ਨਵੰਬਰ 1984 ਨਾਲ ਸਬੰਧਤ ‘ਸਿੱਖਾਂ ਦਾ ਕਤਲੇਆਮ’ ਪੁਸਤਕ ਦਾ ਨਵਾਂ ਐਡੀਸ਼ਨ ਬੀਬੀ ਜਗੀਰ ਕੌਰ ਨੇ ਕੀਤਾ ਜਾਰੀ
ਅੰਮ੍ਰਿਤਸਰ, 26 ਜੂਨ 2021 - ਨਵੰਬਰ 1984 ਵਿਚ ਸਿੱਖਾਂ ਵਿਰੁੱਧ ਦੇਸ਼ ਭਰ ਵਿਚ ਵਾਪਰੇ ਸ਼ਰਮਨਾਕ ਖ਼ੂਨੀ ਕਾਂਡ ਦੇ ਵੇਰਵਿਆਂ ਬਾਰੇ ‘ਸਿੱਖਾਂ ਦਾ ਕਤਲੇਆਮ’ ਪੁਸਤਕ ਦਾ ਨਵਾਂ ਐਡੀਸ਼ਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਕੀਤਾ। ਇਹ ਪੁਸਤਕ ਜੂਨ 1985 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਭਾਗਾਂ ਵਿਚ ਪ੍ਰਕਾਸ਼ਤ ਕੀਤੀ ਗਈ ਸੀ। ਜਿਸ ਦੇ ਚਾਰ ਭਾਗਾਂ ਨੂੰ ਇਕਠਿਆਂ ਕਰਕੇ ਧਰਮ ਪ੍ਰਚਾਰ ਕਮੇਟੀ ਵੱਲੋਂ ਮੁੜ ਛਪਵਾਇਆ ਗਿਆ ਹੈ।
ਪੁਸਤਕ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਲ 1984 ਸਿੱਖਾਂ ਲਈ ਨਾ ਭੁਲਣਯੋਗ ਜ਼ਖਮ ਦੇ ਕੇ ਗਿਆ ਹੈ। ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਕੇਂਦਰ ਸਰਕਾਰ ਦੇ ਹਮਲੇ ਮਗਰੋਂ ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਦੇ ਹੋਰ ਥਾਵਾਂ ’ਤੇ ਸਿੱਖਾਂ ਦਾ ਕਤਲੇਆਮ ਕਰਕੇ ਨਸਲਕੁਸ਼ੀ ਕੀਤੀ ਗਈ, ਜਿਸ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਇਹ ਉਹ ਕਰੂਰ-ਕਾਰਾ ਹੈ ਜੋ ਤਤਕਾਲੀ ਕਾਂਗਰਸ ਸਰਕਾਰ ਦੇ ਮੱਥੇ ਤੇ ਲੱਗਾ ਸਦੀਵ ਕਲੰਕ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਸ. ਸੁਰਜੀਤ ਸਿੰਘ ਸੋਖੀ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਚਸਮਦੀਦਾਂ ਪਾਸੋਂ ਇਕੱਤਰ ਕੀਤੀ ਜਾਣਕਾਰੀ ਨੂੰ ਇਸ ਪੁਸਤਕ ਵਿਚ ਦਰਜ਼ ਕਰਨ ਦਾ ਇਤਿਹਾਸਕ ਕਾਰਜ ਕੀਤਾ ਹੈ।
ਹੁਣ ਇਸ ਦੇ ਚਾਰ ਭਾਗਾਂ ਨੂੰ ਸੰਗ੍ਰਹਿਤ ਕਰਕੇ ਸੰਸਾਰ ਭਰ ਦੇ ਲੋਕਾਂ ਨੂੰ ਸਿੱਖਾਂ ਵਿਰੁੱਧ ਵਾਪਰੇ ਇਸ ਸ਼ਰਮਨਾਕ ਖ਼ੂਨੀ ਕਾਂਡ ਦੇ ਵੇਰਵਿਆਂ ਤੋਂ ਜਾਣੂ ਕਰਵਾਉਣ ਦਾ ਧਰਮ ਪ੍ਰਚਾਰ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਉਸ ਸਮੇਂ ਦੀ ਕਾਂਗਰਸ ਸਰਕਾਰ ਦੁਆਰਾ ਸਿੱਖ ਕੌਮ ਉਪਰ ਕੀਤੇ ਜ਼ੁਲਮਾਂ ਨੂੰ ਸੱਦਾ ਤਾਜਾ ਰੱਖੇਗੀ। ਪੁਸਤਕ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਇਹ ਇਕ ਇਤਿਹਾਸਕ ਸਰੋਤ ਹੈ ਜੋ ਆਉਂਦੇ ਸਮੇਂ ਅੰਦਰ ਨੌਜਵਾਨੀ ਨੂੰ ਸਿੱਖਾਂ ’ਤੇ ਹੋਏ ਜ਼ੁਲਮਾਂ ਤੋਂ ਜਾਣੂ ਕਰਵਾਉਂਦਾ ਰਹੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਓਐਸਡੀ. ਡਾ. ਅਮਰੀਕ ਸਿੰਘ ਲਤੀਫ਼ਪੁਰ, ਡਾ. ਸੁਖਬੀਰ ਸਿੰਘ, ਡਾ. ਸੂਬਾ ਸਿੰਘ, ਸ. ਗੁਰਮੀਤ ਸਿੰਘ ਆਦਿ ਹਾਜ਼ਰ ਸਨ।