ਅਸ਼ੋਕ ਵਰਮਾ
ਬਠਿੰਡਾ, 16 ਅਗਸਤ 2020 - ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਵੱਲੋਂ ਚੜਦੇ ਅਤੇ ਲਹਿੰਦੇ ਪੰਜਾਬ ਦੇ ਸ਼ਾਇਰਾਂ ਦਾ ਇੱਕ ਮੁਸ਼ਾਇਰਾ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਆਜ਼ਮ ਮਲਿਕ ਨੇ ਕੀਤੀ ।ਸਭਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਨੇ ਸਭ ਤੋਂ ਪਹਿਲਾਂ ਮਹਿਮਾਨ ਅਤੇ ਬਾਕੀ ਸ਼ਾਇਰਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਉਨਾਂ ਹਾਲ ਹੀ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਉਰਦੂ ਜ਼ੁਬਾਨ ਦੇ ਹਿੰਦੋਸਤਾਨੀ ਸ਼ਾਇਰ ‘ਰਾਹਤ ਇੰਦੌਰੀ‘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਹੀ ਸ਼ੇਅਰ ਨਾਲ “ਜਬ ਮੈਂ ਮਰ ਜਾਊ ਤੋ ਮੇਰੀ ਅਲੱਗ ਪਹਿਚਾਨ ਲਿਖ ਦੇਣਾ, ਲਹੂ ਸੇ ਮੇਰੀ ਪੇਸ਼ਾਨੀ ਪੇ ਹਿੰਦੁਸਤਾਨ ਲਿਖ ਦੇਣਾ“ ਨਾਲ ਕਾਵਿ ਸ਼ਰਧਾਂਜਲੀ ਭੇਂਟ ਕੀਤੀ। ਸੁਰਿੰਦਰ ਘਣੀਆਂ ਨੇ ਬੁੱਲੇ ਸ਼ਾਹ, ਵਾਰਿਸ ਸ਼ਾਹ,ਤਹਿਜ਼ੀਫ ਹਾਫ਼ੀ, ਬਾਬਾ ਨਜ਼ਮੀ, ਅੰਮਿ੍ਰਤਾ ਪ੍ਰੀਤਮ, ਪ੍ਰੋ ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਦੀਪਕ ਜੈਤੋਈ, ਸੁਰਜੀਤ ਪਾਤਰ, ਡਾ. ਜਗਤਾਰ ਆਦਿ ਸ਼ਾਇਰਾਂ ਦੀਆਂ ਪ੍ਰਸਿੱਧ ਕਾਵਿ ਤੁਕਾਂ ਬੋਲਦਿਆਂ ਆਪਣੇ ਕਲਾਮ ਕਹਿਣ ਲਈ ਸ਼ਾਇਰਾਂ ਨੂੰ ਪੇਸ਼ ਕੀਤਾ।
ਇਸ ਮੁਸ਼ਾਇਰੇ ਦੇ ਵਿੱਚ ਲਹਿੰਦੇ ਪੰਜਾਬ ਤੋਂ ਜਨਾਬ ਆਜਮ ਮਲਿਕ, ਮੁਸਤਫਾ ਅਨਵਰ, ਮੁਹਤਰਮਾ ਅੰਜਮ ਕੁਰੈਸ਼ੀ, ਰਕਸ਼ੰਦਾ ਨਵੀਦ, ਨਦੀਮ ਅਫਜ਼ਲ ਅਤੇ ਚੜਦੇ ਪੰਜਾਬ ਦੇ ਸ਼ਾਇਰਾਂ ਵਿੱਚੋਂ ਅਮਰਜੀਤ ਹਰੜ, ਦਵੀ ਸਿੱਧੂ ,ਜਸਪਾਲ ਜੀਤ, ਸੁਰਿੰਦਰਪ੍ਰੀਤ ਘਣੀਆਂ, ਪਵਨ ਨਾਦ, ਭੁਪਿੰਦਰ ਸੰਧੂ, ਗੁਰਸੇਵਕ ਚੁੱਘੇ ਖੁਰਦ, ਲੀਲਾ ਸਿੰਘ ਰਾਏ, ਅਮਨਦੀਪ ਕੌਰ ਮਾਨ, ਗੁਰਵਿੰਦਰ ਸਿੱਧੂ, ਅਮਰ ਸਿੰਘ ਸਿੱਧੂ, ਨਿਰੰਜਣ ਸਿੰਘ ਪ੍ਰੇਮੀ, ਕਟਾਰੀਆ ਕੁਲਵਿੰਦਰ, ਹਰਦਰਸ਼ਨ ਸੋਹਲ, ਕੁਲਦੀਪ ਬੰਗੀ, ਅਮਰੀਕ ਪਾਠਕ ਆਦਿ ਸਾਇਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਰਾਹੀਂ ਪਿਆਰ, ਮੁਹੱਬਤ, ਸਾਂਝੀਵਾਲਤਾ, ਨੇੜਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ। ਅੰਜਮ ਕੁਰੈਸ਼ੀ ਦੀਆਂ ਰਚਨਾਵਾਂ ਦੀ ਸੁਰ ਨਾਰੀਵਾਦੀ ਚੇਤਨਾ ਨਾਲ ਸਬੰਧਤ ਰਹੀ। ਇਸ ਮੌਕੇ ਲਹਿੰਦੇ ਪੰਜਾਬ ਦੀ ਸ਼ਇਰਾ ਰਕਸ਼ੰਦਾ ਨਵੀਦ ਨੇ ਆਪਣੇ ਪਿੱਤਰੀ ਸ਼ਹਿਰ ਅੰਮ੍ਰਿਤਸਰ ਨਾਲ ਸਬੰਧਤ ਇੱਕ ਨਜ਼ਮ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ।
