ਜਲ ਕਣ: ਰਚਨਾਤਮਕ ਪਰਤਾਂ ਅਤੇ ਪਾਸਾਰ
ਡਾਃ ਮਨਜਿੰਦਰ ਸਿੰਘ (ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸਾਹਿਬ)
ਅਜੋਕੇ ਪੰਜਾਬੀ ਕਾਵਿ ਜਗਤ ਵਿੱਚ ਗੁਰਭਜਨ ਗਿੱਲ ਇਕ ਅਜਿਹੇ ਵਿਲੱਖਣ ਹਸਤਾਖਰ ਹਨ ਜਿਨ੍ਹਾਂ ਦੀ ਸ਼ਾਇਰੀ ਵਿੱਚ ਲੋਕ ਕਾਵਿ ਵਰਗੀ ਰਵਾਨੀ ਹੈ। ਉਹ ਪੰਜਾਬ ਦੇ ਸਮੂਹਿਕ ਮਨ ਦੀ ਪ੍ਰਤੀਨਿਧਤਾ ਕਰਨ ਵਾਲੇ ਕਵੀ ਹਨ। ਉਨ੍ਹਾਂ ਦੀ ਕਲਮ ਸਮਾਜ ਦੀ ਹਰ ਵਧੀਕੀ ਦੇ ਖ਼ਿਲਾਫ਼ ਨਿਧੜਕ ਹੋ ਕੇ ਅਵਾਜ਼ ਬੁਲੰਦ ਕਰਨ ਦੀ ਜੁਰਅੱਤ ਰੱਖਦੀ ਹੈ। ਉਨ੍ਹਾਂ ਸੋਲਾਂ ਕਾਵਿ ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਅਦਬ ਦੀ ਅਮੀਰੀ ਵਿੱਚ ਨਿੱਗਰ ਵਾਧਾ ਕੀਤਾ ਹੈ। ਇਸ ਮਾਨਵਵਾਦੀ ਸ਼ਾਇਰ ਦੀਆਂ ਲਿਖਤਾਂ ਦਾ ਲੋਕ ਭਾਸ਼ਾਈ ਮੁਹਾਵਰਾ ਪੰਜਾਬੀ ਲੋਕ - ਮਨ ਨੂੰ ਟੁੰਬਣ ਦੀ ਅਥਾਹ ਸਮਰੱਥਾ ਰੱਖਦਾ ਹੈ। ਉਨ੍ਹਾਂ ਦੀ ਸਿਰਜਣਾਤਮਕ ਕਲਪਨਾ ਖੁੱਲ੍ਹੀ ਕਵਿਤਾ ,ਗੀਤ ,ਗ਼ਜ਼ਲ , ਬੈਂਤ ਤੇ ਰੁਬਾਈ ਆਦਿ ਵਿਭਿੰਨ ਵੰਨਗੀਆਂ ਦਾ ਰੂਪ ਧਾਰ ਕੇ ਸਾਕਾਰ ਹੋਈ ਹੈ।
'ਜਲ ਕਣ' ਰੁਬਾਈ ਸੰਗ੍ਰਹਿ ਹੈ। ਰੁਬਾਈ ਅਰਬੀ ਭਾਸ਼ਾ ਦਾ ਸ਼ਬਦ ਹੈ। ਰੁਬਾਈ ਵੀ ਪੰਜਾਬੀ ਸਾਹਿਤ ਵਿਚ ਗ਼ਜ਼ਲ ਵਾਂਗ ਅਰਬੀ ਫਾਰਸੀ ਅਤੇ ਉਰਦੂ ਭਾਸ਼ਾਵਾਂ ਰਾਹੀਂ ਦਾਖ਼ਲ ਹੋਈ ਹੈ। ਅਰਬੀ ਭਾਸ਼ਾ ਵਿੱਚ ਇਸ ਦਾ ਵਿਸ਼ੇਸ਼ ਛੰਦ ਪ੍ਰਬੰਧ ਹੈ। ਇਹ ਮੰਨਿਆ ਜਾਂਦਾ ਹੈ ਕਿ ਰੁਬਾਈ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ਰਬਾਸ ਤੋਂ ਬਣਿਆ ਹੈ। ਰੂਬੀ ਦਾ ਅਰਥ ਹੈ ਚਾਰ ਇਸ ਕਰਕੇ ਕੇਵਲ ਚਾਰ ਸਤਰਾਂ ਵਾਲੀ ਕਵਿਤਾ ਨੂੰ ਰੁਬਾਈ ਕਿਹਾ ਜਾਣ ਲੱਗ ਪਿਆ। ਰੁਬਾਈ ਦੀਆਂ ਚਾਰ ਤੁਕਾਂ ਵਿਚੋਂ ਪਹਿਲੀ, ਦੂਜੀ ਅਤੇ ਚੌਥੀ ਦਾ ਤੁਕਾਂਤ ਇੱਕੋ ਜਿਹੇ ਕਾਫ਼ੀਏ ਵਾਲਾ ਹੁੰਦਾ ਹੈ ਪਰ ਤੀਸਰੀ ਤੁਕ ਦਾ ਕਾਫ਼ੀਆ ਵੱਖਰਾ ਹੁੰਦਾ ਹੈ।
