ਗੁਜਰਾਤ ਯੂਨੀਵਰਸਿਟੀ ਵਿਖੇ ਪੰਜਾਬੀ ਪੁਸਤਕ ਸੈਕਸ਼ਨ ਦੀ ਸਥਾਪਨਾ ਮਾਣ ਵਾਲੀ ਗੱਲ - ਡਾ. ਦਰਸ਼ਨ ਸਿੰਘ 'ਆਸ਼ਟ'
ਪਟਿਆਲਾ, 24 ਅਕਤੂਬਰ 2021 - "ਵਰਤਮਾਨ ਸਮੇਂ ਵਿਚ ਜਦੋਂ ਪੰਜਾਬੀ ਭਾਸ਼ਾ ਦੇ ਵੱਕਾਰ ਨੂੰ ਘਟਾ ਕੇ ਵੇਖਣ ਦੀਆਂ ਚਾਲਾਂ ਸਾਹਮਣੇ ਆ ਰਹੀਆਂ ਹਨ, ਅਜਿਹੀ ਸਥਿਤੀ ਵਿਚ ਗੁਜਰਾਤ ਯੂਨੀਵਰਸਿਟੀ ਅਹਿਮਦਾਬਾਦ ਦੀ ਮੇਨ ਲਾਇਬ੍ਰੇਰੀ ਵਿਖੇ ਪੰਜਾਬੀ ਪੁਸਤਕ ਸੈਕਸ਼ਨ ਦੀ ਸਥਾਪਨਾ ਹੋਣੀ ਮਾਣ ਵਾਲੀ ਗੱਲ ਹੈ ਜਿੱਥੇ ਪੰਜਾਬੀ ਦੇ ਮਾਣਮੱਤੇ ਅਤੇ ਪੁਰਾਣੇ ਲਿਖਾਰੀਆਂ ਦੇ ਨਾਲ ਨਾਲ ਅਜੋਕੇ ਲਿਖਾਰੀਆਂ ਦੀਆਂ ਪੁਸਤਕਾਂ ਸੁਸ਼ੋਭਿਤ ਹਨ ਅਤੇ ਜਿੱਥੋਂ ਪੰਜਾਬੀ ਭਾਸ਼ਾ ਨਾਲ ਮੱਸ ਰੱਖਣ ਵਾਲੇ ਪਾਠਕ ਅਤੇ ਖੋਜਾਰਥੀ ਲੋੜੀਂਦੀ ਜਾਣਕਾਰੀ ਅਤੇ ਸਮਗਰੀ ਹਾਸਲ ਕਰਕੇ ਲਾਭ ਪ੍ਰਾਪਤ ਕਰ ਰਹੇ ਹਨ।"
ਅੱਜ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਆਪਣੇ ਗੁਜਰਾਤ ਪ੍ਰਾਂਤ ਦੇ ਦੌਰੇ ਤੋਂ ਪਰਤਣ ਉਪਰੰਤ ਸਾਂਝਾ ਕੀਤਾ। ਡਾ. 'ਆਸ਼ਟ' ਨੇ 1951 ਵਿਚ ਸਥਾਪਿਤ ਹੋਈ ਗੁਜਰਾਤ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਨਾਲ ਨਾਲ ਮੇਨ ਲਾਇਬ੍ਰੇਰੀ ਦਾ ਵਿਸ਼ੇਸ਼ ਦੌਰਾ ਕੀਤਾ। ਉਹਨਾਂ ਦੱਸਿਆ ਕਿ ਲਗਭਗ 4 ਲੱਖ ਪੁਸਤਕਾਂ ਵਾਲੀ ਇਸ ਲਾਇਬ੍ਰੇਰੀ ਵਿਚ ਬਹੁਤ ਦੁਰਲੱਭ ਪੁਸਤਕਾਂ,ਹਵਾਲਾ ਗ੍ਰੰਥ,ਹੱਥ ਲਿਖਤਾਂ,ਰਸਾਲੇ, ਅਖ਼ਬਾਰਾਂ ਦੇ ਨਾਲ ਨਾਲ ਵਰਤਮਾਨ ਮੋਬਾਈਲ ਲਾਇਬ੍ਰੇਰੀ, ਈ. ਰੀਸੋਰਸਿਜ਼ ਐਕਸੈਸ ਲੈਬ ਅਤੇ ਈ ਬੁਕਸ ਪ੍ਰਣਾਲੀ ਦੀਆਂ ਸੁਵਿਧਾਵਾਂ ਹਾਸਲ ਹਨ।
ਡਾ. ਆਸ਼ਟ ਨੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਜੇਕਰ ਪੰਜਾਬੀ ਅਤੇ ਗੁਜਰਾਤੀ ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ ਕਰਦਿਆਂ ਐਮ.ਫਿਲ ਅਤੇ ਪੀਐਚ.ਡੀ. ਦੇ ਖੋਜ ਕਾਰਜ ਆਰੰਭੇ ਜਾਣ ਤਾਂ ਇਸ ਨਾਲ ਦੋਵਾਂ ਭਾਸ਼ਾਵਾਂ ਨੂੰ ਲਾਭ ਹੋਵੇਗਾ। ਡਾ. 'ਆਸ਼ਟ' ਨੇ ਯੂਨੀਵਰਸਿਟੀ ਦੀ ਮੇਨ ਲਾਇਬ੍ਰੇਰੀ ਦੇ ਚੀਫ ਲਾਇਬ੍ਰੇਰੀਅਨ ਡਾ. ਯੋਗੇਸ਼ ਆਰ.ਪਾਰੇਖ ਨਾਲ ਕੀਤੀ ਮੁਲਾਕਾਤ ਦੇ ਹਵਾਲੇ ਨਾਲ ਦੱਸਿਆ ਕਿ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਿਕ ਉਹ ਭਵਿੱਖ ਵਿਚ ਇਸ ਦਿਸ਼ਾ ਵੱਲ ਉਸਾਰੂ ਵਿਉਂਤਬੰਦੀ ਕਰਕੇ ਪੰਜਾਬੀ ਅਤੇ ਗੁਜਰਾਤੀ ਭਾਸ਼ਾਵਾਂ ਦੀ ਸਾਂਝ ਵਧਾਉਣ ਲਈ ਉਸਾਰੂ ਪ੍ਰਾਜੈਕਟ ਉਲੀਕਣ ਦਾ ਯਤਨ ਕਰਨਗੇ।
ਇਸ ਮੌਕੇ ਡਾ. ਆਸ਼ਟ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ,ਗੁਜਰਾਤ ਯੂਨੀਵਰਸਿਟੀ ਦੇ ਰੀਸਰਸ ਸਾਇੰਟਿਸਟ ਰਵੀਦਰਸ਼ਦੀਪ ਕੌਰ ਤੋਂ ਇਲਾਵਾ ਗੁਜਰਾਤ ਯੂਨੀਵਰਸਿਟੀ ਦੇ ਸਮੂਹ ਅਧਿਕਾਰੀ,ਕਰਮਚਾਰੀ ਅਤੇ ਖੋਜਾਰਥੀ ਸ਼ਾਮਿਲ ਸਨ।