ਮੁਸ਼ਇਰੇ ਦੇ ਪ੍ਰਧਾਨ ਜਨਾਬ ਆਜਮ ਮਲਿਕ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਸਾਰੇ ਹੀ ਸ਼ਾਇਰਾਂ ਦੀਆਂ ਰਚਨਾਵਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਜ਼ੁਬਾਨ ਦਾ ਸਾਹਿਤ ਸੰਸਾਰ ਦੀ ਕਿਸੇ ਵੀ ਭਾਸ਼ਾ ਤੋਂ ਪਿੱਛੇ ਨਹੀਂ। ਇਸ ਦੇ ਨਾਲ ਉਨਾਂ ਇਹ ਵੀ ਕਿਹਾ ਕਿ ਕਿ ਬੋਲੀ ਦੀ ਸਾਂਝ ਮਨੁੱਖਤਾ ਲਈ ਸਭ ਤੋਂ ਵੱਡੀ ਸਾਂਝ ਹੁੰਦੀ ਹੈ ਤੇ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਾਂਝਾਂ ਦਾ ਪੁਲ ਬਣਾ ਕੇ ਇੱਕ ਦੂਸਰੇ ਦੇ ਹੋਰ ਨੇੜੇ ਹੋਣਾ ਚਾਹੀਦਾ ਹੈ। ਇਸ ਮੌਕੇ ਉਨਾਂ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ।
ਇਸ ਪ੍ਰੋਗਰਾਮ ਨਾਲ ਲਹਿੰਦੇ ਪੰਜਾਬ ਤੋਂ ਅਜਮਲ ਸ਼ਰੀਫ਼ ਅਤੇ ਚੜਦੇ ਪੰਜਾਬ ਤੋਂ ਸਭਾ ਦੇ ਮੁੱਖ ਸਰਪਰੱਸਤ ਡਾ. ਅਜੀਤਪਾਲ ਸਿੰਘ, ਸਲਾਹਕਾਰ ਅਮਰਜੀਤ ਪੇਂਟਰ, ਸੁਖਦਰਸ਼ਨ ਗਰਗ, ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਭਾਰਤੀ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਸ਼ਾਇਰ ਦਰਸ਼ਨ ਬੁੱਟਰ, ਸੁਸੀਲ ਦੁਸਾਂਝ, ਮੱਖਣ ਕੁਹਾੜ, ਹਰਵਿੰਦਰ ਐੱਚ. ਐੱਸ., ਸੁਖਵੀਰ ਕੌਰ ਸਰਾਂ, ਰਾਜਦੀਪ ਕੌਰ ਸਿੱਧੂ, ਕੁਲਵਿੰਦਰ ਰਾਜਪਾਲ, ਸੁਖਵੀਰ ਸੂਹੇ ਅੱਖਰ, ਮੰਗਤ ਕੁਲਜਿੰਦਰ, ਸਿਕੰਦਰ ਚੰਦ ਭਾਨ ਆਦਿ ਵੀ ਸਾਰਾ ਸਮਾਂ ਜੁੜੇ ਰਹੇ, ਜਿਨਾਂ ਨੇ ਮੁਸ਼ਾਇਰੇ ਦਾ ਭਰਪੂਰ ਅਨੰਦ ਮਾਣਿਆ ।ਅਖੀਰ ਵਿੱਚ ਸਭਾ ਦੇ ਸਲਾਹਕਾਰ ਅਤੇ ਨਾਵਲਕਾਰ ਪ੍ਰਿੰ. ਜਗਮੇਲ ਜਠੌਲ ਨੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਸ਼ਾਇਰਾਂ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਲਿਖਤੀ ਪ੍ਰੈਸ ਨੋਟ ਰਾਹੀਂ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸੰਧੂ ਅਤੇ ਸਕੱਤਰ ਡਾ. ਜਸਪਾਲ ਜੀਤ ਨੇ ਸਾਂਝੀ ਕੀਤੀ।