ਹਥਲੇ ਰੁਬਾਈ ਸੰਗ੍ਰਹਿ ਦਾ ਸਿਰਲੇਖ 'ਜਲ ਕਣ' ਇਕ ਅਜਿਹਾ ਸਮਾਸ ਹੈ। ਜਿਸਦਾ ਉਚਾਰਨ ਸੰਗੀਤਮਈ ਹੈ। ਇਸ ਦੇ ਅਰਥ ਹੀ ਕਾਵਿਕ ਨਹੀਂ, ਧੁਨੀਆਂ ਵੀ ਕਾਵਿਕ ਹਨ। ਦੁਨੀਆਂ ਦਾ ਆਪਸੀ ਸੁਮੇਲ ਵੀ ਕਾਵਿਕਤਾ ਦਰਸਾਉਂਦਾ ਹੈ। 'ਜਲ' ਅਰਥਾਤ ਪਾਣੀ ਆਮ ਬੋਲ ਚਾਲ ਵਿੱਚ ਤਾਂ ਪਾਣੀ ਪਿਆਸ ਨਿਵਾਰਨ ਦਾ ਸਾਧਨ ਬਣਦਾ ਹੈ ਪਰ ਸਾਹਿਤਕ ਚੌਗਿਰਦੇ ਵਿੱਚ ਪਾਣੀ ਖ਼ੁਸ਼ੀ, ਗ਼ਮੀ, ਹਯਾ ਦੇ ਸੰਦਰਭ ਵਿੱਚ ਵੀ ਵਿਸ਼ੇਸ਼ ਅਰਥਾਂ ਦਾ ਧਾਰਨੀ ਹੈ। ਜਦ ਅਸੀਂ ਗੁਰਭਜਨ ਗਿੱਲ ਦੇ ਰੁਬਾਈ ਸੰਗ੍ਰਹਿ 'ਜਲ ਕਣ' ਨੂੰ ਗਹੁ ਨਾਲ ਵਾਚਦੇ ਹਾਂ ਤਾਂ ਮਾਲੂਮ ਹੁੰਦਾ ਹੈ ਕਿ ਇਸ ਵਿੱਚ ਮਨੁੱਖੀ ਜਜ਼ਬਿਆਂ ਦੇ ਕਣ ਕਣ ਦਾ ਗਹਿਨ ਅਤੇ ਨਿਕਟ ਅਨੁਭਵ ਸਾਕਾਰ ਹੋਇਆ ਹੈ।
ਗੁਰਭਜਨ ਗਿੱਲ ਦੀਆਂ ਰੁਬਾਈਆਂ ਦਾ ਭਾਸ਼ਾਈ ਮੁਹਾਵਰਾ ਅਖਾਣ ਵਰਗੀ ਲੋਕ ਸਿਆਣਪ ਅਤੇ ਸੂਤਰਿਕ ਸ਼ੈਲੀ ਦਾ ਧਾਰਨੀ ਹੈ। ਸ਼ਾਇਰ ਨੇ ਆਪਣੀ ਗੱਲ ਕਿਸੇ ਓਹਲੇ ਜਾਂ ਪਰਦੇ ਵਿੱਚ ਕਰਨ ਦੀ ਬਜਾਏ ਸਪਸ਼ਟ ਰੂਪ ਵਿੱਚ ਕਹਿ ਕੇ ਜਨ ਸਾਧਾਰਨ ਦੇ ਹਿਰਦੇ ਤੱਕ ਆਪਣੇ ਭਾਵਾਂ ਦੀ ਰਸਾਈ ਕੀਤੀ ਹੈ। ਜੀਵਨ ਦੇ ਬਹੁਪਰਤੀ ਯਥਾਰਥ ਨੂੰ ਦਰਸਾਉਣ ਲਈ ਇਸ ਸ਼ਾਇਰ ਨੇ ਲੋਕ ਸ਼ੈਲੀ ਵਿਚ ਹੀ ਆਪਣੀ ਗੱਲ ਪ੍ਰਗਟਾਈ ਹੈ। ਜ਼ਿੰਦਗੀ ਦੇ ਯਥਾਰਥ ਨੂੰ ਸੰਖੇਪ, ਵਿਅੰਗਮਈ ਰੂਪ ਵਿੱਚ ਦਰਸਾਇਆ ਹੈ। ਸ਼ੁਰੂਆਤੀ ਸਤਰਾਂ ਹੀ ਮਨੁੱਖੀ ਸਮਾਜ ਦੇ ਯਥਾਰਥ ਨੂੰ ਬਾਖ਼ੂਬੀ ਦਰਸਾਉਂਦੀਆਂ ਹਨ ਕਿ ਇੱਥੇ ਹਰ ਕੋਈ ਗ਼ਰਜ਼ਾਂ ਖਾਤਰ ਬੇਵੱਸ ਹੈ:
ਤੱਕਿਆ ਨਾ ਸੀ, ਸੁਣਿਆ ਸੀ ਕਿ ਐਸੀ ਰੁੱਤ ਵੀ ਆਉਂਦੀ ਹੈ।
ਪੈਰੀਂ ਪਾ ਗ਼ਰਜ਼ਾਂ ਦੀ ਝਾਂਜਰ, ਤਾਕਤ ਨਾਚ ਨਚਾਉਂਦੀ ਹੈ।
