਹਿਤਕਾਰਾਂ, ਵਕੀਲਾਂ ਅਤੇ ਵਿੱਦਿਅਕ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ।
ਡਾ. ਬਰਾੜ ਨੇ ਇਸ ਇਕੱਤਰਤਾ ਵਿੱਚ ਮੁੱਖ ਮਹਿਮਾਨ ਵਜੋਂ ਵੀ ਭੂਮਿਕਾ ਨਿਭਾਈ । ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕੁਮਾਰ ਭਿਓਰਾ ਅਤੇ ਜਨਰਲ ਸਕੱਤਰ ਸੁਰਜਨ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪ੍ਰਿੰਸੀਪਲ ਡਾ. ਸੁਖਚੈਨ ਸਿੰਘ ਬਰਾੜ ਦਾ ਨਾਮ ਇਕੱਲਾ ਇਨ੍ਹਾਂ ਦੇ ਇਲਾਕੇ ਜਾਂ ਪੰਜਾਬ ਤੱਕ ਹੀ ਸੀਮਤ ਨਹੀਂ ਸਗੋਂ ਦੇਸਾਂ ਵਿਦੇਸਾਂ ਵਿੱਚ ਵੀ ਇੱਕ ਸਿੱਖਿਅਕ ਮਾਹਿਰ ਅਤੇ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਬਾਰੇ ਕਈ ਪੱਖਾਂ ਤੋਂ ਸੁਣ ਕੇ ਇਹਨਾਂ ਦੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਬਾਰੇ ਸੁਣ ਕੇ, ਇਹਨਾਂ ਦੀ ਸੰਸਥਾ ਦੇ ਵੱਖ ਵੱਖ ਖੇਤਰਾਂ ਵਿੱਚ ਮਾਰੀਆਂ ਮੱਲਾਂ ਬਾਰੇ ਸੁਣ ਕੇ ਸਾਡੀ ਸਭਾ ਨੇ ਫ਼ੈਸਲਾ ਕੀਤਾ ਕਿ ਇਹਨਾਂ ਨੂੰ ਡਾ. ਸੈਫ਼ੀ ਦੀ ਪੁਸਤਕ ਗੋਸ਼ਟੀ ਉੱਪਰ ਮੁੱਖ ਮਹਿਮਾਨ ਵਜੋਂ ਵੀ ਬੁਲਾਇਆ ਜਾਵੇ ਅਤੇ ਇੱਥੇ ਸੱਦ ਕੇ ਇਹਨਾਂ ਦਾ ਵੱਡਾ ਸਨਮਾਨ ਵੀ ਕੀਤਾ ਜਾਵੇ।
ਇਹਨਾਂ ਦਾ ਸਨਮਾਨ ਕਰਦਿਆਂ ਸਾਡੀ ਪੂਰੀ ਸਭਾ ਅਤੇ ਸਾਡਾ ਇਲਾਕਾ ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦਾ ਹੈ। ਉਹਨਾਂ ਨੇ ਡਾ. ਬਰਾੜ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਨੂੰ ਪ੍ਰਵਾਨ ਕੀਤਾ ਸਾਡੀ ਸਭਾ ਵਿੱਚ ਪਹੁੰਚੇ ਅਤੇ ਸਭਾ ਵਿੱਚ ਪਹੁੰਚ ਕੇ ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ ਜਿਹੜੇ ਕਿ ਸਾਡਾ ਸਦਾ ਸਦਾ ਰਾਹ ਰੌਸ਼ਨ ਕਰਦੇ ਰਹਿਣਗੇ। ਡਾ. ਬਰਾੜ ਨੇ ਇਸ ਮੌਕੇ ਜ਼ਿਲ੍ਹਾ ਲਿਖਾਰੀ ਸਭਾ ਦੇ ਸਮੂਹ ਮੈਂਬਰਾਨ ਦਾ ਧੰਨਵਾਦ ਕਰਦਿਆਂ ਡਾ. ਸੈਫ਼ੀ ਦੀ ਨਵੀਂ ਪੁਸਤਕ ਬਾਰੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ। ਮੁਹੱਬਤ ਦੇ ਵੱਖ ਵੱਖ ਰੰਗਾਂ ਨਾਲ ਭਰਪੂਰ ਇਸ ਪੁਸਤਕ ਨੂੰ ਉਹਨਾਂ ਨੇ ਮੁਹੱਬਤ ਦੀ ਬਾਣੀ ਆਖਦਿਆਂ ਕਿਹਾ ਕਿ ਇਸਦੇ ਸ਼ਾਇਰ ਡਾ. ਸੈਫ਼ੀ ਹੁਣ ਭਾਵੇਂ ਇਸ ਇਲਾਕੇ ਦੀ ਸੇਵਾ ਵਿੱਚ ਲੱਗੇ ਹੋਏ ਹਨ ਪਰ ਮਾਲਵੇ ਵਿੱਚ ਪਾਈਆਂ ਪੈੜਾਂ ਵੀ ਸਦਾ ਤਾਜ਼ੀਆਂ ਰਹਿਣਗੀਆਂ ।
ਪ੍ਰਧਾਨਗੀ ਮੰਡਲ ਚ ਸ਼ਾਮਲ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਬਾਰ ਕੌਂਸਲ ਦੇ ਪ੍ਰਧਾਨ ਮਨਦੀਪ ਮੌਦਗਿਲ, ਉੱਘੇ ਕੋਸ਼ਕਾਰ ਡਾ. ਹਰਜਿੰਦਰ ਸਿੰਘ ਦਿਲਗੀਰ, ਡਿਸਟ੍ਰਿਕਟ ਅਟਾਰਨੀ ਦਵਿੰਦਰ ਕੁਮਾਰ ,ਉੱਘੇ ਵਿਦਵਾਨ ਡਾ. ਸ਼ਿੰਦਰਪਾਲ , ਉੱਘੀ ਸਾਹਿਤਕਾਰਾ ਯਤਿੰਦਰ ਕੌਰ ਮਾਹਲ , ਗ਼ਜ਼ਲਗੋ ਸੁਨੀਲ ਚੰਦਿਆਣਵੀ, ਸੁਹਿਰਦ ਗਾਇਕ ਸੁਖਵਿੰਦਰ ਸਾਰੰਗ ਅਤੇ ਪ੍ਰੋਫ਼ੈਸਰ ਨਿਰਮਲ ਸਿੰਘ ਬਰਾੜ ਨੇ ਡਾ. ਸੁਖਚੈਨ ਸਿੰਘ ਬਰਾੜ ਦੀ ਰੂਪਨਗਰ ਵਿੱਚ ਇਸ ਫੇਰੀ ਅਤੇ ਉਹਨਾਂ ਦੁਆਰਾ ਕੀਤੇ ਗਏ ਸੰਬੋਧਨ ਨੂੰ ਬਹੁਤ ਮਹੱਤਵਪੂਰਨ ਨਕਸ਼ ਉਲੀਕਣ ਵਾਲਾ ਦੱਸਦਿਆਂ ਵਿਸ਼ੇਸ਼ ਧੰਨਵਾਦੀ ਭਾਵ ਵਿਅਕਤ ਕੀਤੇ।