ਜਿਸ ਬੋਰੀ ਦਾ ਥੱਲਾ ਕੱਟਿਆ, ਉਹਨੂੰ ਕੋਈ ਨਾ ਭਰ ਸਕਦਾ,
ਚਾਪਲੂਸ ਨੂੰ ਸ਼ੀਸ਼ੇ ਵਿੱਚ ਵੀ ਕੁਰਸੀ ਨਜ਼ਰੀਂ ਆਉਂਦੀ ਹੈ।
ਸ਼ਾਇਰ ਨੇ ਸਮੁੱਚੇ ਸਮਾਜ ਦੀ ਪ੍ਰਤੀਨਿਧਤਾ ਕਰਦਿਆਂ ਨਿਮਨ ਕਿਸਾਨੀ ਦੀ ਬਾਤ ਬਾਖ਼ੂਬੀ ਪਾਈ ਹੈ। ਉਸ ਨੇ ਥੁੜ੍ਹਾਂ ਮਾਰੇ ਲੋਕਾਂ ਦੀ ਧੁਰ ਅੰਦਰਲੀ ਬੇਵਸੀ ਨੂੰ ਢੁਕਵੀਂ ਸ਼ਬਦਾਵਲੀ ਰਾਹੀਂ ਦਰਸਾਇਆ ਹੈ ਕਿ ਕਿਵੇਂ ਸਰਮਾਏਦਾਰ ਧਿਰ ਇਨ੍ਹਾਂ ਨੂੰ ਹੱਥ ਮਲ਼ਣ ਜੋਗੇ ਬਣਾ ਧਰਦੀ ਹੈ। ਅੰਨਦਾਤਾ ਵਜੋਂ ਜਾਣਿਆ ਜਾਂਦਾ ਕਿਸਾਨ ਕਿਵੇਂ ਇਸ ਸਰਮਾਏਦਾਰੀ ਦੀ ਭੇਟ ਚਡ਼੍ਹਿਆ 'ਮੰਗਤਾ' ਬਣ ਚੁੱਕਾ ਹੈ। ਅਧੀਨਗੀ ਹੰਢਾ ਰਹੇ ਇਸ ਵਰਗ ਦੀ ਬੇਵਸੀ ਨੂੰ ਸ਼ਾਇਰ ਇਉਂ ਦਰਸਾਉਂਦਾ ਹੈ:
ਸਾਡੀ ਰੱਤ ਦੇ ਨਾਲ ਪਲੇਂ ਤੂੰ, ਤੁਰ ਜੇੰ ਸੇਠ ਦੀ ਬਣ ਕੇ।
ਸਾਡੇ ਪੱਲੇ ਤੂੜੀ ਰਹਿ ਜੇ, ਕਿੰਝ ਤੁਰੀਏ ਹਿੱਕ ਤਣ ਕੇ।
ਗਲ ਵਿੱਚ ਫਾਹੀ ਫ਼ਰਜ਼ ਤੇ ਪੈਰੀਂ ਕਰਜ਼ ਜ਼ੰਜੀਰੀ ਛਣਕੇ ,
ਦਿਲ ਵਿੱਚ ਰੀਝ ਬੜੀ,ਕਦੋਂ ਰਹੇਂਗੀ ਤੂੰ ਸਾਡੀ ਬਣਕੇ।
ਸਮਾਜ ਦੀ ਬਾਤ ਪਾਉਂਦਿਆਂ ਸ਼ਾਇਰ 'ਮਾਂ' ਤੋਂ ਆਪਣੀ ਗੱਲ ਦੀ ਸ਼ੁਰੂਆਤ ਕਰਦਾ ਹੈ। ਮਾਂ ਵੱਲੋਂ ਮਿਲੀ ਮੁੱਢਲੀ ਸਿੱਖਿਆ ਮਨੁੱਖੀ ਜੀਵਨ ਦੀ ਕਾਮਯਾਬੀ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਅਸਲ ਵਿਚ ਮਾਂ ਪਹਿਲੀ ਅਧਿਆਪਕ ਹੁੰਦੀ ਹੈ ਇਸ ਤੋਂ ਬੱਚੇ ਨੂੰ ਮਾਂ ਬੋਲੀ ਦਾ ਪਹਿਲਾ ਸੰਚਾਰ ਮਿਲਦਾ ਹੈ ਮਾਂ ਦੀ ਬੁੱਕਲ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ:
ਬਿਨ ਬੋਲੇ ਮਾਂ ਸਬਕ ਪੜ੍ਹਾਵੇ।
ਅੱਖਰ-ਅੱਖਰ ਘੋਲ ਪਿਲਾਵੇ।
ਬੁੱਕਲ ਵੀ ਇੱਕ ਪਾਠਸ਼ਾਲਾ ਹੈ,
ਕੁਲ ਦੁਨੀਆਂ ਨੂੰ ਇਹ ਸਮਝਾਵੇ।
ਸ਼ਾਇਰ ਨੇ ਮਾਨਵੀ ਰਿਸ਼ਤਿਆਂ ਦੇ ਜਟਿਲ ਯਥਾਰਥ ਨੂੰ ਵੀ ਬਾਖ਼ੂਬੀ ਚਿਤਰਿਆ ਹੈ। ਜੇਕਰ ਰਿਸ਼ਤਿਆਂ ਦੀਆਂ ਸਾਂਝਾਂ ਦਾ ਆਧਾਰ ਵੀ ਮੌਸਮਾਂ ਵਾਂਗ ਆਪਣਾ ਮਿਜਾਜ਼ ਬਦਲਣ ਲੱਗ ਪਏ ਤਾਂ ਇਤਬਾਰ ਵਰਗਾ ਸ਼ਬਦ ਅਰਥਹੀਣ ਹੋ ਜਾਂਦਾ ਹੈ। ਸ਼ਾਇਰ ਕਿਸੇ ਵੀ ਵਰਤਾਰੇ ਪ੍ਰਤੀ ਇਕੋ ਕੌਣ ਤੋਂ ਗੱਲ ਕਰਨ ਦੀ ਬਜਾਏ ਸਰਬਾਂਗੀ ਬਿਰਤੀ ਦਾ ਧਾਰਨੀ ਹੈ। ਰਿਸ਼ਤਿਆਂ ਬਾਰੇ ਗੱਲ ਕਰਦਿਆਂ ਕਵੀ ਨੇ ਨਿਰੋਲ ਨਿਰਾਸ਼ਾ ਦਾ ਆਲਮ ਹੀ ਨਹੀਂ ਸਿਰਜਿਆ। ਉਸ ਨੇ ਬੇਭਰੋਸਗੀ ਦੇ ਬਰਾਬਰ ਆਸ ਦੀ ਕਿਰਨ ਉਪਜਾਉਂਦਿਆਂ ਧੁਰ ਨਿਭਣ ਵਾਲੇ ਰਿਸ਼ਤਿਆਂ ਦੀ ਬਾਤ ਵੀ ਥਾਂ ਪਰ ਥਾਂ ਪਾਈ ਹੈ:
ਪੱਤਝੜ ਵਾਂਗੂੰ ਕਿੰਨੇ ਰਿਸ਼ਤੇ, ਮੌਸਮ ਬਦਲਿਆਂ ਝੜ ਜਾਂਦੇ ਨੇ ।
ਟਾਹਣੀਓਂ ਟੁੱਟੇ, ਨਜ਼ਰੋਂ ਓਹਲੇ, ਧਰਤੀ ਵਿੱਚ ਗਲ ਸੜ ਜਾਂਦੇ ਨੇ ।
ਵਾਂਗ ਜੜ੍ਹਾਂ ਦੇ ਨਿਭਦੇ ਵਿਰਲੇ, ਸ਼ਕਤੀ ਬਣਕੇ ਉਮਰੋਂ ਲੰਮੀ,
ਵਗੇ ਹਨ੍ਹੇਰੀ, ਆਵੇ ਝੱਖੜ, ਹਰ ਸੰਕਟ ਵਿੱਚ ਅੜ ਜਾਂਦੇ ਨੇ।
ਜ਼ਿੰਦਗੀ ਦੇ ਯਥਾਰਥ ਨੂੰ ਬਿਆਨਣ ਲੱਗਿਆ ਇਹ ਸ਼ਾਇਰ ਕਿਧਰੇ ਵੀ ਬੇਲੋੜੇ ਵਿਸਥਾਰ ਵਿਚ ਨਹੀਂ ਜਾਂਦਾ। ਉਸ ਦੀ ਹਰ ਗੱਲ ਲੋਕ ਸਿਆਣਪ ਵਰਗੀ ਜਾਪਦੀ ਹੈ। ਵਿਸ਼ਵੀਕਰਨ ਦੇ ਮਾਰੂ ਪ੍ਰਭਾਵਾਂ ਵਰਗੇ ਪੇਚੀਦਾ ਵਿਸ਼ੇ ਨੂੰ ਸ਼ਾਇਰ ਨੇ ਬਹੁਤ ਹੀ ਸਰਲ ਅੰਦਾਜ਼ ਵਿੱਚ ਦਰਸਾਇਆ ਹੈ। ਮੰਡੀ ਕਿਸ ਕਦਰ ਕਿਸੇ ਕੌਮ ਦੀ ਹੋਂਦ ਮਿਟਾਉਣ ਲਈ ਘਾਤਕ ਸਾਬਤ ਹੋ ਸਕਦੀ ਹੈ, ਇਸ ਦਾ ਬਹੁਤ ਹੀ ਢੁੱਕਵੇਂ ਅੰਦਾਜ਼ ਵਿਚ ਜ਼ਿਕਰ ਕੀਤਾ ਹੈ। ਮੰਡੀ ਦੇ ਨਿਸ਼ਾਨੇ ਤੇ ਥਿੜਕਦੀ ਮਾਨਸਿਕਤਾ ਦੀ ਬਾਤ ਇਉਂ ਪਾਈ ਹੈ:
ਹਮਲਾ ਕਰਨੋਂ ਪਹਿਲਾਂ ਕਹਿੰਦੇ, ਸ਼ੇਰ ਕਦੇ ਵੀ ਸ਼ੋਰ ਨਾ ਪਾਵੇ ।
ਜਿਸ ਨੂੰ ਉਸ ਨੇ ਖਾਣਾ ਹੋਵੇ, ਉਸੇ ਤੇ ਹੀ ਘਾਤ ਲਗਾਵੇ ।
ਇਹ ਦਾਅ ਹੁਣ ਤਾਂ ਮੰਡੀ ਤੇ ਬਾਜ਼ਾਰਾਂ ਨੇ ਵੀ ਸਿੱਖ ਲਿਆ ਹੈ,
ਜਿਸ ਦੀ ਹੋਂਦ ਮਿਟਾਉਣੀ ਹੋਵੇ, ਉਸ ਦੇ ਨਾਲ ਹੀ ਨੇੜ ਵਧਾਵੇ ।
ਸਮਾਜ ਦੇ ਚਾਨਣ ਮੁਨਾਰਿਆਂ ਦੇ ਲੀਹੋਂ ਲੱਥਣ ਦੀ ਗੱਲ ਸ਼ਾਇਰ ਨੇ ਪ੍ਰਤੀਕਾਤਮਕ ਸੰਦਰਭ ਵਿਚ ਕੀਤੀ ਹੈ। 'ਸੂਰਜ' ਭਾਰਤੀ ਪਰੰਪਰਾ ਵਿੱਚ ਗਿਆਨ ਦਾ ਪ੍ਰਤੀਕ ਹੈ। ਇਸੇ ਸੰਦਰਭ ਵਿੱਚ ਇਸ ਦਾ ਹਵਾਲਾ ਭਾਈ ਗੁਰਦਾਸ ਜੀ ਦੀ 27ਵੀਂ ਵਾਰ ਵਿੱਚ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।'
ਸੋ ਕਾਵਿ ਜਗਤ ਵਿੱਚ ਸੂਰਜ ਬਨਾਮ ਹਨ੍ਹੇਰਾ ਅਸਲ ਵਿਚ ਗਿਆਨ ਬਨਾਮ ਅਗਿਆਨਤਾ ਦਾ ਦਵੰਦ ਹੈ। ਇਨ੍ਹਾਂ ਚਾਨਣ ਮੁਨਾਰਿਆਂ ਦੁਆਰਾ ਸਰਮਾਏ ਦੇ ਲੋਭ ਨੂੰ ਪ੍ਰਮੁੱਖਤਾ ਦੇਣ ਦੇ ਰੁਝਾਨ ਦਾ ਖੰਡਨ ਕੀਤਾ ਗਿਆ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਰਾਹ ਦਸੇਰੇ ਆਪਣੀ ਸੇਵਾ ਭਾਵਨਾ ਦਾ ਤਿਆਗ ਕਰਕੇ ਜਗੀਰਦਾਰੀ ਬਿਰਤੀ ਦੇ ਧਾਰਨੀ ਹੋ ਰਹੇ ਹਨ।
ਇਹ ਧਿਰ ਅਣਭੋਲ ਲੋਕਾਂ ਦੀ ਜੀਵਨ- ਜੋਤ ਨੂੰ ਵੀ ਆਪਣੀ ਨਿਜੀ ਮਲਕੀਅਤ ਸਮਝਣੋਂ ਗੁਰੇਜ਼ ਨਹੀਂ ਕਰ ਰਹੀ। ਇਸ ਪ੍ਰਕਾਰ ਦੋਹਰਾ ਕਿਰਦਾਰ ਹੰਢਾ ਰਹੇ ਹਰ ਵਰਗ ਨੂੰ ਸ਼ਾਇਰ ਬੇਨਕਾਬ ਕਰ ਰਿਹਾ ਹੈ:
ਸੂਰਜ ਵੀ ਤੂੰ ਚੀਰ ਲਿਆ ਹੈ, ਮੈਂ ਅੱਧੇ ਨੂੰ ਕੀ ਕਰਨਾ ਹੈ।
ਇੱਕੋ ਬਾਂਹ ਦੇ ਨਾਲ ਭਲਾ ਮੈਂ, ਅਗਨ ਸਮੁੰਦਰ ਕਿੰਜ ਤਰਨਾ ਹੈ।
ਤੇਰੀ ਨੀਤੀ ਵਿੱਚ ਬਦਨੀਤੀ, ਤੂੰ ਵੇਚੇੰਗਾ ਸਾਨੂੰ ਕਿਰਨਾਂ,
ਫੇਰ ਕਹੇਂਗਾ, ਮੈਂ ਦੱਸਾਂਗਾ, ਕਿਸ ਬੰਦੇ ਨੇ ਕਿੰਜ ਮਰਨਾ ਹੈ।
ਸ਼ਾਇਰ ਦੁਆਰਾ ਆਪਣੇ ਸਮਕਾਲੀ ਅਤੇ ਹਮਖ਼ਿਆਲ ਸ਼ਾਇਰ ਬਾਬਾ ਨਜਮੀ ਦਾ ਜ਼ਿਕਰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਮੁੱਢ ਕਦੀਮੀ ਸਾਂਝ ਦੀ ਝਲਕ ਪੇਸ਼ ਕਰਦਾ ਹੈ। ਉਸ ਨੇ ਸਥਾਪਤੀ ਦੇ ਵਿਰੁੱਧ ਬੇਬਾਕ ਹੋਣ ਵਾਲੇ ਹਰ ਸ਼ਖ਼ਸ ਦੀ ਗੱਲ ਖੁੱਲ੍ਹਦਿਲੀ ਨਾਲ ਕੀਤੀ ਹੈ। ਬਾਬਾ ਨਜਮੀ ਦਾ ਜ਼ਿਕਰ ਦੋਹਾਂ ਪੰਜਾਬਾਂ ਦੀ ਸਾਂਝ ਦੀ ਸੁਰ ਛੇੜਦਾ ਹੈ। ਸਰਹੱਦੋਂ ਪਾਰ ਵਸਦੇ ਸ਼ਾਇਰ ਦਾ ਜ਼ਿਕਰ ਇਸ ਗੱਲ ਦੀ ਗਵਾਹੀ ਹੈ ਕਿ ਸ਼ਬਦਾਂ ਦੀ ਸਾਂਝ ਦਾ ਦਾਇਰਾ ਸਦਾ ਰਾਜਨੀਤਕ ਹੱਦਾਂ ਤੋਂ ਵਸੀਹ ਹੁੰਦਾ ਹੈ। ਮਾਨਵਵਾਦੀ ਕਲਮਾਂ ਦੇਸ਼ਾਂ- ਦੇਸ਼ਾਂਤਰਾਂ ਵਿੱਚ ਉਲਝਣ ਦੀ ਬਜਾਏ ਮਨੁੱਖਤਾ ਦੇ ਸਰਬ ਸਾਂਝੇ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ:
ਬਾਬਾ ਨਜਮੀ ਸ਼ਬਦ ਬਾਣ ਦਾ ਬਿਲਕੁਲ ਜਿੱਸਰਾਂ ਦੂਜਾ ਨਾਂ ਹੈ।
ਜਿਸ ਉੱਪਰ ਇਹ ਹੱਲਾ ਬੋਲੇ, ਮਰਨ ਲਈ ਉਹ ਲੱਭਦਾ ਥਾਂ ਹੈ।
ਜਦੋਂ ਬੋਲਦੈ ਭਰੀ ਸਭਾ ਵਿੱਚ ਜਾਂ ਕਿਧਰੇ ਜਲਸੇ ਵਿਚ ਗੱਜੇ,
ਲੱਗਦੈ, ਇਹਦਾ ਸੂਰਜ ਬਾਬਲ, ਧਰਤੀ ਇਸ ਦੀ ਸਕੀ ਮਾਂ ਹੈ।
ਪਰੰਪਰਾ ਵਿੱਚ ਸਭ ਕੁਝ ਮਾਣ-ਮੱਤਾ ਹੀ ਨਹੀਂ ਹੁੰਦਾ ਸਗੋਂ ਇਸ ਵਿੱਚ ਬਹੁਤ ਕੁਝ ਨਕਾਰਨਯੋਗ ਵੀ ਹੁੰਦਾ ਹੈ। ਆਲੋਚਨਾਤਮਕ ਸੂਝ ਆਪਣੀ ਪਰੰਪਰਾ ਦੀ ਨਿਰੋਲ ਸਰਾਹਨਾ ਕਰਨ ਦੀ ਬਜਾਏ ਇਸ ਵਿਚਲੀਆਂ ਕੁਰੀਤੀਆਂ ਪ੍ਰਤੀ ਵਿਰੋਧ ਦੀ ਬਿਰਤੀ ਦੀ ਧਾਰਨੀ ਵੀ ਹੁੰਦੀ ਹੈ।
ਗੁਰਭਜਨ ਗਿੱਲ ਨੇ ਪੰਜਾਬ ਦੀ ਪਰੰਪਰਾ ਵਿਚ 'ਭਰੂਣ ਹੱਤਿਆ' ਵਰਗੇ ਬੇਰਹਿਮ ਵਰਤਾਰੇ ਵਿਰੁੱਧ ਹਾਅ ਦਾ ਨਾਅਰਾ ਵੀ ਮਾਰਿਆ ਹੈ। ਭਰੂਣ ਹੱਤਿਆ ਸਾਡੇ ਸਮਾਜ ਦਾ ਵੱਡਾ ਕੁਹਜ ਹੈ। ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਵਰਤਾਰਾ ਹੈ ਸਮੇਂ ਸਮੇਂ ਪੰਜਾਬ ਦਾ ਲਿੰਗ ਅਨੁਪਾਤ ਵੀ ਸਾਨੂੰ ਇਸ ਪਾਸੇ ਸੋਚਣ ਲਈ ਮਜਬੂਰ ਕਰਦਾ ਹੈ। ਸ਼ਾਇਰ ਨੇ ਭਰੂਣ ਹੱਤਿਆ ਦੇ ਖ਼ਿਲਾਫ਼ ਵੀ ਬਹੁਤ ਹੀ ਸੰਵੇਦਨਾ ਭਰਪੂਰ ਅੰਦਾਜ਼ ਵਿੱਚ ਆਪਣੇ ਹਾਵ ਅਭਿ ਵਿਅਕਤ ਕੀਤੇ ਹਨ। ਇਸੇ ਵਿਸ਼ੇ ਤੇ ਸ਼ਾਇਰ ਵੱਲੋਂ ਲਿਖੀ 'ਲੋਰੀ' ਵੀ ਬੇਹੱਦ ਮਕਬੂਲ ਹੋਈ ਹੈ।
ਸ਼ਾਇਰ ਦੇ ਮਨ ਵਿੱਚ ਅਜਿਹਾ ਕੁਕਰਮ ਕਰਨ ਵਾਲੇ ਸਮਾਜ ਦੇ ਈਮਾਨ ਪ੍ਰਤੀ ਵੀ ਸ਼ੱਕੀ ਭਾਵ ਉਪਜਦੇ ਹਨ:
ਇਸ ਧਰਤੀ ਨੇ ਰੱਖਣੀ ਜੇਕਰ ਕਾਇਮ ਦਾਇਮ ਸ਼ਾਨ ਸਲਾਮਤ।
ਰੱਖਣੀ ਬਹੁਤ ਜ਼ਰੂਰੀ ਮਿੱਤਰੋ ਬਾਲੜੀਆਂ ਦੀ ਜਾਨ ਸਲਾਮਤ।
ਜਿਸ ਬਗ਼ੀਚੇ ਦਾ ਹੀ ਮਾਲੀ ਖਿੜਨੋਂ ਪਹਿਲਾਂ ਡੋਡੀਆਂ ਤੋੜੇ,
ਕਿੱਦਾਂ ਸਾਬਤ ਰਹਿ ਸਕਦਾ ਹੈ, ਉਸ ਨਗਰੀ ਈਮਾਨ ਸਲਾਮਤ।
ਸ਼ਾਇਰ ਦੀ ਸੂਝ ਦੀ ਰਸਾਈ ਦਿਸਦੇ ਤੋਂ ਅਣਦਿਸਦੇ ਯਥਾਰਥ ਤਕ ਹੁੰਦੀ ਹੈ। ਚੜ੍ਹਦੀ ਕਲਾ ਵਾਲੇ ਸ਼ਾਇਰ ਗੁਰਭਜਨ ਗਿੱਲ ਨੇ ਜ਼ਿੰਦਗੀ ਵਿੱਚ ਆਉਣ
ਵਾਲੀਆਂ ਤਮਾਮ ਔਕੜਾਂ ਨੂੰ ਨਿਰਾਸ਼ਾਜਨਕ ਮੰਨਣ ਦੀ ਬਜਾਏ ਉਸਾਰੂ ਬਿਰਤੀ ਦੀਆਂ ਲਖਾਇਕ ਮੰਨਦਾ ਹੈ। ਉਸ ਮੁਤਾਬਿਕ ਮੁਸੀਬਤਾਂ ਇਨਸਾਨ ਦੀ ਸ਼ਖ਼ਸੀਅਤ ਦੀ ਘਾੜਤ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਸ਼ਾਇਰ ਮੁਸੀਬਤਾਂ ਤੋਂ ਭੱਜਣ ਦੀ ਬਜਾਏ ਇਨ੍ਹਾਂ ਦਾ ਸਾਹਮਣਾ ਕਰਨ ਦੀ ਬਿਰਤੀ ਦਾ ਧਾਰਨੀ ਹੈ। ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਜ਼ਿੰਦਗੀ ਵਿਚ ਆਏ ਨਿਰਾਸ਼ਾਜਨਕ ਪਲ ਵੀ ਸਿਰਜਣਾਤਮਕ ਹੋ ਨਿੱਬੜਦੇ ਹਨ:
ਤੇਰੇ ਤੀਕ ਕਦੇ ਨਾ ਪੁੱਜਦਾ, ਜੇ ਮੁਸ਼ਕਲ ਵੰਗਾਰ ਨਾ ਬਣਦੀ।
ਸੁਖ ਦੀ ਛਾਵੇਂ ਸੌਂ ਜਾਂਦਾ ਤਾਂ ਕਿੱਦਾਂ ਫੇਰ ਮੁਸੀਬਤ ਛਣਦੀ।
ਜ਼ਿੰਦਗੀ ਤੇਰਾ ਲੱਖ ਸ਼ੁਕਰਾਨਾ, ਧੁੱਪਾਂ ਦਿੱਤੀਆਂ, ਛਾਵਾਂ ਦਿੱਤੀਆਂ,
ਏਸੇ ਨੇ ਹੀ ਮੈਨੂੰ ਘੜਿਆ, ਸੋਝੀ ਦਿੱਤੀ ਹੈ ਕਣ ਕਣ ਦੀ।
ਸਾਧਾਰਣ ਬੋਲੀ ਵਿੱਚ ਮਨੁੱਖ ਦੇ ਡੂੰਘੇ ਮਨੋਵਿਗਿਆਨਕ ਯਥਾਰਥ ਦੀ ਅਭਿਵਿਅਕਤੀ ਕਰਨਾ ਗੁਰਭਜਨ ਗਿੱਲ ਦੀ ਕਲਮ ਦਾ ਕਮਾਲ ਹੈ। ਸੂਖ਼ਮ ਸਿਰਜਣਾਤਮਕ ਕਲਪਨਾ ਵਾਲੀ ਕਵੀ ਲਈ ਸਥੂਲ ਪ੍ਰਕਿਰਤੀ ਵੀ ਮਨੁੱਖ ਦੇ ਸੂਖ਼ਮ ਜਜ਼ਬਾਤਾਂ ਦੀ ਤਰਜਮਾਨੀ ਹੈ। ਗੁਰਭਜਨ ਗਿੱਲ ਦੀ ਕਵਿਤਾ ਪ੍ਰਕਿਰਤੀ ਦੇ ਜੀਵੰਤ ਰੂਪ ਨੂੰ ਪਛਾਣਦੀ ਹੈ। 'ਜਲ ਚੱਕਰ' (Water Cycle) ਦਾ ਦ੍ਰਿਸ਼ਟਾਂਤ ਸਿਰਜ ਕੇ ਸ਼ਾਇਰ ਨੇ ਅਜੋਕੇ ਮਨੁੱਖ ਨੂੰ ਪ੍ਰਕਿਰਤੀ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਭਾਵਪੂਰਤ ਸੁਨੇਹਾ ਦਿੱਤਾ ਹੈ:
ਤਰੇਲ ਦੇ ਮੋਤੀ ਲਿਸ਼ਕ ਰਹੇ ਨੇ ਟਾਹਣੀ ਟਾਹਣੀ ਬਣਕੇ ਜਲ ਕਣ।
ਸਾਗਰ ਤਪਿਆ ਅੰਬਰੀਂ ਪਹੁੰਚੇ ਸ਼ੀਤਲ ਹੋ ਕੇ ਬਿਰਖੀੰ ਲਮਕਣ।
ਇਹ ਅੱਥਰੂ ਨੇ ਪ੍ਰਕਿਰਤੀ ਦੇ ਨੇਤਰ
ਖੋਲ੍ਹੇ ਦਰਦ ਪਛਾਣੋ,
ਇੱਕ ਤੁਪਕੇ ਵਿੱਚ ਕੀ ਕੁਝ ਬੋਲੇ ਦਮ ਦਮ ਬੋਲੇ ਇਸ 'ਚੋਂ ਕਣ ਕਣ।
ਰੁਬਾਈ ਸੰਗ੍ਰਹਿ 'ਜਲ ਕਣ' ਦੇ ਉਪਰੋਕਤ ਵਰਣਨ ਵਿਸ਼ਲੇਸ਼ਣ ਦੇ ਆਧਾਰ ਤੇ ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰਭਜਨ ਗਿੱਲ ਦੀ ਕਵਿਤਾ ਦਰਅਸਲ ਮਨੁੱਖਤਾ ਦੀ ਕਵਿਤਾ ਹੈ। ਇਹ ਅਸਲ ਪੰਜਾਬੀਅਤ ਦੀ ਕਵਿਤਾ ਹੈ ਇਹ ਅਸਲ ਪੰਜਾਬੀ ਸੰਵੇਦਨਾ ਦੀ ਕਵਿਤਾ ਹੈ। ਜਿਸ ਦੇ ਸਵਾਸ ਸਵਾਸ ਵਿੱਚ ਗੁਰੂਆਂ, ਭਗਤਾਂ ਤੇ ਸੂਫ਼ੀਆਂ ਦਾ ਦਿੱਤਾ ਸਾਂਝੀਵਾਲਤਾ ਵਾਲਾ ਦਰਸ਼ਨ ਸੰਚਾਰਿਤ ਹੈ। ਜਿਸ ਵਿਚ 'ਬਲਿਹਾਰੀ ਕੁਦਰਤ ਵਸਿਆ' ਦਾ ਸਿਧਾਂਤ ਪ੍ਰਵਾਹਿਤ ਹੈ। ਇਸ ਕਵਿਤਾ ਦਾ ਬਾਹਰੀ ਰੂਪਾਕਾਰ ਪੰਜਾਬੀ ਲੋਕ- ਮੁਹਾਵਰੇ ਵਾਲਾ ਹੈ ਪਰ ਇਸ ਵਿਚ ਪ੍ਰਵਾਹਿਤ ਵਿਸ਼ਾਲ ਦਾਰਸ਼ਨਿਕ ਦ੍ਰਿਸ਼ਟੀ ਇਸ ਨੂੰ ਹਰ ਤਰ੍ਹਾਂ ਦੀਆਂ ਭੂਗੋਲਿਕ ਅਤੇ ਸੱਭਿਆਚਾਰਕ ਹੱਦਾਂ ਤੋਂ ਪਾਰ ਸਰਬ ਸਾਂਝੀ ਮਾਨਵੀ ਸੰਵੇਦਨਾ ਦੀ ਕਵਿਤਾ ਬਣਾ ਦਿੰਦੀ ਹੈ।